ਐਡਵੋਕੇਟ ਬਲਵਿੰਦਰ ਕੁਮਾਰ, ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ,ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਵਿਧਾਨ ਸਭਾ ਹਲਕਾ ਕਰਤਾਰਪੁਰ ਤੋਂ ਆਪ ਵਿਧਾਇਕ ਬਲਕਾਰ ਸਿੰਘ ਵੱਲੋਂ ਆਪਣੇ ਪ੍ਰਭਾਵ ਰਾਹੀਂ ਹਲਕੇ ਵਿੱਚ ਪੈਂਦੇ ਪਿੰਡ ਮੰਨਣ ਦੇ ਬਸਪਾ ਸਮਰਥਕਾਂ ਖਿਲਾਫ 27 ਜੁਲਾਈ, 2022 ਨੂੰ ਧਾਰਾ 354 ਤੇ ਅਸਲਾ ਐਕਟ ਤਹਿਤ ਝੂਠਾ ਪਰਚਾ ਨੰਬਰ 127, ਥਾਣਾ ਕਰਤਾਰਪੁਰ ਵਿੱਚ ਕਰਵਾਇਆ ਗਿਆ ਹੈ। ਇਹ ਸਿਰਫ ਇਸ ਲਈ ਕਰਵਾਇਆ ਗਿਆ, ਕਿਉਂਕਿ ਬਸਪਾ ਸਮਰਥਕਾਂ ਵੱਲੋਂ ਪਿੰਡ ਦੇ ਹੀ ਆਪ ਸਮਰਥਕਾਂ ਖਿਲਾਫ ਇੱਕ ਔਰਤ ਨਾਲ ਕੁੱਟਮਾਰ ਕਰਨ ਤੇ ਉਸਦੇ ਕੱਪੜੇ ਪਾੜਨ ਦਾ ਪਰਚਾ ਨੰਬਰ 126 ਥਾਣਾ ਕਰਤਾਰਪੁਰ ਵਿੱਚ ਦਰਜ ਕਰਵਾਇਆ ਗਿਆ ਸੀ। ਸੂਬੇ ਵਿੱਚ ਆਪ ਸਰਕਾਰ ਬਣਨ ਤੋਂ ਬਾਅਦ ਵਿਧਾਇਕ ਬਲਕਾਰ ਸਿੰਘ ਵੱਲੋਂ ਹਲਕੇ ਵਿੱਚ ਖਾਸਕਰ ਬਸਪਾ ਤੇ ਅਕਾਲੀ ਦਲ ਦੇ ਵਰਕਰਾਂ-ਸਮਰਥਕਾਂ ਖਿਲਾਫ ਪੁਲਿਸ ਨੂੰ ਰੰਜਿਸ਼ਨ ਵਰਤਿਆ ਜਾ ਰਿਹਾ ਹੈ। ਇਸ ਕਰਕੇ ਕਈ ਪਿੰਡਾਂ ਵਿੱਚ ਟਕਰਾਅ ਵਾਲੇ ਹਾਲਾਤ ਬਣੇ ਹੋਏ ਹਨ।
ਪੁਲਿਸ ਵੀ ਖਾਸਕਰ ਕਰਤਾਰਪੁਰ ਦੇ ਡੀਐਸਪੀ ਸੁਰਿੰਦਰ ਪਾਲ ਧੋਗੜੀ, ਕਰਤਾਰਪੁਰ ਥਾਣਾ ਮੁਖੀ ਰਮਨਦੀਪ ਸਿੰਘ ਤੇ ਚੌਕੀ ਮੰਡ ਇੰਚਾਰਜ ਸੁਖਵਿੰਦਰ ਸਿੰਘ, ਆਪ ਵਿਧਾਇਕ ਬਲਕਾਰ ਸਿੰਘ ਨਾਲ ਟੀਮ ਦੇ ਰੂਪ ਵਿੱਚ ਕੰਮ ਕਰਕੇ ਬਸਪਾ-ਅਕਾਲੀ ਦਲ ਦੇ ਵਰਕਰਾਂ ਨੂੰ ਟਾਰਗੇਟ ਕਰ ਰਹੇ ਹਨ। ਕਾਨੂੰਨ ਤੇ ਇਨਸਾਫ ਦੇ ਤਰਾਜੂ ਨੂੰ ਇੱਕ ਪਾਸੇ ਰੱਖ ਕੇ ਤੇ ਵਿਧਾਇਕ ਬਲਕਾਰ ਸਿੰਘ ਦੇ ਹਊਮੈ ਨੂੰ ਸੰਤੁਸ਼ਟ ਕਰਨ ਦੇ ਲਈ ਪੁਲਿਸ ਵੱਲੋਂ ਬਸਪਾ-ਅਕਾਲੀ ਦਲ ਦੇ ਵਰਕਰਾਂ ਖਿਲਾਫ ਝੂਠੇ ਕੇਸ ਤਾਂ ਦਰਜ ਕੀਤੇ ਜਾ ਹੀ ਰਹੇ ਹਨ, ਇਸਦੇ ਨਾਲ ਹੀ ਆਪ ਸਮਰਥਕਾਂ ਦੀਆਂ ਝੂਠੀਆਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਵੀ ਪੁਲਿਸ ਵੱਲੋਂ ਬਸਪਾ-ਅਕਾਲੀ ਦਲ ਗੱਠਜੋੜ ਦੇ ਵਰਕਰਾਂ-ਸਮਰਥਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪਿੰਡ ਮੰਨਣ ਦਾ ਬਸਪਾ ਸਮਰਥਕਾਂ ਖਿਲਾਫ ਝੂਠਾ ਪਰਚਾ ਵੀ ਇਸੇ ਹੀ ਸਿਆਸੀ ਪੁਲਿਸ ਗੱਠਜੋੜ ਦਾ ਨਤੀਜਾ ਹੈ। ਜਿਸ ਵਿੱਚ ਪੁਲਿਸ ਇਨਸਾਫ ਦੇਣ ਦੇ ਲਈ ਤਿਆਰ ਨਹੀਂ। ਮਿਤੀ 26 ਜੁਲਾਈ ਨੂੰ ਪਿੰਡ ਮੰਨਣ ਨਿਵਾਸੀ ਰਾਣੋ ਪਤਨੀ ਸੁਰਿੰਦਰ ਸ਼ਿੰਦਾ ਦੇ ਨਾਲ ਆਪ ਸਮਰਥਕ ਸੰਜੀਵ ਕੁਮਾਰ ਉਰਫ ਰਿੰਕੂ ਤੇ ਉਸਦੇ ਸਾਥੀਆਂ ਵੱਲੋਂ ਕੁੱਟਮਾਰ ਕੀਤੀ ਗਈ ਤੇ ਉਸਦੇ ਕੱਪੜੇ ਵੀ ਪਾੜੇ ਗਏ ਸਨ। ਇਸ ਸਬੰਧੀ ਥਾਣਾ ਕਰਤਾਰਪੁਰ ਪੁਲਿਸ ਨੇ ਮੌਕਾ ਵੀ ਦੇਖਿਆ, ਪਰ ਆਪ ਦੇ ਦਬਾਅ ਹੇਠ ਕੋਈ ਕਾਰਵਾਈ ਨਹੀਂ ਕੀਤੀ। ਇਸਦੇ ਖਿਲਾਫ ਪੀੜਤ ਪਰਿਵਾਰ ਵੱਲੋਂ 27 ਜੁਲਾਈ ਸ਼ਾਮ ਨੂੰ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਤੋਂ ਬਾਅਦ ਜਾ ਕੇ ਪੁਲਿਸ ਨੇ ਰਾਣੋ ਦੇ ਬਿਆਨਾਂ ’ਤੇ ਆਪ ਸਮਰਥਕ ਸੰਜੀਵ ਉਰਫ ਰਿੰਕੂ ਤੇ ਉਸਦੇ ਚਾਰ ਹੋਰ ਸਾਥੀਆਂ ਖਿਲਾਫ ਥਾਣਾ ਕਰਤਾਰਪੁਰ ਵਿੱਚ 126 ਨੰਬਰ ਪਰਚਾ 