
ਬਠਿੰਡਾ ਦੇ ਵੱਖ ਵੱਖ ਚੌਂਕਾਂ ਵਿੱਚ ਭੀਖ ਮੰਗ ਕੇ ਗੁਜ਼ਾਰਾ ਕਰਨ ਵਾਲੇ ਬੱਚਿਆਂ ਨੂੰ ਪੜ੍ਹਾਉਣ ਦਾ ਜ਼ਿੰਮਾ ਅਧਿਆਪਕ ਸੁਖਪਾਲ ਸਿੰਘ ਅਤੇ ਉਸਦੀ ਪਤਨੀ ਛਿੰਦਰਪਾਲ ਕੌਰ ਵੱਲੋਂ ਚੁੱਕਿਆ ਜਾ ਰਿਹਾ ਹੈ। ਬਠਿੰਡਾ ਦੇ ਪਾਵਰ ਹਾਊਸ ਰੋਡ ’ਤੇ ਖੁੱਲ੍ਹੇ ਆਸਮਾਨ ਥੱਲੇ ਫੁੱਟਪਾਥ ’ਤੇ ਇਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਛੇ ਤੋਂ ਸੱਤ ਇਕ ਘੰਟੇ ਤੱਕ ਅਧਿਆਪਕ ਜੋੜਾ ਪੜ੍ਹਾਉਂਦਾ ਹੈ।

ਅਧਿਆਪਕ ਸਤਪਾਲ ਸਿੰਘ ਨੇ ਦੱਸਿਆ ਕਿ ਉਸਦੀ ਡਿਊਟੀ ਸਰਕਾਰੀ ਐਲੀਮੈਂਟਰੀ ਸਕੂਲ ਨਥਾਣਾ ਵਿਖੇ ਹੈ ਇਸ ਤੋਂ ਪਹਿਲਾਂ ਉਸ ਵੱਲੋਂ ਆਪਣੇ ਨਿੱਜੀ ਖ਼ਰਚ ਤੇ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ ਆਪਣੇ ਸਰਕਾਰੀ ਸਕੂਲ ਨੂੰ ਫੁੱਲੀ ਏਸੀ ਬਣਾਇਆ ਅਤੇ ਆਧੁਨਿਕ ਸਹੂਲਤਾਂ ਪ੍ਰੋਜੈਕਟਰ ਆਦਿ ਲਗਾ ਕੇ ਬੱਚਿਆਂ ਨੂੰ ਸਿੱਖਿਅਤ ਕਰਨ ਦੀ ਮੁਹਿੰਮ ਛੇੜੀ ਸੀ। ਇਸ ਮੌਕੇ ਉਨ੍ਹਾਂ ਦੱਸਿਆ ਕਿ ਉਹ ਜਦੋਂ ਵੀ ਰੋਜ਼ਾਨਾ ਆਪਣੇ ਕੰਮ ਧੰਦੇ ਲਈ ਸ਼ਹਿਰ ਵਿੱਚ ਆਉਂਦੇ ਸਨ ਤਾਂ ਵੱਖ ਵੱਖ ਚੌਂਕਾਂ ਵਿੱਚ ਉਨ੍ਹਾਂ ਨੂੰ ਛੋਟੇ ਛੋਟੇ ਬੱਚੇ ਗੱਡੀਆਂ ਸਾਫ਼ ਕਰਦੇ ਦਿਖਾਈ ਦਿੰਦੇ ਸਨ ਅਤੇ ਕਿਤੇ ਨਾ ਕਿਤੇ ਉਨ੍ਹਾਂ ਦੇ ਮਨ ਵਿੱਚ ਤਾਂਘ ਸੀ ਕਿ ਉਹ ਇੰਨ੍ਹਾਂ ਗ਼ਰੀਬ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਨਾ ਕੋਈ ਉਪਰਾਲਾ ਕਰਨ।