ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੀਆਂ ਚੰਡੀਗੜ੍ਹ ਤੇ ਅੰਮ੍ਰਿਤਸਰ ‘ਚ ਜਾਇਦਾਦਾਂ ਜ਼ਬਤ ਕਰਨ ਤੋਂ ਬਾਅਦ NIA ਨੇ ਖਾਲਿਸਤਾਨੀ ਸਮਰਥਕਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ। ਐਨਆਈਏ ਸੂਚੀ ‘ਚ ਸ਼ਾਮਲ ਸਾਰੇ ਲੋਕਾਂ ਦੀਆਂ ਜਾਇਦਾਦਾਂ ਕੁਰਕ ਕਰਨ ਦੀ ਵੀ ਤਿਆਰੀ ਕਰ ਰਹੀ ਹੈ।
ਇਸ ਸੂਚੀ ‘ਚ ਪਰਮਜੀਤ ਸਿੰਘ ਪੰਮਾ, ਕੁਲਵੰਤ ਮੁਠੱਡਾ, ਸੁਖਪਾਲ ਸਿੰਘ, ਸਰਬਜੀਤ ਬਨੂੜ, ਕੁਲਵੰਤ, ਗੁਰਪ੍ਰੀਤ ਸਿੰਘ, ਹਰਜਾਪ, ਹਰਪ੍ਰੀਤ ਸਿੰਘ, ਰਣਜੀਤ ਨੀਟਾ, ਗੁਰਮੀਤ ਸਿੰਘ, ਜਸਮੀਤ ਹਕੀਮਜ਼ਾਦਾ, ਗੁਰਜੰਟ ਢਿੱਲੋਂ, ਲਖਬੀਰ ਰੋਡੇ, ਅਮਰਦੀਪ ਪੁਰੇਵਾਲ, ਜਤਿੰਦਰ ਗਰੇਵਾਲ, ਡੀ. ਐਸ. ਹਿੰਮਤ ਸਿੰਘ, ਵਧਾਵਾ ਸਿੰਘ (ਬੱਬਰ ਚਾਚਾ) ਅਤੇ ਜੇ ਧਾਲੀਵਾਲ ਦੇ ਨਾਮ ਸ਼ਾਮਲ ਹਨ।
NIA ਨੇ ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਪਿੰਡ ਖਾਨਕੋਟ ‘ਚ ਗੁਰਪਤਵੰਤ ਸਿੰਘ ਪੰਨੂ ਦੀ 46 ਕਨਾਲ ਜ਼ਮੀਨ ਜ਼ਬਤ ਕਰ ਲਈ ਹੈ। ਇਹ ਵਾਹੀਯੋਗ ਜ਼ਮੀਨ ਹੈ। ਖਾਨਕੋਟ ਪੰਨੂੰ ਦਾ ਜੱਦੀ ਪਿੰਡ ਹੈ। ਚੰਡੀਗੜ੍ਹ ਦੇ ਸੈਕਟਰ 15ਸੀ ਸਥਿਤ ਉਸ ਦੇ ਘਰ ਨੂੰ ਵੀ ਐਨਆਈਏ ਨੇ ਜ਼ਬਤ ਕਰ ਲਿਆ ਹੈ। ਇਸ ਤੋਂ ਪਹਿਲਾਂ 2020 ‘ਚ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਸਨ। ਕਾਨੂੰਨੀ ਤੌਰ ‘ਤੇ ਪੰਨੂ ਹੁਣ ਇਨ੍ਹਾਂ ਜਾਇਦਾਦਾਂ ਦੇ ਮਾਲਕ ਨਹੀਂ ਹੈ।
ਇਸੇ ਤਰ੍ਹਾਂ ਜਲੰਧਰ ‘ਚ ਅੱਤਵਾਦੀ ਨਿੱਝਰ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ। ਇਹ ਜਾਇਦਾਦ ਹੁਣ ਸਰਕਾਰ ਦੀ ਹੈ। ਭਾਰਤ ਸਰਕਾਰ ਨੇ 2019 ‘ਚ ਪੰਨੂ ਦੇ ਸੰਗਠਨ SFJ ‘ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਯਾਨੀ UAPA ਦੇ ਤਹਿਤ ਪਾਬੰਦੀ ਲਗਾ ਦਿੱਤੀ ਸੀ।