ਅੰਮਿ੍ਰਤਸਰ 21 ਫਰਵਰੀ (ਜਸਬੀਰ ਸਿੰਘ ਪੱਟੀ)
ਸੌ ਸਾਲ ਪਹਿਲਾਂ ਦੁਰਾਚਾਰੀ ਤੇ ਜਰਾਇਮ ਪੇਸ਼ਾ ਮਹੰਤ ਨਰਾਇਣ ਦਾਸ ਦੇ ਗੁਰਗਿਆ ਨੇ ਬੁਰਛਾਗਰਦੀ ਕਰਦਿਆ ਬਰਛੀਆਂ, ਗੰਡਾਸਿਆ, ਕੁਲਹਾੜੀਆ ਅਤੇ ਗੋਲ਼ੀਆਂ ਦੀਆਂ ਬੁਛਾੜਾਂ ਨਾਲ ਇਤਿਹਾਸਕ ਤੇ ਸਿੱਖ ਧਰਮ ਦੀ ਪਰੇਰਨਾ ਸਰੋਤ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਖ਼ੂਨੀ ਸਾਕੇ ਨੂੰ ਅੰਜਾਮ ਦੇ ਕੇ ਇੱਕ ਲਹੂ ਭਿੱਜੀ ਇਬਾਦਤ ਲਿਖ ਕੇ ਆਪਣਾ ਨਾਮ ਹਮੇਸ਼ਾਂ ਲਈ ਪੰਥ ਦੋਖੀਆ ਵਿੱਚ ਲਿਖਵਾ ਲਿਆ ਪਰ ਅੱਜ ਇੱਕ ਪਾਸੇ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਇਸ ਸਾਕੇ ਦੀ ਸ਼ਤਾਬਦੀ ਮਨਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਉਥੇ ਇਸੇ ਹੀ ਸੰਸਥਾ ਦੇ ਮਹੰਤ ਨਰੈਣੂ ਵਾਲੀ ਬਿਰਤੀ ਵਾਲੇ ਪ੍ਰਬੰਧਕਾਂ ਨੇ ਸ੍ਰੀ ਦਰਬਾਰ ਸਾਹਿਬ ਵਿੱਚੋ ਸੰਗਤਾਂ ਨੂੰ ਨਾਦਾਰਦ ਕਰਕੇ ਨਵੀ ਇਬਾਬਤ ਲਿਖ ਦਿੱਤੀ ਹੈ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਅੰਮਿ੍ਰਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ੍ਰੀ ਅਕਾਲ ਤਖਤ ਸਾਹਿਬ ਸਥਿਤ ਕੋਠਾ ਸਾਹਿਬ ਤੋਂ ਇੱਕ ਉਲੀਕੀ ਮਰਿਆਦਾ ਅਨੁਸਾਰ ਪਾਲਕੀ ਵਿੱਚ ਬਿਰਾਜਮਾਨ ਕਰਕੇ ਲਿਜਾਈ ਜਾਂਦੀ ਹੈ ਤੇ ਸੰਗਤਾਂ ਪਾਲਕੀ ਸਾਹਿਬ ਨੂੰ ਮੋਢਾ ਲਗਾ ਕੇ ਧੰਨ ਧੰਨ ਹੋ ਜਾਂਦੀਆਂ ਤੇ ਸੰਤੁਸ਼ਟੀ ਪ੍ਰਗਟ ਕਰਦੀਆ ਹਨ ਕਿ ਉਹਨਾਂ ਨੇ ਗੁਰੂ ਸਾਹਿਬ ਦੀ ਸਵਾਰੀ ਨੂੰ ਮੋਢਾ ਲਗਾ ਕੇ ਆਪਣਾ ਜੀਵਨ ਸਫਲ ਕਰ ਲਿਆ ਹੈ। ਪਿਛਲੇ ਕੁਝ ਦਿਨਾਂ ਤੋ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਨਾਮ ਹੇਠ ਕੁਝ ਪ੍ਰਬੰਧਕ ਤੇ ਅਧਿਕਾਰੀ ਪ੍ਰਬੰਧ ਨੂੰ ਨਾਕਸ ਕਰਨ ਵਿੱਚ ਰੁੱਝੇ ਹੋਏ ਹਨ। ਗੁਰੂ ਘਰ ਦੇ ਪ੍ਰੇਮੀ ਜਿਹੜੇ ਪਹਿਲਾਂ ਤਿੰਨ ਪਹਿਰੇ ਦੀ ਸੇਵਾ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੁੱਕੀ ਤੇ ਗਿੱਲੀ ਸੇਵਾ ਕਰਦੇ ਹਨ ਤੇ ਇਹ ਸੇਵਾ ਕਰਨ ਦਾ ਅਧਿਕਾਰ ਸਿਰਫ ਉਹਨਾਂ ਨੂੰ ਹੀ ਹੰੁਦਾ ਹੈ ਜਿਹੜੇ ਸ੍ਰੀ ਦਰਬਾਰ ਸਾਹਿਬ ਦੀ ਚੌਕੀ ਭਰਨ ਤੋਂ ਪਹਿਲਾਂ ਅਧਿਕਾਰੀਆ ਤੇ ਕਰਮਚਾਰੀਆਂ ਦੀਆਂ ਚੌਕੀਆਂ ਭਰ ਕੇ ਆਉਣ। ਜਿਹੜਾ ਕੋਈ ਇਹਨਾਂ ਦੀ ਅਜਾਰੇਦਾਰੀ ਦਾ ਵਿਰੋਧ ਕਰਦਾ ਹੈ ਉਸ ਦਾ ਸ੍ਰੀ ਦਰਬਾਰ ਸਾਹਿਬ ਵਿਖੇ ਉਸੇ ਤਰਾ ਹੀ ਵੜਣਾ ਬੰਦ ਕਰ ਦਿੱਤਾ ਜਾਂਦਾ ਹੈ ਜਿਸ ਤਰਾ ਮਹੰਤ ਨਰੈਣੂ ਨੂੰ ਜਦੋ ਕੁਝ ਵਿਚਾਰਵਾਨ ਸਿੱਖਾਂ ਨੇ ਸ਼ਕਾਇਤ ਕੀਤੀ ਸੀ ਕਿ ਉਸ ਦੇ ਗੁਰਗੇ ਸੰਗਤਾਂ ਨਾਲ ਬਦਤਮੀਜ਼ੀ ਕਰਦੇ ਹਨ ਤਾਂ ਜਿਸ ਤਰਾ ਮਹੰਤ ਨੇ ਕਿਹਾ ਕਿ ਇਹ ਸਾਡੀ ਨਿੱਜੀ ਜਾਇਦਾਦ ਤੁਸੀ ਆਪਣੀਆ ਰੰਨਾਂ ਨੂੰ ਨਾ ਭੇਜਿਆ ਕਰੋ, ਇਹੋ ਹਾਲ ਹੀ ਹੁਣ ਸ੍ਰੀ ਦਰਬਾਰ ਸਾਹਿਬ ਵਿਖੇ ਸ਼੍ਰੋਮਣੀ ਕਮੇਟੀ ਦੇ ਗੁਰਗੇ ਅੰਜਾਮ ਦੇ ਰਹੇ ਹਨ ਤੇ ਸੰਗਤਾਂ ਨਾਲ ਦੁਰਵਿਹਾਰ ਕਰ ਰਹੇ ਹਨ।
ਕੁਝ ਦਿਨਾਂ ਪਹਿਲਾਂ ਪਿਛਲੇ ਕਰੀਬ 23 ਸਾਲਾਂ ਤੋ ਸ੍ਰੀ ਪਾਲਕੀ ਸਾਹਿਬ ਦੀ ਸੇਵਾ ਕਰਦੇ ਆ ਰਹੇ ਇੱਕ ਹਿੰਦੂ ਸ਼ਰਧਾਲੂ ਦਿਨੇਸ਼ ਕੁਮਾਰ ਨੂੰ ਇੱਕ ਦਮਦਮੀ ਟਕਸਾਲ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਿਹੜਾ ਪਹਿਲਾਂ ਵੀ ਆਪਹੁਦਰੀਆ ਕਾਰਨ ਕਾਫੀ ਚਰਚਾ ਵਿੱਚ ਰਹਿੰਦਾ ਹੈ ਤੇ ਟਟਿਹਰੀ ਵਾਂਗੂ ਸਮਝਦਾ ਹੈ ਕਿ ਪੰਥ ਦਾ ਸਾਰਾ ਭਾਰਾ ਸ਼ਾਇਦ ਉਸ ਨੇ ਹੀ ਚੁੱਕਿਆ ਹੋਇਆ ਹੈ ਦੇ ਇਸ਼ਾਰਿਆ ਤੇ ਉਸ ਦੀ ਸੇਵਾ ਬੰਦ ਕਰ ਦਿੱਤੀ। ਇਸ ਸਬੰਧ ਵਿੱਚ ਸੰਗਤਾਂ ਵੱਲੋ ਇੱਕ ਦਰਖਾਸਤ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਨਾਮ ਦਿੱਤੀ ਜਾ ਚੁੱਕੀ ਹੈ ਪਰ 15 ਦਿਨ ਤੋ ਵਧੇਰੇ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਹੋ ਸਕੀ। ਚਾਹੀਦਾ ਇਹ ਸੀ ਕਿ ਉਸ ਬਾਰੇ ਜੇਕਰ ਕੋਈ ਸ਼ਕਾਇਤ ਸੀ ਤਾਂ ਉਸ ਬਾਰੇ ਉਸ ਨੂੰ ਸੂਚਿਤ ਕਰਨ ਤੋ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਅਧਿਕਾਰੀਆ ਦੇ ਨੋਟਿਸ ਵਿੱਚ ਲਿਆਦਾ ਜਾਂਦਾ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਇੱਕ ਮੈਂਬਰ ਨੇ ਇੱਕ ਕਰਮਚਾਰੀ ਨੂੰ ਕਿਹਾ ਕਿ ਤੈਨੂੰ ਮੁਅੱਤਲ ਕੀਤਾ ਜਾਂਦਾ ਹੈ ਤਾਂ ਉਹ ਅਧਿਕਾਰੀ ਹੱਸ ਪਿਆ। ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿੱਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਧਿਆਨ ਵਿੱਚ ਜਦੋਂ ਇਹ ਮਾਮਲਾ ਲਿਆਦਾ ਗਿਆ ਤਾਂ ਟੌਹੜਾ ਨੇ ਮੈਂਬਰ ਨੂੰ ਝਾੜ ਪਾਉਦਿਆ ਕਿਹਾ ਕਿ ਉਹ ਸਿਰਫ ਲਿਖਤੀ ਸ਼ਕਾਇਤ ਅਧਿਕਾਰੀਆ ਨੂੰ ਕਰ ਸਕਦਾ ਹੈ ਜਿਸ ਦੀ ਪੜਤਾਲ ਕਰਨ ਤੋ ਬਾਅਦ ਹੀ ਲੋੜੀਦੀ ਕਾਰਵਾਈ ਕੀਤੀ ਜਾ ਸਕਦੀ ਹੈ ਪਰ ਅੱਜ ਨਾ ਕਿਸੇ ਅਧਿਕਾਰੀ ਨੂੰ ਪੁੱਛਿਆ ਜਾਂਦਾ ਹੈ ਸਗੋ ਮੈਂਬਰ ਹੀ ਕਾਰਵਾਈ ਮਹੰਤ ਨਰੈਣੂ ਵਾਂਗ ਸ੍ਰੀ ਦਰਬਾਰ ਸਾਹਿਬ ਨੂੰ ਆਪਣੀ ਜਾਇਦਾਦ ਸਮਝਦੇ ਹੋਣ।
ਇਥੇ ਹੀ ਬੱਸ ਨਹੀ ਪਿਛਲੇ ਕਰੀਬ ਢਾਈ ਦਹਾਕਿਆ ਤੋ ਸੇਵਾ ਕਰਦੇ ਆ ਰਹੇ ਪ੍ਰੇਮੀਆਂ ਨਾਲ ਇਸ ਕਦਰ ਦੁਰਵਿਹਾਰ ਕੀਤਾ ਜਾਂਦਾ ਹੈ ਕਿ ਹਰ ਰੋਜ਼ ਆਉਣ ਵਾਲੇ ਪ੍ਰੇਂਮੀਆ ਦੀ ਗਿਣਤੀ 300 ਤੋ ਘੱਟ 100 ਰਹਿ ਗਈ ਹੈ। ਕਰੋਨਾ ਦੀ ਆੜ ਹੇਠ ਜਿਥੇ ਪ੍ਰੇਮੀਆਂ ਨੂੰ ਪਾਲਕੀ ਸਾਹਿਬ ਦੀ ਸੇਵਾ ਕਰਨ ਤੋ ਰੋਕਿਆ ਗਿਆ ਉਥੇ ਹੁਣ ਪਾਲਕੀ ਸਾਹਿਬ ਵਾਲੇ ਕਮਰੇ ਵਿੱਚ ਜਾ ਕੇ ਪਾਲਕੀ ਦੀ ਸੇਵਾ ਸੰਭਾਲ ਕਰਨ ਵਾਲਿਆ ਨੂੰ ਰੋਕਿਆ ਜਾ ਰਿਹਾ ਹੈ ਤੇ ਪਾਲਕੀ ਸਾਹਿਬ ਦੇ ਕਮਰੇ ਦਾ ਦਰਵਾਜ਼ਾ ਸਿਰਫ ਪੰਜ ਮਿੰਟ ਪਹਿਲਣ ਖੋਹਲ ਕੇ ਸਿਰਫ ਨੀਲੀਆ ਵਰਦੀਆ ਤੇ ਪੀਲੀਆ ਦਸਤਾਰਾਂ ਵਾਲਿਆ ਨੂੰ ਹੀ ਅੰਦਰ ਜਾਣ ਦਿੱਤਾ ਜਾਂਦਾ ਤੇ ਪ੍ਰੇਮੀਆ ਨੂੰ ਪਾਲਕੀ ਸਾਹਿਬ ਨੂੰ ਹੱਥ ਤੱਕ ਨਹੀ ਲਗਾਉਣ ਦਿੱਤੇ ਜਾਂਦੇ ਜਿਵੇ ਇਹ ਮਹੰਤ ਨਰੇਣੂ ਦੀ ਸੰਮਤੀ ਹੋਵੇ। ਇਥੋ ਤੱਕ ਪਾਲਕੀ ਸਾਹਿਬ ਤੇ ਸੰਗਤਾਂ ਹਜਾਰਾਂ ਰੁਪਏ ਖਰਚ ਕੇ ਕੀਮਤੀ ਸਿਹਰੇ ਲਿਆ ਤੇ ਸ਼ਿੰਗਾਰਦੇ ਹਨ ਤੇ ਜਦੋ ਇਹ ਸਿਹਰੇ ਉਤਾਰੇ ਜਾਂਦੇ ਹਨ ਤਾਂ ਇਹਨਾਂ ਦੀ ਸੇਵਾ ਸੰਭਾਲ ਵੀ ਕਰਨ ਦਿੱਤੀ ਜਾਂਦੀ ਜਦ ਕਿ ਕੁਝ ਸਿਹਰੇ ਦੂਸਰੇ ਗੁਰਦੁਆਰਿਆ ਵਿੱਚ ਭੇਜੇ ਜਾਂਦੇ ਹਨ ਪਰ ਪ੍ਰੇਮੀਆਂ ਨੂੰ ਕਿਹਾ ਜਾਂਦਾ ਹੈ ਕਿ ਉਹ ਫੁੱਲ ਮਾਲਾਵਾਂ ਲੈ ਕੇ ਹੀ ਕਿਉ ਆਉਦੇ ਹਨ?