354 ਆਦਿ ਧਾਰਾਵਾਂ ਹੇਠ ਦਰਜ ਕੀਤਾ। ਇਹ ਪਰਚਾ 27 ਜੁਲਾਈ ਰਾਤ ਕਰੀਬ 9.30 ਵਜੇ ਦਰਜ ਕੀਤਾ ਗਿਆ। ਇਸਨੂੰ ਕਾਊਂਟਰ ਕਰਨ ਲਈ ਪੁਲਿਸ ਨੇ ਆਪ ਵਿਧਾਇਕ ਬਲਕਾਰ ਸਿੰਘ ਦੇ ਪ੍ਰਭਾਵ ਹੇਠ ਇੱਕ ਝੂਠਾ ਵਕੂਆ ਤਿਆਰ ਕਰਕੇ ਪਹਿਲੇ ਪਰਚੇ ਵਿੱਚ ਆਰੋਪੀ ਸੰਜੀਵ ਕੁਮਾਰ ਉਰਫ ਰਿੰਕੂ ਦੀ ਪਤਨੀ ਦੇ ਬਿਆਨਾਂ ਦੇ ਆਧਾਰ ’ਤੇ ਰਾਣੋ ਤੇ ਉਸਦੇ ਪਤੀ ਸੁਰਿੰਦਰ ਸ਼ਿੰਦਾ, ਰਾਜੂ, ਹਰੀਸ਼ ਕੁਮਾਰ ਤੇ ਸ਼ੁਸੀਲ ਕੁਮਾਰ ਖਿਲਾਫ 354 ਤੇ ਅਸਲਾ ਐਕਟ ਤਹਿਤ ਇੱਕ ਝੂਠਾ ਮੁਕੱਦਮਾ ਨੰਬਰ 127 ਉਸੇ ਰਾਤ 11.30 ਵਜੇ ਦਰਜ ਕਰ ਦਿੱਤਾ। ਹਰੀਸ਼ ਰਿਟਾਇਰਡ ਫੌਜੀ ਹਨ ਤੇ ਸੁਸ਼ੀਲ ਕੁਮਾਰ ਨੂੰ ਰੰਜਿਸ਼ਨ ਸਿਰਫ ਇਸ ਕਰਕੇ ਫਸਾਇਆ ਗਿਆ, ਤਾਂ ਕਿ ਉਹ ਕੈਨੇਡਾ ਆਪਣੇ ਪਰਿਵਾਰ ਕੋਲ ਨਾ ਜਾ ਸਕੇ।
ਬਸਪਾ ਸਮਰਥਕਾਂ ਵੱਲੋਂ ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਤੇ ਥਾਣਾ ਮੁਖੀ ਕਰਤਾਰਪੁਰ ਰਮਨਦੀਪ ਸਿੰਘ ਨੂੰ ਝੂਠੇ ਪਰਚੇ ਸਬੰਧੀ ਪਿੰਡ ਵਿੱਚ ਜਾ ਕੇ ਜਾਂਚ ਕਰਨ ਤੇ ਉੱਥੇ ਲੱਗੇ ਕੈਮਰਿਆਂ ਦੀ ਸੀਸੀਟੀਵੀ ਫੁਟੇਜ ਲੈਣ ਦੇ ਲਈ ਕਿਹਾ ਗਿਆ, ਪਰ ਸੱਤ੍ਹਾਧਾਰੀ ਧਿਰ ਦੇ ਪ੍ਰਭਾਵ ਹੇਠ ਇਨ੍ਹਾਂ ਵੱਲੋਂ ਕੋਈ ਜਾਂਚ ਹੀ ਨਹੀਂ ਕੀਤੀ ਗਈ। ਪੀੜਤ ਰਾਣੋ ਪੱਖ ਦੇ ਲੋਕ ਐਸਐਸਪੀ ਜਲੰਧਰ ਦਿਹਾਤੀ ਨੂੰ ਮਿਲੇ ਤਾਂ ਉਨ੍ਹਾਂ ਇਸ ਸਬੰਧੀ ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਨੂੰ ਜਾਂਚ ਕਰਨ ਲਈ ਕਿਹਾ, ਪਰ ਉਨ੍ਹਾਂ ਵੱਲੋਂ ਇਹ ਸਾਰਾ ਮਾਮਲਾ ਠੰਡੇ ਬਸਤੇ ਪਾਇਆ ਹੋਇਆ ਹੈ। ਪੀੜਤ ਪਰਿਵਾਰ ਨੇ ਇਸ ਸਬੰਧੀ ਆਈਜੀ ਹੈਡਕੁਆਰਟਰ ਡਾ. ਸੁਖਚੈਨ ਸਿੰਘ ਗਿੱਲ ਨੂੰ ਵੀ ਆਪਣਾ ਪੱਖ ਦੱਸਿਆ ਸੀ, ਪਰ ਅਜੇ ਤੱਕ ਇਸ ਮਾਮਲੇ ਵਿੱਚ ਕੋਈ ਇਨਸਾਫ ਨਹੀਂ ਮਿਲਿਆ। ਇਸ ਕਰਕੇ ਅਸੀਂ ਬਸਪਾ ਤੇ ਪੀੜਤ ਪਰਿਵਾਰ ਵੱਲੋਂ ਮੀਡੀਆ ਰਾਹੀਂ ਡੀਜੀਪੀ ਪੰਜਾਬ ਨੂੰ ਇਹ ਅਪੀਲ ਕਰਨੀ ਚਾਹੁੰਦੇ ਹਾਂ ਇਸ ਮਾਮਲੇ ਵਿੱਚ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ। ਇਸ ਤੋਂ ਇਲਾਵਾ ਵਿਧਾਇਕ ਬਲਕਾਰ ਸਿੰਘ, ਜੋ ਕਰਤਾਰਪੁਰ ਪੁਲਿਸ ਦੀ ਇੱਕ ਨਿੱਜੀ ਏਜੰਸੀ ਦੀ ਤਰ੍ਹਾਂ ਨਿੱਜੀ ਸਿਆਸੀ ਰੰਜਿਸ਼ ਕੱਢਣ ਲਈ ਵਰਤੋਂ ਕਰ ਰਹੇ ਹਨ, ਉਸ ’ਤੇ ਵੀ ਰੋਕ ਲਗਾਈ ਜਾਵੇ। ਡੀਐਸਪੀ ਕਰਤਾਰਪੁਰ ਸੁਰਿੰਦਰ ਪਾਲ ਧੋਗੜੀ ਤੇ ਥਾਣਾ ਕਰਤਾਰਪੁਰ ਇੰਚਾਰਜ ਰਮਨਦੀਪ ਸਿੰਘ ਤੋਂ ਕੋਈ ਇਨਸਾਫ ਦੀ ਉਮੀਦ ਨਹੀਂ ਬਚੀ ਤੇ ਇਨ੍ਹਾਂ ਨੇ ਸੰਵਿਧਾਨਕ ਅਹੁਦਿਆਂ ਦਾ ਰੁਤਬਾ ਵੀ ਖਤਮ ਕਰ ਦਿੱਤਾ ਹੈ। ਇਨ੍ਹਾਂ ਦੇ ਇਸ ਪੋਸਟ ’ਤੇ ਰਹਿੰਦਿਆਂ ਵਿਰੋਧੀ ਧਿਰਾਂ ਇਨਸਾਫ ਦੀ ਕੋਈ ਉਮੀਦ ਨਹੀਂ ਕਰ ਸਕਦੀਆਂ। ਇਸ਼ ਲਈ ਇਨ੍ਹਾਂ ਨੂੰ ਬਦਲਿਆ ਜਾਵੇ ਤੇ ਲੋਕਾਂ ਨਾਲ ਕੀਤੀ ਧੱਕੇਸ਼ਾਹੀ ਦੀ ਇਨ੍ਹਾਂ ਖਿਲਾਫ ਜਾਂਚ ਕਰਕੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪੀੜਤ ਪਰਿਵਾਰ ਵਿਚੋਂ ਰਾਣੋ, ਸੁਰਿੰਦਰ ਸ਼ਿੰਦਾ, ਹਰੀਸ਼ ਕੁਮਾਰ ਅਤੇ ਬਸਪਾ ਆਗੂ ਸ਼ਾਦੀ ਲਾਲ ਬੱਲਾਂ ਤੇ ਪਰਮਜੀਤ ਮੰਨਣ ਵੀ ਮੌਜ਼ੂਦ ਸਨ।