Latest news

Glime India News

ਜੋਬਨ ਰੁੱਤੇ ਤੁਰ ਗਿਆ ਦੁਨੀਆਂ ਦਾ ‘ਦਰਦੀ’ ਪੱਤਰਕਾਰੀ ਭਾਈਚਾਰੇ ’ਚ ਸੋਗ ਦੀ ਲਹਿਰ

ਸ਼ਿੰਦਰਪਾਲ ਸਿੰਘ ਚਾਹਲ

 

ਮੀਡੀਆ ਦੀ ਦੁਨੀਆ ’ਚ ਜਾਣਿਆ-ਪਛਾਣਿਆ ਨਾਮ, ਸਤਬੀਰ ਸਿੰਘ ‘ਦਰਦੀ’ (42) ਦੇ ਇਸ ਫ਼ਾਨੀ ਦੁਨੀਆ ਤੋਂ ਅਚਾਨਕ ਰੁਖ਼ਸਤ ਹੋਣ ’ਤੇ ਸ਼ਿਵ ਕੁਮਾਰ ਬਟਾਲਵੀ ਦੇ ਬੋਲ ‘ਅਸਾਂ ਤਾਂ ਜੋਬਨ ਰੁੱਤੇ ਮਰਨਾ, ਤੁਰ ਜਾਣਾ ਅਸਾਂ ਭਰੇ ਭਰਾਏ’ ਰਹਿ-ਰਹਿ ਕੇ ਯਾਦ ਆ ਰਹੇ ਹਨ। ਉਸ ਦੇ ਛੋਟੀ ਉਮਰ ’ਚ ਅਲਵਿਦਾ ਕਹਿਣ ਤੋਂ ਬਾਅਦ ਪੱਤਰਕਾਰੀ ਭਾਈਚਾਰੇ ’ਚ ਸੋਗ ਦੀ ਲਹਿਰ ਦੌੜ

ਗਈ ਹੈ। ਸ਼ਿਵ ਦੇ ਬੋਲ ‘ਜੋਬਨ ਰੁੱਤੇ ਜੋ ਵੀ ਮਰਦਾ, ਫੁੱਲ ਬਣੇ ਜਾਂ ਤਾਰਾ’ ਚੈਨ ਨਾਲ ਸੌਣ ਨਹੀਂ ਦਿੰਦੇ। ਮੈਂ ਵਿਛੜੇ ਸਾਥੀ ਸਤਬੀਰ ਜੀ ਨੂੰ ਵੇਖਣ ਲਈ ਬਸੰਤ-ਬਹਾਰ ’ਚ ਖਿੜੇ ਫੁੱਲਾਂ ਦੀਆਂ ਕਿਆਰੀਆਂ ਅਤੇ ਕਦੇ ਤਾਰਿਆਂ ਨਾਲ ਭਰੇ ਅੰਬਰ ਨੂੰ ਨਿਹਾਰਦਾ ਹਾਂ। ਸੋਚਦਾ ਹਾਂ ਕਿ ਫੁੱਲਾਂ ਦੀ ਅਉਧ ਘੱਟ ਕਿਉਂ ਹੁੰਦੀ ਹੈ? ਉਹ ਮਹਿਕਾਂ ਵੰਡਦੇ-ਵੰਡਦੇ ਅਚਾਨਕ ਫ਼ਨਾਹ ਕਿਉਂ ਹੋ ਜਾਂਦੇ ਹਨ? ਸਾਰੀ ਹਿਯਾਤੀ ਮੁਸਕਰਾਂਦੇ ਰਹਿਣ ਵਾਲਾ ਸਤਬੀਰ ਆਪਣੇ ਨਿਕਟਵਰਤੀਆਂ ਨੂੰ ਅਚਾਨਕ ਇੰਜ ਵਿਛੋੜਾ ਦੇ ਜਾਵੇਗਾ, ਇਸ ਬਾਰੇ ਕਦੇ ਕਿਸੇ ਨੇ ਕਿਆਸਿਆ ਵੀ ਨਹੀਂ ਹੋਣਾ। ਰਿਸ਼ਤੇਦਾਰਾਂ ਤੋਂ ਇਲਾਵਾ ਸਤਬੀਰ ਦੇ ਸੱਜਣਾਂ-ਸਨੇਹੀਆਂ ਲਈ ਵੀ ਇਹ ਵਿਛੋੜਾ ਅਕਹਿ ਅਤੇ ਅਸਹਿ ਹੈ।

ਸਤਬੀਰ ਨੇ ਸਰਦਾਰ ਜਗਜੀਤ ਸਿੰਘ ‘ਦਰਦੀ’ ਅਤੇ ਮਾਤਾ ਸਰਦਾਰਨੀ ਜਸਵਿੰਦਰ ਕੌਰ ਦੇ ਘਰ 11 ਮਾਰਚ 1978 ਨੂੰ ਜਨਮ ਲਿਆ ਸੀ। ਮੋਦੀ ਕਾਲਜ ਪਟਿਆਲਾ ਤੋਂ ਗਰੇਜੂਏਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਅਮਰੀਕਾ ਤੋਂ ਐੱਮਬੀਏ ਦੀ ਡਿਗਰੀ ਚੰਗੇ ਨੰਬਰਾਂ ਨਾਲ ਹਾਸਲ ਕੀਤੀ ਸੀ।

