ਬਲਵੰਤ ਰਾਜੋਆਣਾ ਨੇ ਜੇਲ ਵਿੱਚੋਂ ਚਿੱਠੀ ਲਿਖ ਕੇ ਸਿੱਖਾਂ ਨੂੰ ਅਪੀਲ ਕੀਤੀ ਹੈ। ਸੱਭ ਤੋਂ ਪਹਿਲਾਂ ਮੈਂ ਸਮੁੱਚੇ ਖ਼ਾਲਸਾ ਪੰਥ ਦੀ ਅਤੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਦੀ ਚਡ਼੍ਹਦੀ ਕਲਾ ਲਈ ਉਸ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ ਹਾਂ। ਖਾਲਸਾ ਜੀ, 80 ਦੇ ਦਹਾਕੇ ਵਿੱਚ ਉਸ ਸਮੇਂ ਦਿੱਲੀ ਦੇ ਤਖ਼ਤ ਤੇ ਬੈਠੇ ਕਾਂਗਰਸੀ ਹੁਕਮਰਾਨਾਂ ਨੇ ਪੰਜਾਬ ਹੱਸਦੀ ਵੱਸਦੀ, ਭਾਈਚਾਰਕ ਸਾਂਝ, ਦੀਆਂ ਖ਼ੁਸ਼ਬੂਆਂ ਨਾਲ ਮਹਿਕਦੀ ਇਸ ਪਵਿੱਤਰ ਧਰਤੀ ਨੂੰ ਆਪਣੀਆਂ ਘਿਨੌਣੀਆਂ ਸਾਜ਼ਿਸ਼ਾਂ ਦਾ ਸ਼ਿਕਾਰ ਬਣਾਇਆ। ਸਭ ਤੋਂ ਪਹਿਲਾਂ ਆਪਣੇ ਦੇਸ਼ ਲਈ ਮਰ ਮਿਟਣ ਵਾਲੀ ਸਿੱਖ ਕੌਮ ਨੂੰ ਦੇਸ਼ ਧ੍ਰੋਹੀ ਬਣਾਉਣ ਦੇ ਨਾਪਾਕ ਯਤਨ ਕੀਤੇ ਗਏ। ਭਾਈਚਾਰਕ ਸਾਂਝ ਨੂੰ ਖਤਮ ਕਰਨ ਦੀਆਂ ਨਾਕਾਮ ਕੋਸ਼ਿਸ਼ਾਂ ਕੀਤੀਆਂ ਗਈਆਂ। ਰੂਹਾਨੀਅਤ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਜੀ ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕਰ ਦਿੱਤਾ,ਹਜ਼ਾਰਾਂ ਨਿਰਦੋਸ਼ ਸ਼ਰਧਾਲੂਆਂ ਦਾ ਕਤਲੇਆਮ ਕਰ ਦਿੱਤਾ ਗਿਆ। ਰੂਹਾਨੀਅਤ ਦੇ ਕੇਂਦਰ ਤੇ ਜਿੱਥੋਂ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ ਜਿੱਥੇ ਸਾਰੇ ਧਰਮਾਂ ਵਰਗਾਂ ਦੇ ਲੋਕ ਆ ਕੇ ਸਿਜਦਾ ਕਰਦੇ ਹਨ ਅਤੇ ਆਪਣੀਆਂ ਮੰਗੀਆਂ ਮੁਰਾਦਾਂ ਨਾਲ ਆਪਣੀਆਂ ਝੋਲੀਆਂ ਭਰਦੇ ਹਨ ਉਸ ਪਵਿੱਤਰ ਧਰਤੀ ਨੂੰ ਨਿਰਦੋਸ਼ ਲੋਕਾਂ ਦੇ ਖ਼ੂਨ ਨਾਲ ਰੰਗਿਆ। ਉਸ ਤੋਂ ਬਾਅਦ ਨਵੰਬਰ 1984 ਨੂੰ ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ ਗਿਆ। ਸਿੱਖਾਂ ਦੀਆਂ ਹਜ਼ਾਰਾਂ ਧੀਆਂ ਭੈਣਾਂ ਦੀ ਬੇਪਤੀ ਕਰ ਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ ਬੱਚਿਆਂ ਬਜ਼ੁਰਗਾਂ ਦਾ ਬਹੁਤ ਹੀ ਬੇਰਹਿਮੀ ਨਾਲ ਕਤਲੇਆਮ ਕੀਤਾ ਗਿਆ। ਫਿਰ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਨੇ ਸਿੱਖਾਂ ਨੂੰ ਇਨਸਾਫ਼ ਦੇਣ ਤੋਂ ਮੁਨਕਰ ਹੋ ਕੇ ਕਰੋੜਾਂ ਸਿੱਖਾਂ ਦੇ ਹਿਰਦਿਆਂ ਨੂੰ ਲਹੂ ਲੁਹਾਣ ਕਰ ਦਿੱਤਾ।
ਖਾਲਸਾ ਜੀ, ਸਾਡੇ ਜਾਨ ਤੋਂ ਵੀ ਪਿਆਰੇ ਗੁਰੂਧਾਮਾਂ ਦੇ ਹੋਏ ਅਪਮਾਨ ਦਾ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਹੋਏ ਕਤਲੇਆਮ ਦਾ ਬਦਲਾ ਲੈਣ ਲਈ ਹਜ਼ਾਰਾਂ ਅਣਖੀ ਨੌਜਵਾਨ ਸੰਘਰਸ਼ ਦੇ ਰਾਹ ਤੁਰ ਗਏ। ਉਨ੍ਹਾਂ ਹਜ਼ਾਰਾਂ ਨੌਜਵਾਨਾਂ ਦੇ ਵਿੱਚ ਮੇਰਾ ਅਤੇ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦਾ ਭਰਾ ਭਾਈ ਹਰਪਿੰਦਰ ਸਿੰਘ ਗੋਲਡੀ ਵੀ ਸੀ। ਇਸ ਕਰਕੇ ਪਰਿਵਾਰ ਨੂੰ ਬਹੁਤ ਸਰਕਾਰੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਸਾਡੇ ਭੈਣ ਜੀ ਬੀਬੀ ਅਮਨਦੀਪ ਕੌਰ ਜੀ ਨੂੰ ਸਾਡੇ ਘਰ ਆ ਕੇ ਪੁਲਸ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜਿਸ ਦੇ ਵਿਆਹ ਨੂੰ ਅਜੇ ਕੁਝ ਹੀ ਦਿਨ ਹੋਏ ਸਨ ਸਾਡੇ ਮਾਤਾ ਪਿਤਾ ਨੂੰ ਵੀ ਬਹੁਤ ਜ਼ਿਆਦਾ ਸਰਕਾਰੀ ਕੁੱਟਮਾਰ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ। ਆਪਣੇ ਸਰੀਰਾਂ ਤੇ ਅਸਹਿ ਅਤੇ ਅਕਹਿ ਕਸ਼ਟ ਸਹਿਣੇ ਪਏ। ਉਸ ਤੋਂ ਬਾਅਦ ਭਾਈ ਹਰਪਿੰਦਰ ਸਿੰਘ ਗੋਲਡੀ ਵੀ 18 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ।
ਖਾਲਸਾ ਜੀ, 1995 ਵਿੱਚ ਮੇਰੇ ਸੰਘਰਸ਼ ਵਿੱਚ ਸ਼ਾਮਿਲ ਹੋਣ ਕਰਕੇ ਵੀ ਮੇਰੇ ਇਸ ਪਰਿਵਾਰ ਨੂੰ ਬਹੁਤ ਦੁੱਖ, ਕਸ਼ਟ ਅਤੇ ਤਸ਼ੱਦਦ ਸਹਿਣਾ ਪਿਆ। ਮੇਰੀ ਗ੍ਰਿਫ਼ਤਾਰੀ ਤੋਂ ਲੈ ਕੇ ਹੁਣ ਤੱਕ ਮੇਰੀ ਭੈਣ ਕਮਲਦੀਪ ਕੌਰ ਮੇਰੇ ਨਾਲ ਹੀ ਵਿਚਰ ਰਹੀ ਹੈ। ਇਨ੍ਹਾਂ ਰਾਹਾਂ ਤੇ ਚਲਦੇ ਚਲਦੇ ਮੇਰੀ ਭੈਣ ਨੇ ਜੋ ਮੇਰੇ ਲਈ ਕੀਤਾ ਹੈ ਮੈਂ ਉਸ ਦਾ ਮੁੱਲ ਕਈ ਜਨਮ ਨਹੀਂ ਉਤਾਰ ਸਕਦਾ। ਮੈਂ ਅਦਾਲਤ ਵਿੱਚ ਖੜ੍ਹ ਕੇ ਕਾਤਲ ਨੂੰ ਕਾਤਲ ਤਾਂ ਹੀ ਕਹਿ ਸਕਿਆ, ਸਿੱਖ ਕੌਮ ਤੇ ਹੋਏ ਜ਼ੁਲਮ ਦੀ ਦਾਸਤਾਂ ਨੂੰ ਅਦਾਲਤ ਦੇ ਹਰ ਪੰਨੇ ਤੇ ਤਾਂ ਹੀ ਲਿਖ ਸਕਿਆ ਕਿਉਂਕਿ ਮੇਰੇ ਨਾਲ ਮੇਰਾ ਜਰਨੈਲ ਬਣ ਕੇ ਵਿਚਰਦੀ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਸੀ। ਮੇਰੇ ਜੇਲ੍ਹ ਵਿਚ ਆ ਜਾਣ ਤੋਂ ਬਾਅਦ ਮੇਰੀ ਭੈਣ ਦਾ ਵਿਆਹ ਹੋਇਆ ਅਤੇ ਦੋ ਬੱਚੇ ਹੋਏ। ਪਰ ਮੇਰੀ ਭੈਣ ਦਾ ਮੇਰੇ ਰਾਹਾਂ ਤੇ ਆਪਣੇ ਬੱਚਿਆਂ ਨਾਲ ਸਫ਼ਰ ਅੱਜ ਵੀ ਨਿਰੰਤਰ ਜਾਰੀ ਹੈ ਮੇਰੇ ਇਨ੍ਹਾਂ ਸੰਘਰਸ਼ ਦੇ ਰਾਹਾਂ ਤੇ ਮੇਰੀ ਭੈਣ ਦੀਆਂ ਉਸ ਦੇ ਪਰਿਵਾਰ ਦੀਆਂ ਅਤੇ ਬੱਚਿਆਂ ਦੀਆਂ ਖ਼ੁਸ਼ੀਆਂ ਵਿਛੀਆਂ ਹੋਈਆਂ ਹਨ। ਮੇਰੀ ਭੈਣ ਦੇ ਬੱਚੇ ਜੇਲ੍ਹ ਦੀਆਂ ਸਲਾਖਾਂ ਨਾਲ ਖੇਡਦੇ ਖੇਡਦੇ ਵੱਡੇ ਹੋ ਗਏ ਹਨ। ਮੇਰੀ ਭੈਣ ਦੇ ਸੰਘਰਸ਼ ਦੇ ਔਖੇ ਰਾਹਾਂ ਦਾ ਸਫ਼ਰ ਅਜੇ ਵੀ ਖਤਮ ਨਹੀਂ ਹੋਇਆ ਅੱਜ ਵੀ ਮੇਰੇ ਸਾਰੇ ਕੇਸਾਂ ਦੀ ਪੈਰਵਾਈ ਮੇਰੀ ਭੈਣ ਹੀ ਕਰਦੀ ਹੈ। ਮੈਂ ਫਾਂਸੀ ਦੀ ਚੱਕੀ ਵਿੱਚ ਬੇਵੱਸ ਬੈਠਾ ਆਪਣੀ ਭੈਣ ਲਈ ਕੁਝ ਵੀ ਨਹੀਂ ਕਰ ਪਾ ਰਿਹਾ।
ਖਾਲਸਾ ਜੀ, ਸਮੇਂ ਦੀਆਂ ਸਰਕਾਰਾਂ ਦੀ ਦੋਗਲੀ ਮਾਨਸਿਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਾਡੇ ਬੰਦੀ ਸਿੰਘਾਂ ਦੀਆਂ ਸਜ਼ਾਵਾਂ 25-25, 30-30, 32-32 ਸਾਲਾਂ ਬਾਅਦ ਵੀ ਪੂਰੀਆਂ ਨਹੀਂ ਹੋ ਪਾ ਰਹੀਆਂ। ਮੈਂ ਪਿਛਲੇ 27 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਾਂ ਅਤੇ ਪਿਛਲੇ 15 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫ਼ੈਸਲੇ ਦਾ ਇੰਤਜ਼ਾਰ ਕਰ ਰਿਹਾ ਹਾਂ। ਮੇਰੀ ਫਾਂਸੀ ਦੀ ਸਜ਼ਾ ਨਾਲ ਸਬੰਧਤ ਅਪੀਲ ਪਿਛਲੇ 11 ਸਾਲਾਂ ਤੋਂ ਕੇਂਦਰ ਸਰਕਾਰ ਕੋਲ ਵਿਚਾਰ ਅਧੀਨ ਹੈ ਦੇਸ਼ ਦੀ ਸੁਪਰੀਮ ਕੋਰਟ ਨੇ 6 ਵਾਰ ਕੇਂਦਰ ਸਰਕਾਰ ਨੂੰ ਫ਼ੈਸਲੇ ਲੈਣ ਲਈ ਆਦੇਸ਼ ਜਾਰੀ ਕੀਤੇ ਹਨ। ਪਰ ਅਜੇ ਤੱਕ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਵੀ ਨਹੀ ਸਰਕੀ।ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੀ ਸੀ। ਪਰ ਅਫਸੋਸ ਕੋਈ ਇਕ ਵੀ ਕਾਤਲ 25-25 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਨਹੀਂ ਹੈ। ਜੇਕਰ ਕਿਸੇ ਦੋਸ਼ੀ ਨੂੰ ਸਜ਼ਾ ਹੋਈ ਵੀ ਤਾਂ ਉਨ੍ਹਾਂ ਦੀਆਂ ਉਮਰ ਕੈਦਾਂ ਵੀ 5 ਸਾਲਾਂ ਵਿੱਚ ਹੀ ਪੂਰੀਆਂ ਹੋ ਜਾਂਦੀਆਂ ਹਨ। ਦੂਜੇ ਪਾਸੇ ਅਸੀਂ 27 ਸਾਲਾਂ ਦੀ ਜੇਲ੍ਹ ਤੋਂ ਬਾਅਦ ਵੀ ਅਜੇ ਆਪਣੇ ਕੇਸ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਾਂ । ਬਾਕੀ ਬੰਦੀ ਸਿੰਘ 25-25 30-30 ਸਾਲਾਂ ਬਾਅਦ ਆਪਣੀ ਹੋਣ ਵਾਲੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ ਬਾਕੀ ਬੰਦੀ ਸਿੰਘਾਂ ਦੇ ਦੁੱਖਾਂ ਦਰਦਾਂ ਅਤੇ ਪਰਿਵਾਰਾਂ ਦੇ ਸੰਤਾਪ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ ਹੈ। ਉਨ੍ਹਾਂ ਦੇ ਵੀ ਉੱਜੜੇ ਘਰਾਂ ਦੀਆਂ ਉਦਾਸ ਦੀਵਾਰਾਂ ਉਨ੍ਹਾਂ ਦੇ ਘਰ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੀਆਂ ਹਨ।
ਖ਼ਾਲਸਾ ਜੀ, ਇਨ੍ਹਾਂ ਬੇਇਨਸਾਫ਼ੀਆਂ ਦਾ ਹਿਸਾਬ ਲੈਣ ਲਈ ਹੀ ਸਾਰੀਆਂ ਪੰਥਕ ਧਿਰਾਂ ਨੇ ਸਿੱਖ ਜਥੇਬੰਦੀਆਂ ਨੇ ਸੰਗਰੂਰ ਲੋਕ ਸਭਾ ਹਲਕੇ ਦੀ ਹੋ ਰਹੀ ਜ਼ਿਮਨੀ ਚੋਣ ਲਈ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਤਾਂ ਕਿ ਪਾਰਲੀਮੈਂਟ ਦੇ ਅੰਦਰ ਜਾ ਕੇ ਇਨ੍ਹਾਂ ਬੇਇਨਸਾਫ਼ੀਆਂ ਦਾ ਹਿਸਾਬ ਮੰਗਿਆ ਜਾ ਸਕੇ
