Latest news

Glime India News

ਡਰਨ ਦੀ ਲੋੜ ਨਹੀਂ, ਹੁਣ ਫੋਨ ‘ਚ ਰੱਖੋ ਆਪਣਾ ਡਰਾਈਵਿੰਗ ਲਾਈਸੈਂਸ ਤੇ RC

ਚੰਡੀਗੜ੍ਹ : ਅਰੁਣ ਅਹੂਜਾ /ਐਸ ਐਸ ਚਾਹਲ

ਹੁਣ ਜੇਕਰ ਟ੍ਰੈਫਿਕ ਸਿਗਨਲ ‘ਤੇ ਚੈਕਿੰਗ ਦੌਰਾਨ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਜਾਂ ਆਰਸੀ ਤੁਸੀਂ ਘਰ ਭੁੱਲ ਗਏ ਹੋ ਤਾਂ ਤੁਹਾਨੂੰ ਜੁਰਮਾਨੇ ਤੋਂ ਡਰਨ ਦੀ ਲੋੜ ਨਹੀਂ। ਪੰਜਾਬ ਵਿੱਚ ਹੁਣ ਮੋਬਾਈਲ ਵਿੱਚ ਇਸ ਦੀ ਡਿਜੀਟਲ ਕਾਪੀ ਵੀ ਵੈਧ ਮੰਨੀ ਜਾਵੇਗੀ। ਕਿਉਂਕਿ ਪੰਜਾਬ ਟਰਾਂਸਪੋਰਟ ਵਿਭਾਗ ਨੇ ਡੀ.ਐਲ. ਅਤੇ ਆਰ.ਸੀ. ਦੇ ਇਲੈਕਟ੍ਰਾਨਿਕ ਫਾਰਮੈਟ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਹੁਣ ਉਹ ਡਰਾਈਵਿੰਗ ਲਾਇਸੈਂਸ ਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਭਾਵ ਆਰਸੀ ਦੀਆਂ ਡਿਜੀਟਲ ਕਾਪੀਆਂ ਵੀ ਦਿਖਾ ਸਕਦੇ ਹਨ, ਜੋਕਿ ਮੋਬਾਈਲ ਐਪਸ- ਐਮਪਰਿਵਾਹਨ ਅਤੇ ਡਿਜੀਲਾਕਰ ਜ਼ਰੀਏ ਡਾਊਨਲੋਡ ਕਰਕੇ ਆਪਣੇ ਫੋਨ ਵਿੱਚ ਹੀ ਰਖ ਸਕਦੇ ਹਨ, ਜਿਸ ਨਾਲ ਹੁਣ ਵਾਹਨ ਚਾਲਕਾਂ ਨੂੰ ਟ੍ਰੈਫਿਕ ਪੁਲਿਸ ਤੇ ਆਰਟੀਓਜ਼ ਚੈਕਿੰਗ ਦੌਰਾਨ ਆਪਣੇ ਡੀਐਲ ਤੇ ਆਰਸੀ ਆਦਿ ਨਾਲ ਰੱਖਣ ਦੀ ਲੋੜ ਨਹੀਂ ਹੈ। ਇਸ ਨਾਲ ਜਿਥੇ ਵਾਹਨ ਚਾਲਕ ਜੁਰਮਾਨੇ ਤੋਂ ਬਚਣਗੇ ਉਥੇ ਹੀ ਭ੍ਰਿਸ਼ਟਾਚਾਰ ਨੂੰ ਵੀ ਠੱਲ੍ਹ ਪਏਗੀ।

ਇਹ ਜਾਣਕਾਰੀ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਟ੍ਰੈਫਿਕ ਪੁਲਿਸ ਵੱਲੋਂ ਮੌਕੇ ‘ਤੇ ਵੈਰੀਫਿਕੇਸ਼ਨ ਦੌਰਾਨ ਸਮਾਰਟਫੋਨਜ਼ ਵਿੱਚ “ਵਰਚੁਅਲ” ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਨੂੰ ਵੈਧ ਮੰਨਿਆ ਜਾਵੇਗਾ। ਇਸ ਸੰਬੰਧੀ ਪੰਜਾਬ ਰਾਜ ਖੇਤਰੀ ਟਰਾਂਸਪੋਰਟ ਅਥਾਰਟੀਆਂ ਦੇ ਸਮੂਹ ਸਕੱਤਰਾਂ /ਐਸਡੀਐਮਜ਼ ਅਤੇ ਏਡੀਜੀਪੀ ਟਰੈਫਿਕ ਨੂੰ ਪੁਲਿਸ ਵਿਭਾਗ ਦੇ ਚੈਕਿੰਗ ਸਟਾਫ ਨੂੰ ਜਾਗਰੂਕ ਕਰਨ ਲਈ ਇੱਕ ਪੱਤਰ ਜਾਰੀ ਕਰ ਦਿੱਤਾ ਗਿਆ ਹੈ।

ਇਸ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੂਬੇ ਦੇ ਟਰਾਂਸਪੋਰਟ ਦਫਤਰਾਂ ਦੇ ਨੋਟਿਸ ਬੋਰਡਾਂ ‘ਤੇ ‘ਵਰਚੁਅਲ’ ਡੀਐਲ ਅਤੇ ਆਰਸੀ ਦੀ ਮਨਜ਼ੂਰੀ ਸੰਬੰਧੀ ਜਾਣਕਾਰੀ ਲਗਾਈ ਜਾਵੇਗੀ। ਦੱਸ ਦੇਈਏ ਕਿ ਆਰਸੀ ਜਾਂ ਡੀਐਲ ਨੂੰ ਰਜਿਸਟਰਡ ਅਤੇ ਲਾਇਸੈਂਸੀ ਅਥਾਰਟੀ ਵਲੋਂ ਪ੍ਰਵਾਨਗੀ ਦੇਣ ਤੋਂ ਬਾਅਦ ਬਿਨੈਕਾਰ ਦੇ ਫੋਨ ‘ਤੇ ਇੱਕ ਮੈਸੇਜ ਆਉਂਦਾ ਹੈ, ਜਿਸ ਤੋਂ ਬਾਅਦ ਉਹ ਐਪ ਤੋਂ ਇਨ੍ਹਾਂ ਡਾਕੂਮੈਂਟਸ ਨੂੰ ਡਾਊਨਲੋਡ ਕਰਕੇ ਆਪਣੇ ਫੋਨ ਵਿੱਚ ਰਖ ਸਕਦੇ ਹਨ।