ਇਥੇ ਹੀ ਬੱਸ ਨਹੀ ਪਾਲਕੀ ਸਾਹਿਬ ਤੋ ਪਹਿਲਾਂ ਸੱਚਖੰਡ ਸਾਹਿਬ ਦੇ ਅੰਦਰ ਬੈਠੇ ਹੁਕਮਨਾਮਾ ਸੁਨਣ ਦੇ ਅਧਿਕਾਰ ਵੀ ਕੁਝ ਚਹੇਤੇ ਪੁਲੀਸ ਕਰਮਚਾਰੀਆ, ਸ਼੍ਰੋਮਣੀ ਕਮੇਟੀ ਅਧਿਕਾਰੀਆ, ਕਰਮਚਾਰੀਆ ਤੇ ਜਾਂ ਫਿਰ ਉਹਨਾਂ ਨੂੰ ਇਜਾਜਤ ਦਿੱਤੀ ਜਾਂਦੀ ਹੈ ਜਿਹੜੇ ਮਹੀਨਾ ਭਰਨ ਦੀ ਸਮੱਰਥਾ ਰੱਖਦੇ ਹਨ। ਆਮ ਲੋਕਾਂ ਨੂੰ ਧੱਕੇ ਹੀ ਨਹੀ ਮਾਰੇ ਜਾਂਦੇ ਸਗੋ ਸੱਚਖੰਡ ਦੇ ਅੱਗੇ ਬਾਂਸ ਲਗਾ ਕੇ ਰੋਕ ਦਿੱਤਾ ਜਾਂਦਾ ਹੈ। ਜੇਕਰ ਕੋਈ ਅੰਦਰ ਜਾਣ ਦੀ ਜਿੱਦ ਕਰਦਾ ਹੈ ਤਾਂ ਉਸ ਨੂੰ ਧੱਕੇ ਮਾਰ ਕੇ ਪਾਸੇ ਕਰ ਦਿੱਤਾ ਜਾਂਦਾ ਹੈ। ਅੰਮਿ੍ਰਤ ਵੇਲੇ ਜਿਹੜਾ ਇਹ ਵਿਤਕਰਾ ਕੀਤਾ ਜਾਂਦਾ ਉਸ ਸਮੇਂ ਮਹੰਤ ਨਰੈਣੂ ਦੀ ਯਾਦ ਜਰੂਰ ਲੋਕਾਂ ਨੂੰ ਆਉਦੀ ਹੈ। ਕਈ ਤਾਂ ਮਹੰਤ ਨਰੈਣੂ ਦਾ ਲਕਬ ਦੇ ਕੇ ਕਲਾਮ ਵੀ ਕਰਨ ਲੱਗ ਪੈਦੇ ਹਨ।
ਇਥੇ ਹੀ ਬੱਸ ਨਹੀ ਪਿਛਲੇ ਕਰੀਬ ਦੋ ਦਹਾਕਿਆ ਤੋ ਜਿਹੜਾ ਵਿਅਕਤੀ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਫੁੱਲ ਮਾਲਾਵਾਂ ਭੇਟ ਕਰ ਰਿਹਾ ਹੈ ਉਸ ਨੂੰ ਨਵੇ ਆਏ ਮੈਨੇਜਰ ਨੇ ਰੋਕ ਦਿੱਤਾ ਹੈ ਉਸ ਦਾ ਸਿਹਰਾ ਸਵੀਕਾਰ ਨਹੀ ਕੀਤਾ ਜਾਵੇ ਪਰ ਇਸ ਦਾ ਕਾਰਨ ਦੱਸਣ ਤੋ ਇਨਕਾਰ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਬੈਠੇ ਸਿੱਖ ਜਦੋ ਇਹ ਸਭ ਕੁਝ ਦੇਖਦੇ ਹਨ ਤੇ ਸੁਣਦੇ ਹਨ ਤਾਂ ਉਹ ਵੀ ਅਧਿਕਾਰੀਆ ਨੂੰ ਫੋਨ ਕਰਦੇ ਹਨ ਤਾਂ ਉਹਨਾਂ ਨਾਲ ਵੀ ਬਦਤਮੀਜੀ ਕੀਤੀ ਜਾਂਦੀ ਹੈ। ਅਮਰੀਕਾ ਨਿਵਾਸੀ ਅਵਤਾਰ ਸਿੰਘ ਤੂਫਾਨ ਨੇ ਐਲਾਨ ਕੀਤਾ ਹੈ ਕਿ ਜਲਦੀ ਹੀ ਉਹ ਪੰਜਾਬ ਆਉਣ ਵਾਲਾ ਹੈ ਤੇ ਉਹ ਸ਼੍ਰੋਮਣੀ ਕਮੇਟੀ ੇਦੇ ਦਫਤਰ ਦੇ ਬਾਹਰ ਭੁੱਖ ਹੜਤਾਲ ‘ਤੇ ਉਸ ਵੇਲੇ ਤੱਕ ਬੈਠੇਗਾ ਜਦੋਂ ਤੱਕ ਬੀਬੀ ਜਗੀਰ ਕੌਰ ਖੁਦ ਜਨਤਕ ਤੌਰ ਤੇ ਮੁਆਫੀ ਨਹੀ ਮੰਗਦੀ ਤੇ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆ ਦੇ ਖਿਲਾਫ ਲੋੜੀਦੀ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਜਾਂਦੀ। ਤੂਫਾਨ ਨੇ ਕਿਹਾ ਕਿ ਅਮਰੀਕਾ ਵਿੱਚ ਵੱਖ ਵੱਖ ਗੁਰਦੁਆਰਿਆਂ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਦੀ ਇਸ ਗੁੰਡਾਗਰਦੀ ਵਿਰੁੱਧ ਪ੍ਰਚਾਰ ਕਰੇਗਾ ਤੇ ਸੰਗਤਾਂ ਨੂੰ ਇਸ ਨਿਜ਼ਾਮ ਨੂੰ ਬਦਲਣ ਲਈ ਜਾਗਰੂਕ ਕਰੇਗਾ।
ਦਸਮ ਗ੍ਰੰਥ ’ਚ ਦਰਜ ‘ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ’ ਦੇ ਮਹਾਵਾਕ ਅਨੁਸਾਰ ਜਦੋ 328 ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗੁੰਮ ਹੋਏ ਤਾਂ ਕੁਝ ਪੰਥ ਦਰਦੀ ਸ਼੍ਰੋਮਣੀ ਕਮੇਟੀ ਦੇ ਦਫਤਰ ਦੇ ਬਾਹਰ ਧਰਨਾ ਮਾਰ ਕੇ ਬੈਠ ਗਏ ਕਿ ਉਹਨਾਂ ਨੂੰ ਦੱਸਿਆ ਜਾਵੇ ਕਿ ਸਰੂਪ ਕਿਥੇ ਹਨ? ਉਸ ਸਮੇਂ ਮਹੰਤ ਨਰੈਣੂ ਵਾਲਾ ਰੋਲ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆ ਨੇ ਅਪਨਾ ਕੇ ਜਿਹੜੀ ਗੰੁਡਾਗਰਦੀ ਕਰਕੇ ਨਿਹੱਥੇ ਸਿੰਘਾਂ ਨੂੰ ਪਿੱਛੇ ਹੱਥ ਬੰਨ ਕੇ ਕੁੱਟਮਾਰ ਕੀਤੀ ਤੇ ਉਹਨਾਂ ਅੰਮਿ੍ਰਤਧਾਰੀ ਸਿੰਘਾਂ ਦੇ ਕਰਾਰਾਂ ਦੀ ਬੇਅਦਬੀ ਕਰਨ ਦੇ ਨਾਲ ਨਾਲ ਅੰਮਿ੍ਰਤਧਾਰੀ ਬੀਬੀਆਂ ਨਾਲ ਵੀ ਸਾਕਾ ਨਨਕਾਣਾ ਸਾਹਿਬ ਵਰਗਾ ਹੀ ਵਿਵਹਾਰ ਕੀਤਾ ਤਾਂ ਸ਼੍ਰੋਮਣੀ ਕਮੇਟੀ ਨੂੰ ਦੁਨੀਆ ਭਰ ਦੇ ਨਾਨਕ ਨਾਮ ਲੇਵਾ ਸੰਗਤਾਂ ਨੇ ਲਾਹਨਤਾਂ ਪਾਈਆ ਸਨ। ਇਸ ਕਾਂਡ ਨੂੰ ਲੈ ਕੇ ਹੁਣ ਤੱਕ ਸਰਕਾਰਾਂ ਸ਼੍ਰੋਮਣੀ ਕਮੇਟੀ ਦੀ ਪੁਸ਼ਤਪਨਾਹੀ ਹੀ ਕਰਦੀਆ ਆਈਆਂ ਹਨ ਪਰ ਪਹਿਲੀ ਵਾਰੀ ਕੈਪਟਨ ਸਰਕਾਰ ਨੇ ਅਦਾਲਤ ਦੇ ਆਦੇਸ਼ਾਂ ਤੇ ਦੋਸ਼ੀ ਕਰਮਚਾਰੀਆ ਦੇ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। 