ਮੇਰੀ ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਅਸੀਂ ਇਸ ਧਰਤੀ ਤੇ ਸਾਰੇ ਇਕੱਠੇ ਇਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ। ਜਦੋਂ ਵੀ ਕਿਸੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਅਸੀਂ ਇਕੱਠੇ ਹੋ ਕੇ ਉਸ ਬੇਇਨਸਾਫ਼ੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਸਾਡਾ ਸੰਘਰਸ਼ ਕਿਸੇ ਧਰਮ ਜਾਂ ਵਰਗ ਦੇ ਖ਼ਿਲਾਫ਼ ਨਹੀਂ ਸੀ। ਸਾਡਾ ਸੰਘਰਸ਼ ਤਾਂ ਕਾਂਗਰਸ ਪਾਰਟੀ ਵੱਲੋਂ ਸਿਰਫ਼ ਸੱਤਾ ਦੀ ਪ੍ਰਾਪਤੀ ਕਰਨ ਲਈ ਇਸ ਧਰਤੀ ਤੇ ਵੱਸਦੇ ਲੋਕਾਂ ਦੇ ਖ਼ਿਲਾਫ਼ ਰਚੀਆਂ ਗਈਆਂ ਸਾਜ਼ਿਸ਼ਾਂ ਦੇ ਖ਼ਿਲਾਫ਼ ਸੀ,ਜ਼ੁਲਮ ਨੂੰ ਰੋਕਣ ਲਈ ਸੀ।
ਮੇਰੀ ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਇਹ ਅਪੀਲ ਹੈ ਕਿ ਅਸੀਂ ਇਸ ਧਰਤੀ ਤੇ ਸਾਰੇ ਇਕੱਠੇ ਇਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਾਂ। ਜਦੋਂ ਵੀ ਕਿਸੇ ਨਾਲ ਕੋਈ ਬੇਇਨਸਾਫੀ ਹੁੰਦੀ ਹੈ ਤਾਂ ਅਸੀਂ ਇਕੱਠੇ ਹੋ ਕੇ ਉਸ ਬੇਇਨਸਾਫ਼ੀ ਦੇ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਦੇ ਹਾਂ। ਸਾਡਾ ਸੰਘਰਸ਼ ਕਿਸੇ ਧਰਮ ਜਾਂ ਵਰਗ ਦੇ ਖ਼ਿਲਾਫ਼ ਨਹੀਂ ਸੀ। ਸਾਡਾ ਸੰਘਰਸ਼ ਤਾਂ ਕਾਂਗਰਸ ਪਾਰਟੀ ਵੱਲੋਂ ਸਿਰਫ਼ ਸੱਤਾ ਦੀ ਪ੍ਰਾਪਤੀ ਕਰਨ ਲਈ ਇਸ ਧਰਤੀ ਤੇ ਵੱਸਦੇ ਲੋਕਾਂ ਦੇ ਖ਼ਿਲਾਫ਼ ਰਚੀਆਂ ਗਈਆਂ ਸਾਜ਼ਿਸ਼ਾਂ ਦੇ ਖ਼ਿਲਾਫ਼ ਸੀ,ਜ਼ੁਲਮ ਨੂੰ ਰੋਕਣ ਲਈ ਸੀ। ਅਸੀਂ ਸਾਰੇ ਧਰਮਾਂ ਦਾ ਬਹੁਤ ਸਤਿਕਾਰ ਕਰਦੇ ਹਾਂ। ਇਸ ਲਈ ਮੇਰੀ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ ਕਿ ਤੁਸੀਂ ਇਸ ਵਾਰ ਆਪਣੀ ਇਕ ਇਕ ਕੀਮਤੀ ਵੋਟ ਸੱਚ ਲਈ, ਇਨਸਾਫ ਲਈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕਰਨਾ। ਤੁਹਾਡੇ ਵੱਲੋਂ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ਹੱਕ ਵਿੱਚ ਪਾਈ ਹੋਈ ਇਕ ਇਕ ਵੋਟ ਤੁਹਾਡੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਮਾਰਿਆ ਹੋਇਆ ਹਾਅ ਦਾ ਨਾਅਰਾ ਹੋਵੇਗੀ, ਕੇਂਦਰ ਸਰਕਾਰ ਨੂੰ ਇਕ ਸੁਨੇਹਾ ਹੋਵੇਗਾ ਅਤੇ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰੇਗੀ ਇਸ ਲਈ ਸੱਚ ਤੇ ਇਨਸਾਫ਼ ਦੇ ਇਸ ਸੰਘਰਸ਼ ਵਿੱਚ ਤੁਹਾਡੇ ਵੱਡਮੁੱਲੇ ਸਹਿਯੋਗ ਦੀ ਜ਼ਰੂਰਤ ਹੈ।
ਸੰਗਰੂਰ ਹਲਕੇ ਦੇ ਸਾਰੇ ਧਰਮਾਂ ਵਰਗਾਂ ਦੇ ਲੋਕਾਂ ਨੂੰ ਮੇਰੀ ਇਹ ਬੇਨਤੀ ਹੈ ਕਿ ਇਸ ਜ਼ਿਮਨੀ ਚੋਣ ਲਈ ਤੁਹਾਡੇ ਸਾਹਮਣੇ ਪੰਜ ਉਮੀਦਵਾਰ ਹਨ। ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਕੇਜਰੀਵਾਲ ਅਤੇ ਰਾਘਵ ਚੱਢਾ ਵਰਗੇ ਲੋਕਾਂ ਦੇ ਹੱਥ ਮਜ਼ਬੂਤ ਕਰਨਾ ਜਿਹੜੇ ਦਿੱਲੀ ਬੈਠ ਕੇ ਪੰਜਾਬ ਦੇ ਲੋਕਾਂ ਤੇ ਰਾਜ ਕਰ ਰਹੇ ਹਨ ਅਤੇ ਇਸ ਧਰਤੀ ਤੇ ਵੱਸਦੇ ਹੋਏ ਲੋਕਾਂ ਵੱਲੋਂ ਦਿੱਤੇ ਵੱਡੇ ਫ਼ਤਵੇ ਦਾ ਅਪਮਾਨ ਕਰ ਰਹੇ ਹਨ। ਦੂਸਰਾ ਕਾਂਗਰਸ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਗਾਂਧੀ ਪਰਿਵਾਰ ਦੇ ਹੱਥ ਮਜ਼ਬੂਤ ਕਰਨਾ ਹੈ ਜਿਨ੍ਹਾਂ ਨੇ ਸਾਡੇ ਧਾਰਮਿਕ ਅਸਥਾਨਾਂ ਤੇ ਹਮਲੇ ਕੀਤੇ, ਹਜ਼ਾਰਾਂ ਨਿਰਦੋਸ਼ ਲੋਕਾਂ ਦਾ ਕਤਲੇਆਮ ਕੀਤਾ। ਤੀਜਾ ਬੀ ਜੇ ਪੀ ਦੇ ਉਮੀਦਵਾਰ ਨੂੰ ਵੋਟ ਪਾਉਣ ਦਾ ਮਤਲਬ ਮੋਦੀ ਦੇ ਹੱਥ ਮਜ਼ਬੂਤ ਕਰਨਾ ਜਿਨ੍ਹਾਂ ਦੇ ਫ਼ੈਸਲਿਆਂ ਦੇ ਖ਼ਿਲਾਫ਼ ਹੁਣੇ ਹੀ ਤੁਸੀਂ ਦਿੱਲੀ ਦੇ ਬਾਰਡਰਾਂ ਤੇ ਬੈਠ ਕੇ 700 ਕਿਸਾਨ ਸ਼ਹੀਦ ਕਰਵਾ ਕੇ ਇਕ ਵੱਡਾ ਸੰਘਰਸ਼ ਕਰਕੇ ਆਏ ਹੋ ਅਤੇ ਜਿਹੜੇ ਬੰਦੀ ਸਿੰਘਾਂ ਦੇ ਕੇਸਾਂ ਦੇ ਫ਼ੈਸਲੇ ਕਰਨ ਤੇ ਰਿਹਾਈਆਂ ਕਰਨ ਤੋਂ ਮੁਨਕਰ ਹੋ ਰਹੇ ਹਨ।