ਪੱਤਰਕਾਰੀ ਉਸ ਨੂੰ ਵਿਰਸੇ ’ਚ ਮਿਲੀ ਸੀ। ਆਪਣੇ ਪਿਤਾ ਅਤੇ ਦਾਦੇ ਦੀਆਂ ਪੈੜਾਂ ’ਤੇ ਚੱਲਦਿਆਂ ਉਸ ਨੇ ਪੱਤਰਕਾਰੀ ਦੇ ਗੁਰ ਬਚਪਨ ਵਿਚ ਹੀ ਸਿੱਖ ਲਏ ਸਨ। ਪ੍ਰਿੰਟ ਮੀਡੀਆ ਤੋਂ ਬਾਅਦ ਉਹ ਇਲੈਕਟ੍ਰਾਨਿਕ ਮੀਡੀਆ ’ਚ ਵੀ ਸੰਦਲੀ ਪੈੜਾਂ ਪਾ ਰਿਹਾ ਸੀ ਕਿ ਅਚਾਨਕ ਅਚਿੰਤੇ ਬਾਜ਼ਾਂ ਨੇ ਉਸ ਨੂੰ ਝਪਟ ਲਿਆ।

ਆਪਣੀ ਮਿਕਨਾਤੀਸੀ ਖਿੱਚ ਕਾਰਨ ਸਤਬੀਰ ਪਹਿਲੀ ਮੁਲਾਕਾਤ ’ਚ ਹੀ ਸਭ ਨੂੰ ਆਪਣਾ ਬਣਾ ਲੈਂਦਾ ਸੀ। ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ, ਮਲਕੀਤ ਸਿੰਘ, ਦਿਲਜੀਤ ਦੋਸਾਂਝ ਅਤੇ ਸਿਆਸਤ ਦੇ ਦਿੱਗਜ ਪ੍ਰਕਾਸ਼ ਸਿੰਘ ਬਾਦਲ ਵਰਗਿਆਂ ਨਾਲ ਖਿੱਚੀਆਂ ਫੋਟੋਆਂ ਸਤਬੀਰ ਦੇ ਵਿਸ਼ਾਲ ਦੋਸਤੀ ਦੇ ਘੇਰੇ ਨੂੰ ਦਰਸਾਉਂਦੀਆਂ ਹਨ। ਇਸੇ ਲਈ ਸਤਬੀਰ ਨੂੰ ਦੇਸ਼ ਅਤੇ ਵਿਦੇਸ਼ਾਂ ’ਚੋਂ ਅਨੇਕਾਂ ਇਨਾਮ-ਸਨਮਾਨ ਮਿਲੇ ਸਨ। ਪੱਤਰਕਾਰੀ ਦੇ ਖੇਤਰ ’ਚ ਉਸ ਦਾ ਤਜਰਬਾ ਨਵੀਂ ਪੀੜ੍ਹੀ ਲਈ ਮਾਰਗ-ਦਰਸ਼ਨ ਦਾ ਕੰਮ ਕਰਦਾ ਸੀ। ਸਤਬੀਰ ਨੇ ਕਈ ਵਾਰ ਦੇਸ਼ ਦੇ ਵੱਖ-ਵੱਖ ਪ੍ਰਧਾਨ ਮੰਤਰੀਆਂ ਨਾਲ ਵਿਦੇਸ਼ੀ ਦੌਰੇ ਕਰ ਕੇ ਉਨ੍ਹਾਂ ਦੀ ਕਵਰੇਜ ਕੀਤੀ ਸੀ।

2003 ਵਿਚ ਉਹ ਭਾਰਤੀ ਪ੍ਰਧਾਨ ਮੰਤਰੀ ਦੇ ਕੈਨੇਡਾ ਦੌਰੇ ਨੂੰ ਕਵਰ ਕਰਨ ਲਈ ਗਿਆ। 2007 ਵਿਚ ਜਰਮਨੀ ’ਚ ਕਰਵਾਏ ਗਏ ਜੀ-20 ਸਿਖਰ ਸੰਮੇਲਨ ’ਚ ਉਹ ਭਾਰਤੀ ਮੀਡੀਆ ਟੀਮ ਦਾ ਹਿੱਸਾ ਬਣਿਆ। 2010 ਵਿਚ ਉਹ ਟੋਰਾਂਟੋ ਵਿਖੇ ਹੋਈ ਗਲੋਬਲ ਫਾਈਨੈਂਸ਼ਲ ਸਿਸਟਮ ਦੀ ਮੀਟਿੰਗ ਨੂੰ ਕਵਰ ਕਰਨ ਲਈ ਗਿਆ। ਇਸੇ ਸਾਲ ‘ਜੀ-20’ ਦੀ ਕਵਰੇਜ ਲਈ ਉਹ ਤਤਕਾਲੀ ਭਾਰਤੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਨਾਲ ਕੈਨੇਡਾ ਗਿਆ ਸੀ ਤਾਂ ਮੈਂ ਵੀ ਉਨ੍ਹਾਂ ਦੇ ਨਾਲ ਹੀ ਸੀ।

