Latest news

Glime India News

ਬਾਦਲ ਪਿੰਡੋ ਮੁੜਦੇ ਕਿਸਾਨਾਂ ਦੀ ਬੱਸ ਤੇ ਟਰਾਲੇ ਦੀ ਟੱਕਰ, ਇਕ ਕਿਸਾਨ ਦੀ ਮੌਤ, 17 ਜ਼ਖ਼ਮੀ

ਖੇਤੀ ਬਿੱਲਾਂ ਵਿਰੁੱਧ ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਘਰਾਂ ਨੂੰ ਪਰਤ ਰਹੇ ਕਿਸਾਨਾਂ ਦੀ ਮਿੰਨੀ ਬੱਸ ਟਰਾਲੇ ਨਾਲ ਟਕਰਾਉਣ ਕਾਰਨ ਮਾਨਸਾ ਜ਼ਿਲ੍ਹੇ ਦੇ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਮੁਖਤਿਆਰ ਸਿੰਘ(57) ਪੁੱਤਰ ਮੋਹਲਾ ਸਿੰਘ ਦੀ ਮੌਤ ਹੋ ਗਈ ਹੈ ਅਤੇ 17 ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਬਠਿੰਡਾ ਵਿਖੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਮੁਤਾਬਕ ਇਹ ਕਿਸਾਨ ਬਾਦਲ ਪਿੰਡ ਵਿੱਚ ਲੱਗੇ ਮੋਰਚੇ ਦੀ ਸਮਾਪਤੀ ਤੋਂ ਬਾਅਦ ਆਪਣੇ ਪਿੰਡ ਕਿਸ਼ਨਗੜ੍ਹ ਨੂੰ ਵਾਪਸ ਆ ਰਹੇ ਸਨ ਕਿ ਬਠਿੰਡਾ-ਮਾਨਸਾ ਮੁੱਖ ਮਾਰਗ ਉੱਤੇ ਪਿੰਡ ਕੋਟ ਫੱਤਾ ਨੇੜੇ ਬੱਸ ਖੜ੍ਹੇ ਟਰਾਲੇ ਨਾਲ ਟਕਰਾ ਗਈ। ਦੁਰਘਟਨਾ ਵਿਚ ਕਿਸਾਨ ਮੁਖਤਿਆਰ ਸਿੰਘ ਚੱਲ ਵਸਿਆ ਅਤੇ 17 ਜਣੇ ਜ਼ਖ਼ਮੀ ਹੋ ਗਏ ਹਨ। ਕਿਸਾਨ ਆਗੂ ਨੇ ਦੱਸਿਆ ਕਿ ਹਸਪਤਾਲ ਵਿਚ ਜ਼ਖ਼ਮੀਆਂ ਦੇ ਇਲਾਜ ਲਈ ਸੁਸਤੀ ਦੇ ਵਿਰੋਧ ਵਿਚ ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀ ਬਾਘਾ ਸਮੇਤ ਬਠਿੰਡਾ ਵਿਖੇ ਪੁਲ ਉੱਪਰ ਕਿਸਾਨਾਂ ਵਲੋਂ ਧਰਨਾ ਲਗਾਇਆ ਗਿਆ ਹੈ। ਇਸੇ ਦੌਰਾਨ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ ( ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ) ਨੇ ਦੱਸਿਆ ਕਿ ਮੁਖਤਿਆਰ ਸਿੰਘ ਖੇਤੀ ਬਿੱਲਾਂ ਵਿਰੁੱਧ ਸੰਘਰਸ਼ ਦਾ ਪਹਿਲਾ ਸ਼ਹੀਦ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ‌ਜਖਮੀ ਕਿਸਾਨਾਂ ਵਿਚ ਦੋ ਦੀ ਹਾਲਤ ਗੰਭੀਰ ਹੈ, ਜੋ ਅਮਰਜੀਤ ਸਿੰਘ ਅਤੇ ਮੇਵਾ ਸਿੰਘ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਦਾਖਲ ਹਨ। ਉਨ੍ਹਾਂ ਦੱਸਿਆ ਕਿ ਬਾਕੀ ਜ਼ਖਮੀਆਂ ਵਿਚ ਬਲਕਾਰ ਸਿੰਘ, ਬੂਟਾ ਸਿੰਘ, ਕਾਕਾ ਸਿੰਘ, ਨਿਰਮਲ ਸਿੰਘ,ਜੇਠੂ ਰਾਮ, ਅਮਰਜੀਤ ਸਿੰਘ, ਮੇਵਾ ਸਿੰਘ, ਬਲਵਿੰਦਰ ਸਿੰਘ, ਵਜ਼ੀਰ ਸਿੰਘ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਮੁਖਤਿਆਰ ਸਿੰਘ ਦੇ ਦੋ ਬੇਟੇ ਅਤੇ ਇੱਕ ਧੀ ਹੈ ਅਤੇ ਉਹ ਦਰਮਿਆਨੇ ਦਰਜ਼ੇ ਦਾ ਕਿਸਾਨ ਹੈ।ਉਹ ਕਿਸਾਨ ਹਿਤਾਂ ਨੂੰ ਸਮਰਪਿਤ ਸੀ।

ਇਸੇ ਦੌਰਾਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀ ਨੇ ਮ੍ਰਿਤਕ ਕਿਸਾਨ ਨੂੰ ਸ਼ਹੀਦ ਕ਼ਰਾਰ ਦਿੱਤਾ ਹੈ ਅਤੇ ਬਠਿੰਡਾ ਦੇ ਆਈਜੀ ਜਸਕਰਨ ਸਿੰਘ ਨੂੰ ਆਪਣੀ ਮੰਗ ਤੋਂ ਜਾਣੂ ਕਰਵਾਇਆ ਗਿਆ ਹੈ,ਜਿਸ ਤਹਿਤ ਮ੍ਰਿਤਕ ਕਿਸਾਨ ਨੂੰ 10 ਲੱਖ ਰੁਪਏ ਮੁਆਵਜ਼ਾ, ‌‌ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼ ਕਰਨ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਗਈ ਹੈ 

Leave a Comment