ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅੱਜ ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.), ਜਲੰਧਰ ਨਰੇਸ਼ ਕਲੇਰ ਦੀ ਮਿਲੀਭੁਗਤ ਨਾਲ ਵਪਾਰਕ ਅਤੇ ਨਿੱਜੀ ਵਾਹਨਾਂ ਦੀ ਜਾਂਚ ਕੀਤੇ ਬਿਨਾਂ ਮੋਟੀਆਂ ਰਿਸ਼ਵਤਾਂ ਲੈ ਕੇ ਫਿਟਨੈਸ ਸਰਟੀਫਿਕੇਟ ਜਾਰੀ ਕਰਨ/ਪ੍ਰਾਪਤ ਕਰਨ ਵਾਲੇ 3 ਭਗੌੜੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਬਿਊਰੋ ਨੇ ਸਾਰੇ ਮੁਲਜ਼ਮਾਂ ਦੇ ਮੋਬਾਈਲ ਫੋਨ ਅਤੇ ਸਿਮ ਕਾਰਡ ਜ਼ਬਤ ਕਰ ਲਏ ਹਨ ਅਤੇ ਇਸ ਕੇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਇਹਨਾਂ ਨੂੰ ਡਾਟਾ ਮਾਹਿਰਾਂ ਕੋਲ ਭੇਜਿਆ ਜਾਵੇਗਾ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਪੰਕਜ ਢੀਂਗਰਾ ਉਰਫ਼ ਭੋਲੂ ਵਾਸੀ ਨਿਊ ਕੈਲਾਸ਼ ਨਗਰ, ਸੋਡਲ ਰੋਡ ਜਲੰਧਰ, ਬ੍ਰਿਜਪਾਲ ਸਿੰਘ ਉਰਫ਼ ਰਿੱਕੀ ਵਾਸੀ ਕ੍ਰਿਸ਼ਨਾ ਨਗਰ, ਜਲੰਧਰ ਅਤੇ ਅਰਵਿੰਦ ਕੁਮਾਰ ਉਰਫ਼ ਬਿੰਦੂ ਵਾਸੀ ਉਪਕਾਰ ਨਗਰ, ਜਲੰਧਰ ਵਜੋਂ ਹੋਈ ਹੈ।