
ਵਿਸ਼ਵ ਅਤੇ ਭਾਰਤ ਵਿਚ ਆਫ਼ਤ ਸਮੇਂ ਸਭ ਤੋਂ ਪਹਿਲਾਂ ਅੱਗੇ ਆਉਣ ਵਾਲੀ ਸਮਾਜ ਸੇਵੀ ਸੰਸਥਾ ਖ਼ਾਲਸਾ ਏਡ ਦੇ ਕੌਮੀ ਸੇਵਕ ਅਮਰਪ੍ਰੀਤ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਖਾਲਸਾ ਏਡ ਨੇ ਪ੍ਰੈੱਸ ਨੋਟ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਇੰਨਾ ਹੀ ਨਹੀਂ ਅਮਰਪ੍ਰੀਤ ਸਿੰਘ ਦੇ ਨਾਲ ਪੰਜਾਬ ਟੀਮ ਵੱਲੋਂ ਵੀ ਆਪਣੇ-ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤੇ ਜਾਣ ਦੀ ਖਬਰ ਹੈ, ਹਾਲਾਂਕਿ ਖਾਲਸਾ ਏਡ ਨੇ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।

ਅਮਰਪ੍ਰੀਤ ਸਿੰਘ ਨੇ 10 ਸਾਲਾਂ ਤੱਕ ਭਾਰਤ ਵਿਚ ਖਾਲਸਾ ਏਡ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸੇਵਾ ਨਿਭਾਈ ਅਤੇ ਇਸ ਸਾਲ ਪੰਜਾਬ ਅਤੇ ਹੋਰ ਰਾਜਾਂ ਵਿਚ ਆਏ ਹੜ੍ਹਾਂ ਦੌਰਾਨ ਰਾਹਤ ਸਮੱਗਰੀ ਪ੍ਰਦਾਨ ਕਰਨ ਵਿਚ ਸਭ ਤੋਂ ਅੱਗੇ ਰਹੇ। ਖਾਲਸਾ ਏਡ ਵੱਲੋਂ ਭਾਰਤ ਅਤੇ ਪੰਜਾਬ ਵਿਚ ਕੀਤੇ ਗਏ ਸਾਰੇ ਰਾਹਤ ਅਤੇ ਬਚਾਅ ਕਾਰਜ ਅਮਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਕੀਤੇ ਗਏ ਸਨ ਪਰ ਅਚਾਨਕ ਅਮਰਪ੍ਰੀਤ ਸਿੰਘ ਅਤੇ ਪੰਜਾਬ ਟੀਮ ਦੇ ਅਸਤੀਫੇ ਤੋਂ ਬਾਅਦ ਹਲਚਲ ਮਚ ਗਈ ਹੈ।