
ਕੋਰੋਨਾ ਦੇ ਦੌਰ ਵਿਚ ਲੋਕਾਂ ਨੇ ਮਹਿਸੂਸ ਕੀਤਾ ਕਿ ਸਿਰਫ ਇਕ ਨੌਕਰੀ ਦੇ ਭਰੋਸੇ ਤੁਸੀਂ ਆਪਣੇ ਭਵਿੱਖ ਲਈ ਨਿਸ਼ਚਿੰਤ ਹੋ ਕੇ ਨਹੀਂ ਬੈਠ ਸਕਦੇ। ਕਈ ਲੋਕਾਂ ਨੇ ਇਸ ਲਈ ਕੋਈ ਸਾਈਡ ਬਿਜ਼ਨੈੱਸ ਸ਼ੁਰੂ ਕੀਤਾ ਤਾਂ ਕਈ ਲੋਕਾਂ ਨੇ ਬਿਜ਼ਨੈੱਸ ਨੂੰ ਹੀ ਮੁੱਖ ਪੇਸ਼ਾ ਬਣਾ ਲਿਆ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਮਹਿਲਾ ਸ਼ਰਮਿਸ਼ਠਾ ਘੋਸ਼ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਚੰਗੀ ਖਾਸੀ ਨੌਕਰੀ ਛੱਡ ਕੇ ਚਾਹ ਦਾ ਸਟਾਲ ਖੋਲ੍ਹ ਲਿਆ।
ਇੰਗਲਿਸ਼ ਲਿਟਰੇਚਰ ‘ਚ ਮਾਸਟਰਜ਼ ਕਰ ਚੁੱਕੀ ਇਹ ਕੁੜੀ ਅੱਜ ਆਪਣੀ ਨੌਕਰੀ ਛੱਡ ਕੇ ਸੜਕ ‘ਤੇ ਚਾਹ ਦਾ ਸਟਾਲ ਲਗਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਹਿਲਾਂ ਬ੍ਰਿਟਿਸ਼ ਕਾਉਂਸਿਲ ਨਾਲ ਜੁੜੀ ਹੋਈ ਸੀ ਪਰ ਆਪਣੇ ਸਟਾਰਟਅੱਪ ਲਈ ਉਸ ਨੇ ਨੌਕਰੀ ਛੱਡਣ ਦਾ ਫੈਸਲਾ ਕੀਤਾ।
ਸ਼ਰਮਿਸ਼ਠਾ ਨੇ ਇਹ ਟੀ-ਸਟਾਲ ਦਿੱਲੀ ਕੈਂਟ ਦੇ ਗੋਪੀਨਾਥ ਬਾਜ਼ਾਰ ਵਿਚ ਲਗਾਇਆ ਹੈ। ਸ਼ਰਮਿਸ਼ਠਾ ਦੀ ਕਹਾਣੀ ਨੂੰ ਲਿੰਕਿਡਨ ‘ਤੇ ਭਾਰਤੀ ਫੌਜ ਦੇ ਰਿਟਾਇਰਡ ਬ੍ਰਿਗੇਡੀਅਰ ਸੰਜੇ ਖੰਨਾ ਨੇ ਸ਼ੇਅਰ ਕੀਤਾ। ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਕਿ ਜਦੋਂ ਮੈਂ ਸ਼ਰਮਿਸ਼ਠਾ ਤੋਂ ਪੁੱਛਿਆ ਕਿ ਤੁਸੀਂ ਇਹ ਫੈਸਲਾ ਕਿਉਂ ਲਿਆ ਤਾਂ ਉਸ ਨੇ ਦੱਸਿਆ ਕਿ ਉਹ ਇਸ ਟੀ-ਸਟਾਲ ਨੂੰ ਚਾਯੋਸ ਜਿੰਨਾ ਵੱਡਾ ਬਣਾਉਣਾ ਚਾਹੁੰਦੀ ਹੈ। ਖੰਨਾ ਨੇ ਹੀ ਆਪਣੀ ਪੋਸਟ ਵਿਚ ਦੱਸਿਆ ਕਿ ਸ਼ਰਮਿਸ਼ਠਾ ਬ੍ਰਿਟਿਸ਼ ਕੌਂਸਲ ਦੀ ਲਾਇਬ੍ਰੇਰੀ ਵਿਚ ਕੰਮ ਕਰ ਰਹੀ ਸੀ ਪਰ ਉਸ ਨੇ ਨੌਕਰੀ ਛੱਡ ਕੇ ਚਾਹ ਦਾ ਸਟਾਲ ਸ਼ੁਰੂ ਕੀਤਾ। ਸ਼ਰਮਿਸ਼ਠਾ ਨਾਲ ਉਸ ਦੀ ਇਕ ਦੋਸਤ ਵੀ ਇਸ ਸਟਾਲ ਵਿਚ ਹਿੱਸੇਦਾਰ ਹੈ ਜੋ ਕਿ ਪਹਿਲਾਂ ਲੁਫਥਾਂਸਾ ਏਅਰਲਾਈਨਸ ਲਈ ਕੰਮ ਕਰਦੀ ਸੀ।