ਟੀ-20 ਵਿਸ਼ਵ ਕੱਪ 2024 ਜਿੱਤ ਕੇ ਦੇਸ਼ ਪਰਤੀ ਟੀਮ ਇੰਡੀਆ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਟੀਮ ਇੰਡੀਆ ਨੂੰ ਹਮੇਸ਼ਾ ਹੀ ਪ੍ਰਸ਼ੰਸਕਾਂ ਦਾ ਪਿਆਰ ਮਿਲਿਆ ਹੈ ਅਤੇ ਇੱਥੇ ਵੀ ਅਜਿਹਾ ਹੀ ਹੋਇਆ ਪਰ ਇਸ ਵਾਰ ਵਿਸ਼ਵ ਚੈਂਪੀਅਨ ਬਣ ਕੇ ਵਾਪਸੀ ਕਰਨ ਵਾਲੀ ਟੀਮ ਇੰਡੀਆ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਪੀਐਮ ਮੋਦੀ ਨੇ ਨਾ ਸਿਰਫ਼ ਸਟਾਰ ਖਿਡਾਰੀਆਂ ਨੂੰ ਸਨਮਾਨਿਤ ਕੀਤਾ, ਸਗੋਂ ਉਨ੍ਹਾਂ ਨਾਲ ਦਿਲਚਸਪ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਦੇ ਤਜਰਬੇ ਵੀ ਸੁਣੇ। ਪੀਐਮ ਨੇ ਚਹਿਲ ਦੇ ਨਾਲ ਖੂਬ ਹਾਸਾ-ਮਜ਼ਾਕ ਵੀ ਕੀਤਾ।
ਪ੍ਰਧਾਨ ਮੰਤਰੀ ਅਤੇ ਟੀਮ ਇੰਡੀਆ ਵਿਚਾਲੇ ਇਹ ਮੁਲਾਕਾਤ 4 ਜੁਲਾਈ ਵੀਰਵਾਰ ਨੂੰ ਹੋਈ ਸੀ ਪਰ ਹੁਣ ਪੂਰੀ ਗੱਲਬਾਤ ਪਹਿਲੀ ਵਾਰ ਸਾਹਮਣੇ ਆਈ ਹੈ। ਇਹ ਵੀਡੀਓ ਪੀਐਮ ਮੋਦੀ ਦੇ ‘ਐਕਸ’ ਹੈਂਡਲ ਤੋਂ ਜਾਰੀ ਕੀਤਾ ਗਿਆ ਸੀ, ਜਿਸ ਵਿੱਚ ਸਾਰਿਆਂ ਨੂੰ ਖਿਡਾਰੀਆਂ ਅਤੇ ਪ੍ਰਧਾਨ ਮੰਤਰੀ ਵਿਚਕਾਰ ਮਜ਼ਾਕੀਆ ਗੱਲਬਾਤ ਸੁਣਨ ਦਾ ਮੌਕਾ ਮਿਲਿਆ। ਪ੍ਰਧਾਨ ਮੰਤਰੀ ਨੇ ਟੀਮ ਦੇ ਲਗਭਗ ਹਰ ਖਿਡਾਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ।
ਇਸ ਜਿੱਤ ਨਾਲ ਦੇਸ਼ ‘ਚ ਤਿਉਹਾਰੀ ਮਾਹੌਲ ਬਣਾਉਣ ਲਈ ਪੀਐਮ ਮੋਦੀ ਨੇ ਟੀਮ ਇੰਡੀਆ ਦੇ ਸਿਤਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਫਾਈਨਲ ਵਾਲੇ ਦਿਨ ਉਨ੍ਹਾਂ ਲਈ ਕੰਮ ਦੇ ਨਾਲ-ਨਾਲ ਫਾਈਨਲ ਦੇਖਦੇ ਹੋਏ ਧਿਆਨ ਕੇਂਦਰਿਤ ਕਰਨਾ ਬਹੁਤ ਮੁਸ਼ਕਲ ਸੀ।