ਸਤਬੀਰ ਜੀ ਨੇ ਪ੍ਰਿੰਟ ਮੀਡੀਆ ਲਈ ਖ਼ਬਰਾਂ ਲਿਖਣ ਤੋਂ ਇਲਾਵਾ ਬੇਹੱਦ ਉਮਦਾ ਕਿਸਮ ਦੀ ਫੋੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਵੀ ਕੀਤੀ ਸੀ। ਉਹ ਇੱਕੋ ਵੇਲੇ ਕਈ ਕੰਮ ਕਰਨ ਦੇ ਸਮਰੱਥ ਸੀ। ਡਾ. ਮਨਮੋਹਨ ਸਿੰਘ ਤੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਉਸ ਵੱਲੋਂ ਖਿੱਚੀਆਂ ਦਿਲਕਸ਼ ਤਸਵੀਰਾਂ ਨੇ ਬੇਹੱਦ ਵਾਹ-ਵਾਹ ਖੱਟੀ ਸੀ। ਕਾਸ਼ ! ਸਤਬੀਰ ਦੀ ਉਮਰ ਲੰਬੀ ਹੁੰਦੀ ਤੇ ਉਹ ਪੱਤਰਕਾਰੀ ਦੇ ਪਿੜ ’ਚ ਹੋਰ ਯਾਦਗਾਰੀ ਪੁਲਾਂਘਾਂ ਪੁੱਟ ਸਕਦਾ ਸੀ।

2015 ਵਿਚ ਉਸ ਨੇ ਤੁਰਕੀ ਵਿਖੇ ਆਰਥਿਕ ਸੁਧਾਰਾਂ ਬਾਰੇ ਹੋਏ ਪ੍ਰੋਗਰਾਮ ’ਚ ਆਪਣੇ ਅਦਾਰੇ ਦੀ ਨੁਮਾਇੰਦਗੀ ਕੀਤੀ। ਯੂਕੇ ’ਚ ‘ਵੈਲਕਮ ਮੋਦੀ’ ਪ੍ਰੋਗਰਾਮ ਵਿਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੀਡੀਆ ਟੀਮ ’ਚ ਸ਼ਾਮਲ ਹੋਇਆ। ਇਸੇ ਤਰ੍ਹਾਂ ਦੱਖਣੀ ਅਫਰੀਕਾ, ਫਰਾਂਸ, ਬ੍ਰਾਜ਼ੀਲ, ਮਨੀਲਾ, ਫਿਲੀਪੀਨਜ਼, ਟੋਕੀਓ, ਨਿਊਜ਼ੀਲੈਂਡ, ਜਰਮਨੀ ਆਦਿ ਦੇਸ਼ਾਂ ’ਚ ਜਾ ਕੇ ਆਪਣੇ ਅਦਾਰੇ ਦਾ ਮਾਣ ਵਧਾਇਆ।

ਪੱਤਰਕਾਰੀ ਦੇ ਨਾਲ- ਨਾਲ ਸਮਾਜ ਸੇਵਾ ਦੇ ਕਾਰਜਾਂ ’ਚ ਉਸ ਨੇ ਲੋਕਾਂ ਦਾ ਪਿਆਰ ਇਸ ਕਦਰ ਹਾਸਲ ਕੀਤਾ ਕਿ ਹਰੇਕ ਵਿਅਕਤੀ ਉਸ ਨੂੰ ਆਪਣਾ ਸਮਝਦਾ ਸੀ। ਸਤਬੀਰ ਦੇ ਤੁਰ ਜਾਣ ਤੋਂ ਬਾਅਦ ਉਸ ਦੇ ਚਾਹੁਣ ਵਾਲਿਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਦੋਸਤਾਂ ਮਿੱਤਰਾਂ , ਮਾਪਿਆਂ , ਆਪਣੀ ਪਤਨੀ ਡਾ. ਗੁਰਲੀਨ ਕੌਰ ਦਰਦੀ, ਧੀ ਜਪੁਜੀ ਕੌਰ ਤੇ ਬੇਟੇ ਏਕਮਬੀਰ ਸਿੰਘ ਦੇ ਮਨਾਂ ਨੂੰ ਕਦੇ ਨਾ ਖ਼ਤਮ ਹੋਣ ਵਾਲਾ ਦਰਦ ਦੇ ਗਿਆ ਹੈ।