ਚੌਥੇ ਨੰਬਰ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹਨ ਜਿਹੜੇ ਮਹਿਲਾਂ ਵਿਚ ਰਹਿੰਦੇ ਹਨ ਇਕ ਮਿੰਟ ਤੋਂ ਪਹਿਲਾਂ ਦੇਸ਼ ਦੀਆਂ ਏਜੰਸੀਆਂ ਉਨ੍ਹਾਂ ਨੂੰ ਸਾਰੇ ਦੇਸ਼ਾਂ ਦੇ ਵੀਜ਼ੇ ਦੇ ਦਿੰਦੀਆਂ ਹਨ ਅਤੇ ਉਹ ਆਪਣੇ ਆਪ ਨੂੰ ਸੰਘਰਸ਼ੀ ਹੋਣ ਦਾ ਦਾਅਵਾ ਕਰਦੇ ਹਨ ਜਿਹੜੇ 1989 ਤੋਂ ਲੈ ਕੇ ਹੁਣ ਤਕ ਸਾਰੀਆਂ ਚੋਣਾਂ ਲੜਦੇ ਰਹੇ ਚੋਣਾਂ ਲੜਨਾ ਜਿਨ੍ਹਾਂ ਦੀ ਡਿਊਟੀ ਹੈ ਇਨ੍ਹਾਂ ਨੂੰ ਵੋਟ ਪਾਉਣ ਦਾ ਮਤਲਬ ਬਸ ਕੁਝ ਵੀ ਨਹੀਂ ਹੈ ਐਵੇਂ ਆਪਣੀ ਵੋਟ ਖ਼ਰਾਬ ਕਰਨਾ। ਪੰਜਵੇੰ ਉਮੀਦਵਾਰ ਦੇ ਰੂਪ ਵਿਚ ਮੇਰੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਹੈ। ਜਿਸਨੇ ਖ਼ੁਦ ਇਸ ਧਰਤੀ ਤੇ ਮਾਣ ਸਨਮਾਨ ਦੇ ਸੰਘਰਸ਼ ਵਿੱਚ ਬਹੁਤ ਦੁੱਖ ਕਸ਼ਟ ਸਹੇ ਹਨ। ਜਿਹੜੀ ਅੱਜ ਵੀ ਆਪਣੇ ਉਨ੍ਹਾਂ ਭਰਾਵਾਂ ਲਈ ਸੰਘਰਸ਼ ਕਰ ਰਹੀ ਹੈ ਜਿਹੜੇ 25-25,30-30, 32-32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਮੇਰੀ ਭੈਣ ਬੰਦੀ ਸਿੰਘਾਂ ਨੂੰ ਉਨ੍ਹਾਂ ਦੇ ਉੱਜੜੇ ਹੋਏ ਘਰਾਂ ਵਿਚ ਵਾਪਸ ਲਿਆਉਣ ਦੇ ਪਵਿੱਤਰ ਕਾਰਜ ਨੂੰ ਲੈ ਕੇ ਚੋਣਾਂ ਲੜ ਰਹੀ ਹੈ। ਤਾਂ ਕਿ ਉਨ੍ਹਾਂ ਬੰਦੀ ਸਿੰਘਾਂ ਨਾਲ ਹੋ ਰਹੀਆਂ ਬੇਇਨਸਾਫ਼ੀਆਂ ਦੇ ਖਿਲਾਫ ਪਾਰਲੀਮੈਂਟ ਵਿੱਚ ਆਵਾਜ਼ ਬੁਲੰਦ ਹੋ ਸਕੇ ਮੇਰੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਧੜੇਬੰਦੀ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੀ ਆਤਮਾ ਦੀ ਆਵਾਜ਼ ਸੁਣ ਕੇ ਵੋਟ ਕਰਨਾ। ਇਸ ਧਰਤੀ ਦੇ ਮਾਣ ਸਨਮਾਨ ਲਈ ਇਨਸਾਫ ਲਈ ਵੋਟ ਕਰਨਾ ਫ਼ੈਸਲਾ ਤੁਹਾਡੀ ਅੰਤਰ ਆਤਮਾ ਦੀ ਆਵਾਜ਼ ਤੇ ਛੱਡਦੇ ਹਾਂ। ਤੁਹਾਨੂੰ ਸਾਰਿਆਂ ਨੂੰ ਚੜ੍ਹਦੀਕਲਾ ਵਿੱਚ ਦੇਖਣ ਦਾ ਚਾਹਵਾਨ।
ਤੁਹਾਡਾ ਆਪਣਾ
ਬਲਵੰਤ ਸਿੰਘ ਰਾਜੋਆਣਾ
ਫਾਂਸੀ ਕੋਠੀ-16
ਕੇਂਦਰੀ ਜੇਲ੍ਹ ਪਟਿਆਲਾ।