20 ਦੇ ਅਧਿਕਾਰੀਆ ਤੇ ਕਰਮਚਾਰੀਆ ਦੇ ਖਿਲਾਫ ਸਿੱਧੇ ਨਾਮ ‘ਤੇ ਬਾਕੀ 400 ਅਣਪਛਾਤਿਆ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਬੀਬੀ ਜਗੀਰ ਕੌਰ ਨੇ ਕਾਂਵਾਰੌਲੀ ਕਾਫੀ ਪਾਈ।
ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਸ਼੍ਰੋਮਣੀ ਕਮੇਟੀ ਦੀ ਇਹ ਕਾਰਵਾਈ ਦੀ ਨਿੰਦਾ ਕਰਦਿਆ ਕਿਹਾ ਕਿ ਲੋੜ ਪਈ ਤਾਂ ਇੱਕ ਮੋਰਚਾ ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸੇ ਤਰਾ ਸਿੱਖ ਸਦਭਾਵਨਾ ਦਲ ਦੇ ਮੁੱਖ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ ਨੇ ਵੀ ਸ਼੍ਰੋਮਣੀ ਕਮੇਟੀ ਅਧਿਕਾਰੀਆ ਤੇ ਕਰਮਚਾਰੀਆ ਦੀ ਤਾਨਾਸ਼ਾਹੀ ਦਾ ਵਿਰੋਧ ਕਰਦਿਆ ਕਿਹਾ ਕਿ ਮਹੰਤ ਨਰੈਣੂ ਵਾਲੀਆ ਹੱਦਾਂ ਬੰਨੇ ਬਾਦਲ ਲਾਣਾ ਪਾਰ ਕਰ ਚੁੱਕਾ ਹੈ ਤੇ ਇਸ ਦਾ ਹੱਲ ਇੱਕੋ ਹੀ ਹੈ ਕਿ ਪਹਿਲਾਂ ਇਹਨਾਂ ਨੂੰ ਦਿੱਲੀ ਵਿੱਚੋ ਮਾਤ ਦੇ ਕੇ ਸ਼ੰਭੂ ਬੈਰੀਅਰ ਟਪਾਇਆ ਜਾਵੇ ਤੇ ਫਿਰ ਸ਼੍ਰੋਮਣੀ ਕਮੇਟੀ ਵਿੱਚੋ ਇਹਨਾਂ ਨੂੰ ਬਾਹਰ ਕਰਕੇ ਬਾਦਲ ਪਿੰਡ ਪਹੁੰਚਾਇਆ ਜਾਵੇ।
ਇਹ ਵੀ ਜਾਣਕਾਰੀ ਮਿਲੀ ਹੈ ਕਿ ਬੀਬੀ ਜਗੀਰ ਕੌਰ ਨੇ ਇਸ ਵਾਰੀ ਪ੍ਰਧਾਨਗੀ ਹਿੱਕ ਦੇ ਜ਼ੋਰ ਨਾਲ ਲਈ ਹੈ ਇਸ ਕਰਕੇ ਬਾਦਲ ਲਾਣੇ ਨਾਲ ਸਬੰਧਿਤ ਕੁਝ ਅਧਿਕਾਰੀਆ ਪ੍ਰਬੰਧ ਨੂੰ ਬਦਨਾਮ ਕਰਕੇ ਬੀਬੀ ਨੂੰ ਫੇਲ ਕਰਨ ਦੀ ਫਿਰਾਕ ਵਿੱਚ ਹਨ ਤੇ ਕੁਝ ਮੈਂਬਰ ਵੀ ਉਹਨਾਂ ਨੂੰ ਸ਼ਹਿ ਦੇ ਰਹੇ ਹਨ। ਵੇਖਣਾ ਹੁਣ ਇਹ ਹੈ ਕਿ ਬੀਬੀ ਜਗੀਰ ਕੌਰ ਦੇ ਵਫਾਦਰ ਉਸ ਦੀ ਕੋਈ ਮਦਦ ਕਰਦੇ ਹਨ ਜਾਂ ਫਿਰ ਕੂੰਭਕਰਨੀ ਨੀਂਦ ਸੁੱਤੇ ਰਹਿੰਦੇ ਹਨ ਜਾਂ ਫਿਰ ਬੀਬੀ ਨੂੰ ਸੁਚੇਤ ਕਰਦੇ ਹਨ।