PoliticsPunjab

NRI ਥਾਣੇ ਦੇ SHO ਦਾ ਰੀਡਰ 20 ਹਜਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ

Reader of SHO of NRI police station caught red-handed while accepting bribe of 20 thousand rupees

ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਐਸ.ਐਚ.ਓ. ਐਨਆਰਆਈ ਥਾਣਾ ਲੁਧਿਆਣਾ ਦੇ ਰੀਡਰ ਵਜੋਂ ਤਾਇਨਾਤ ਸਿਪਾਹੀ ਬਲਰਾਜ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਐਡਵੋਕੇਟ ਅਰੁਣ ਕੁਮਾਰ ਖੁਰਮੀ, ਵਾਸੀ ਉਪਕਾਰ ਨਗਰ, ਸਿਵਲ ਲਾਈਨਜ਼ ਲੁਧਿਆਣਾ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਪਿੰਡ ਉਧੋਵਾਲ, ਤਹਿਸੀਲ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਿਖੇ ਉਸ ਦੀ ਪਤਨੀ ਦੇ ਨਾਮ ਉਪਰ 20 ਕਨਾਲ ਜ਼ਮੀਨ ਹੈ, ਜਿਸ ਉੱਤੇ ਦੋ ਵਿਅਕਤੀਆਂ ਨੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਜ਼ਮੀਨ ਵਿਚ ਖੜ੍ਹੇ ਪਾਪੂਲਰ ਦੇ ਦਰੱਖਤ ਵੀ ਚੋਰੀ ਕਰ ਲਏ।

 
ਸ਼ਿਕਾਇਤਕਰਤਾ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਜੋ ਕਿ ਐਸ.ਐਚ.ਓ ਐਨ.ਆਰ.ਆਈਜ਼ ਸੈੱਲ, ਲੁਧਿਆਣਾ ਕੋਲ ਪਈ ਹੈ। ਉਸ ਨੇ ਅੱਗੇ ਦੋਸ਼ ਲਾਇਆ ਕਿ ਪੁਲਿਸ ਨੇ ਉਸ ਦੀ ਸ਼ਿਕਾਇਤ ‘ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਐਸ.ਐਚ.ਓ. ਐਨ.ਆਰ.ਆਈਜ਼ ਥਾਣੇ ਦੇ ਰੀਡਰ ਬਲਰਾਜ ਸਿੰਘ ਨੇ ਇਸ ਉਪਰ ਕਾਰਵਾਈ ਕਰਵਾਉਣ ਬਦਲੇ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਨੇ ਉਸ ਨੂੰ ਰਿਸ਼ਵਤ ਵਜੋਂ 20000 ਰੁਪਏ ਪਹਿਲਾਂ ਅਤੇ 80000 ਰੁਪਏ ਅਗਲੇ ਹਫਤੇ ਤੱਕ ਦੇਣ ਲਈ ਕਿਹਾ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੀ ਪੜਤਾਲ ਉਪਰੰਤ ਉਕਤ ਮੁਲਜ਼ਮ ਖਿਲਾਫ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਥਾਣਾ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਸਿਪਾਹੀ ਬਲਰਾਜ ਸਿੰਘ ਨੂੰ ਐਨ.ਆਰ.ਆਈ. ਥਾਣਾ ਲੁਧਿਆਣਾ ਦੇ ਬਾਹਰੋਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।

Back to top button