ਰੂਸੀ ਹਮਲੇ ਨਾਲ ਪੂਰਾ ਯੂਕਰੇਨ ਕੰਬ ਰਿਹਾ ਹੈ। ਯੂਕਰੇਨ ‘ਚ ਸੈਂਕੜੇ ਭਾਰਤੀ ਫਸੇ ਹੋਏ ਹਨ ਅਤੇ ਇਨ੍ਹਾਂ ‘ਚ ਅਜਿਹੇ ਭਾਰਤੀਆਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਹੈ, ਜੋ ਮੈਡੀਕਲ ਦੀ ਪੜ੍ਹਾਈ ਲਈ ਯੂਕਰੇਨ ਪਹੁੰਚੇ ਸਨ।
ਯੂਕਰੇਨ ਦੇ ਸਿੱਖਿਆ ਅਤੇ ਵਿਗਿਆਨ ਮੰਤਰਾਲੇ ਮੁਤਾਬਕ 18,095 ਭਾਰਤੀ ਵਿਦਿਆਰਥੀ ਉੱਥੇ ਫਸੇ ਹੋਏ ਹਨ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ‘ਚ ਹਰਿਆਣਾ ਅਤੇ ਪੰਜਾਬ ਦੇ ਵਿਦਿਆਰਥੀ ਹਨ।
ਇਹ ਸਵਾਲ ਪਿਛਲੇ ਕਈ ਦਿਨਾਂ ਤੋਂ ਤੁਹਾਡੇ ਜ਼ਿਹਨ ‘ਚ ਉੱਠ ਰਿਹਾ ਹੋਵੇਗਾ ਕਿ ਸਾਡੇ ਇੱਥੇ ਸਰਕਾਰੀ ਤੇ ਨਿੱਜੀ ਮੈਡੀਕਲ ਕਾਲਜ ਹਨ ਫਿਰ ਵੀ ਹਜ਼ਾਰਾਂ ਵਿਦਿਆਰਥੀ ਸੱਤ ਸਮੁੰਦਰ ਪਾਰ ਕਿਉਂ ਜਾਂਦੇ ਹਨ? ਮਾਹਰਾਂ ਦਾ ਕਹਿਣਾ ਹੈ ਕਿ ਭਾਰਤ ਨਾਲੋਂ ਯੂਕਰੇਨ ‘ਚ ਐਮਬੀਬੀਐਸ ਕਰਨ ਲਈ ਜ਼ਿਆਦਾ ਸਹੂਲਤਾਂ ਹਨ। ਦੇਸ਼ ‘ਚ ਸਰਕਾਰੀ ਤੇ ਪ੍ਰਾਈਵੇਟ ਸਮੇਤ ਕੁਲ 586 ਮੈਡੀਕਲ ਕਾਲਜਾਂ ਹਨ ਅਤੇ 88,120 ਸੀਟਾਂ ਹਨ।
ਇਹ ਸੰਸਥਾਵਾਂ ਸਾਲਾਨਾ 18 ਲੱਖ ਤੋਂ 30 ਲੱਖ ਰੁਪਏ ਤੱਕ ਫੀਸ ਵਸੂਲਦੀਆਂ ਹਨ। ਪੰਜ ਸਾਲਾਂ ਦੇ ਕੋਰਸ ਲਈ ਇਹ ਰਕਮ 90 ਲੱਖ ਰੁਪਏ ਤੋਂ ਲੈ ਕੇ 1 ਕਰੋੜ 50 ਲੱਖ ਰੁਪਏ ਤੱਕ ਹੈ। ਦੇਸ਼ ‘ਚ 88,120 ਮੈਡੀਕਲ ਸੀਟਾਂ ਲਈ 16,00,000 ਤੋਂ ਵੱਧ ਵਿਦਿਆਰਥੀ ਪ੍ਰੀਖਿਆ ਦਿੰਦੇ ਹਨ। ਕੋਚਿੰਗ ਲਈ ਵੀ ਵਿਦਿਆਰਥੀਆਂ ਨੂੰ ਲੱਖਾਂ ਰੁਪਏ ਖਰਚਣੇ ਪੈਂਦੇ ਹਨ।
ਯੂਕਰੇਨ ‘ਚ MBBS ਕਿਉਂ?
ਭਾਰਤ ‘ਚ MBBS ਲਈ ਸੀਟਾਂ ਕਾਫ਼ੀ ਘੱਟ ਹਨ ਅਤੇ NEET ਪ੍ਰੀਖਿਆ ‘ਚ ਸੀਟਾਂ ਦੀ ਗਿਣਤੀ ਨਾਲੋਂ ਕਈ ਗੁਣਾ ਵੱਧ ਵਿਦਿਆਰਥੀ ਬੈਠਦੇ ਹਨ। ਜਿਹੜੇ ਵਿਦਿਆਰਥੀ ਸੀਟਾਂ ਦੀ ਘਾਟ ਕਾਰਨ ਇੱਥੇ ਦਾਖ਼ਲਾ ਨਹੀਂ ਲੈ ਸਕਦੇ, ਉਨ੍ਹਾਂ ਕੋਲ ਯੂਕਰੇਨ ਦਾ ਆਪਸ਼ਨ ਰਹਿੰਦਾ ਹੈ। ਸਾਲ 2021 ‘ਚ ਲਗਭਗ 16 ਲੱਖ ਵਿਦਿਆਰਥੀਆਂ ਨੇ NEET ਪ੍ਰੀਖਿਆ ਦਿੱਤੀ ਸੀ ਅਤੇ ਇਨ੍ਹਾਂ ‘ਚੋਂ 14.50 ਲੱਖ ਵਿਦਿਆਰਥੀਆਂ ਨੂੰ ਦਾਖ਼ਲਾ ਨਹੀਂ ਮਿਲ ਸਕਿਆ ਸੀ।
ਪੰਜਾਬ ਦੀ ਗੱਲ ਕਰੀਏ ਤਾਂ ਸੂਬੇ ‘ਚ 3 ਸਰਕਾਰੀ ਮੈਡੀਕਲ ਕਾਲਜਾਂ ‘ਚ MBBS ਦੀਆਂ 650 ਸੀਟਾਂ ਹਨ। ਨਿੱਜੀ ਮੈਡੀਕਲ ਕਾਲਜਾਂ ਨੂੰ ਜੋੜ ਦੇਈਏ ਤਾਂ ਇਹ 1375 ਹਨ। ਇਨ੍ਹਾਂ ‘ਚ 60 ਫ਼ੀਸਦੀ ਸੀਟਾਂ ਰਾਖਵੀਆਂ ਹਨ। ਸੀਟਾਂ ਦੇ ਅਨੁਪਾਤ ‘ਚ ਚਾਰ ਗੁਣਾ ਵੱਧ ਵਿਦਿਆਰਥੀ ਹਰ ਸਾਲ ਨੀਟ ਦੀ ਪ੍ਰੀਖਿਆ ਕਲੀਅਰ ਕਰਦੇ ਹਨ। ਸਾਰੇ ਵਿਦਿਆਰਥੀ ਐਮਬੀਬੀਐਸ ‘ਚ ਦਾਖ਼ਲਾ ਨਹੀਂ ਲੈ ਪਾਉਂਦੇ ਅਤੇ ਅਜਿਹੇ ‘ਚ ਉਹ ਯੂਕਰੇਨ ਵੱਲ ਰੁਖ਼ ਕਰਦੇ ਹਨ।
ਯੂਕਰੇਨ ‘ਚ MBBS ਦੀ ਫੀਸ?
ਯੂਕਰੇਨ ‘ਚ MBBS ਦੀ ਪੜ੍ਹਾਈ 25 ਤੋਂ 30 ਲੱਖ ਰੁਪਏ ‘ਚ ਹੋ ਜਾਂਦੀ ਹੈ ਅਤੇ ਸਾਲਾਨਾ ਫੀਸ 2 ਤੋਂ 4 ਲੱਖ ਰੁਪਏ ਦੇ ਵਿਚਕਾਰ ਹੈ। ਮੈਡੀਕਲ ਦੀ ਪੜ੍ਹਾਈ ਦੇ ਖਰਚੇ ਦੇ ਲਿਹਾਜ਼ ਨਾਲ ਯੂਕਰੇਨ ਦੁਨੀਆਂ ਦੇ ਕਈ ਦੇਸ਼ਾਂ ਨਾਲੋਂ ਕਾਫ਼ੀ ਸਸਤਾ ਹੈ।ਯੂਰੇਨ ‘ਚ ਬੱਚਿਆਂ ਨੂੰ ਭਾਰਤੀ ਭੋਜਨ, ਹੋਸਟਲ ਵਰਗੀਆਂ ਸਹੂਲਤਾਂ ਵੀ ਮਿਲਦੀਆਂ ਹਨ।
ਪੰਜਾਬ ਦੇ ਕਾਲਜਾਂ ‘ਚ ਕਿੰਨੀਆਂ ਸੀਟਾਂ?
ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ : 250
ਸਰਕਾਰੀ ਮੈਡੀਕਲ ਕਾਲਜ ਪਟਿਆਲਾ : 225
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ : 125
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਬਠਿੰਡਾ : 50
ਕ੍ਰਿਸ਼ਚੀਅਨ ਮੈਡੀਕਲ ਕਾਲਜ ਲੁਧਿਆਣਾ : 75
ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਅੰਮ੍ਰਿਤਸਰ : 150
ਗਿਆਨ ਸਾਗਰ ਮੈਡੀਕਲ ਕਾਲਜ ਪਟਿਆਲਾ : 150
ਦਯਾਨੰਦ ਮੈਡੀਕਲ ਕਾਲਜ ਲੁਧਿਆਣਾ : 100
ਆਦਰਸ਼ ਇੰਸਟੀਚਿਊਟ ਬਠਿੰਡਾ : 150
ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਜਲੰਧਰ : 150

