Advertisement





ਬਰਨਾਲਾ : ਭਦੌੜ ਵਿਧਾਨ ਸਭਾ ਹਲਕੇ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉੱਗੋਕੇ ਵੱਲੋਂ ਵੱਡੀ ਲੀਡ ਨਾਲ ਹਰਾਇਆ ਗਿਆ ਹੈ। ਲਾਭ ਸਿੰਘ ਮਜ਼ਦੂਰ ਪਰਿਵਾਰ ਨਾਲ ਸਬੰਧ ਰੱਖਦਾ ਆਮ ਘਰ ਦਾ ਲੜਕਾ ਹੈ। ਉਹ ਇੱਕ ਮੋਬਾਈਲ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦਾ ਰਿਹਾ ਹੈ। ਜਦਕਿ ਉਸਦੇ ਪਿਤਾ ਇੱਕ ਮਜ਼ਦੂਰ ਹਨ ਅਤੇ ਉਸ ਦੀ ਮਾਤਾ ਸਰਕਾਰੀ ਸਕੂਲ ਵਿਚ ਸਫਾਈ ਸੇਵਕਾ ਹੈ।
ਇਸ ਦੇ ਬਾਵਜੂਦ ਲਾਭ ਸਿੰਘ ਨੂੰ ਭਦੌੜ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ 37000 ਤੋਂ ਵੱਧ ਦੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚਾੜ ਦਿੱਤਾ ਹੈ। ਭਾਵੇਂ ਪੁੱਤ ਐਮਐਲਏ ਬਣ ਗਿਆ ਪਰ ਉਸ ਦਾ ਪਰਿਵਾਰ ਅੱਜ ਵੀ ਮਿਹਨਤ ਦੀ ਕਿਰਤ ਕਮਾਈ ਨੂੰ ਹੀ ਪਹਿਲ ਦੇ ਰਿਹਾ ਹੈ। ਲਾਭ ਦੀ ਮਾਤਾ ਬਲਦੇਵ ਕੌਰ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸਰਕਾਰੀ ਸਕੂਲ ਵਿੱਚ ਆਪਣੀ ਸਫ਼ਾਈ ਸੇਵਕਾਂ ਦੇ ਤੌਰ ‘ਤੇ ਡਿਊਟੀ ਨਿਭਾਉਣ ਪਹੁੰਚੀ।
ਇਸ ਮੌਕੇ ਗੱਲਬਾਤ ਕਰਦਿਆਂ ਲਾਭ ਦੀ ਮਾਤਾ ਬਲਦੇਵ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਣ ਵਾਲਾ ਪਰਿਵਾਰ ਹੈ। ਬੜੀਆਂ ਔਕੜਾਂ ਅਤੇ ਮੁਸ਼ਕਲਾਂ ਦੇ ਦਿਨ ਝੱਲ ਕੇ ਉਨ੍ਹਾਂ ਨੇ ਆਪਣੇ ਪੁੱਤ ਲਾਭ ਨੂੰ ਪੜ੍ਹਾਇਆ ਲਿਖਾਇਆ ਅਤੇ ਪਾਲਿਆ ਹੈ। ਅੱਜ ਜਦੋਂ ਉਨ੍ਹਾਂ ਦਾ ਪੁੱਤ ਐੱਮਐੱਲਏ ਬਣਿਆ ਹੈ ਤਾਂ ਉਨ੍ਹਾਂ ਨੂੰ ਇਸ ਦੀ ਬਹੁਤ ਜ਼ਿਆਦਾ ਖੁਸ਼ੀ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਲਾਭ ਦਾ ਮੁਕਾਬਲਾ ਮੁੱਖ ਮੰਤਰੀ ਨਾਲ ਸੀ, ਪਰ ਉਨ੍ਹਾਂ ਨੂੰ ਪਹਿਲੇ ਦਿਨ ਤੋਂ ਹੀ ਯਕੀਨ ਸੀ ਕਿ ਲਾਭ ਵੱਡੀ ਲੀਡ ਨਾਲ ਜਿੱਤੇਗਾ। ਉਨ੍ਹਾਂ ਕਿਹਾ ਕਿ ਭਾਵੇਂ ਮੇਰਾ ਪੁੱਤ MLA ਬਣ ਗਿਆ ਹੈ, ਪਰ ਉਹ ਇਸ ਦੇ ਬਾਵਜੂਦ ਆਪਣੀ ਡਿਊਟੀ ਕਰਦੀ ਰਹੇਗੀ। ਸਫਾਈ ਸੇਵਕਾਂ ਦੇ ਤੌਰ ‘ਤੇ ਕੰਮ ਕਰੇਗੀ ਅਤੇ ਇਸੇ ਕਮਾਈ ਨਾਲ ਆਪਣਾ ਘਰ ਚਲਾਉਣਗੇ।
Advertisement

