




ਚੰਡੀਗੜ੍ਹ। ਸੱਤਾ ਵਿੱਚੋਂ ਬਾਹਰ ਹੋਈ ਕਾਂਗਰਸ ਦੇ 17 ਸਾਬਕਾ ਕੈਬਨਿਟ ਮੰਤਰੀਆਂ ਨੂੰ ਤੁਰੰਤ ਆਲੀਸ਼ਾਨ ਬੰਗਲੇ ਖ਼ਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਕਤਾਰ ਵਿੱਚ 40 ਦੇ ਕਰੀਬ ਸਾਬਕਾ ਵਿਧਾਇਕ (Ex-MLAs Punjab) ਵੀ ਸ਼ਾਮਲ ਹਨ, ਜਿਨਾਂ ਨੂੰ ਅਲਾਟ ਹੋਏ ਫਲੈਟ ਖ਼ਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।
ਪੰਜਾਬ ਵਿਧਾਨ ਸਭਾ ਨੂੰ 11 ਮਾਰਚ ਤੋਂ ਭੰਗ ਕਰ ਦਿੱਤਾ ਗਿਆ ਸੀ ਤਾਂ ਇਨਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ 15 ਦਿਨ ਦਾ ਸਮਾਂ ਦਿੰਦੇ ਹੋਏ 26 ਮਾਰਚ ਤੱਕ ਬੰਗਲੇ ਅਤੇ ਫਲੈਟ ਖ਼ਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਇਨਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਵਿੱਚੋਂ ਕੋਈ ਵੀ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ 160 ਗੁਣਾ ਜਿਆਦਾ ਕਿਰਾਇਆ ਦੇਣਾ ਪਏਗਾ।
ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਨੋਟਿਸ ਭੇਜਿਆ ਜਾਵੇ ਜਾਂ ਫਿਰ ਕੋਈ ਕਾਰਵਾਈ ਕੀਤੀ ਜਾਵੇ, ਇਸ ਤੋਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀਆਂ ਦੋਵਾਂ ਸਰਕਾਰੀ ਰਿਹਾਇਸ਼ ਨੂੰ ਖ਼ਾਲੀ ਕਰ ਦਿੱਤਾ ਗਿਆ ਹੈ। ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਵਿੱਚੋਂ ਚਰਨਜੀਤ ਚੰਨੀ ਹੀ ਇਕਲੌਤੇ ਹਨ, ਜਿਨਾਂ ਨੇ ਹੁਣ ਤੱਕ ਆਪਣੀ ਸਰਕਾਰੀ ਰਿਹਾਇਸ਼ ਨੂੰ ਖ਼ਾਲੀ ਕੀਤਾ ਗਿਆ ਹੈ। ਇਸ ਸੂਚੀ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਅਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਵੀ ਸ਼ਾਮਲ ਹਨ, ਜਿਨਾਂ ਨੂੰ ਅਗਲੇ 15 ਦਿਨਾਂ ਵਿੱਚ ਸਰਕਾਰੀ ਫਲੈਟ ਖ਼ਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਚੰਡੀਗੜ ਰਹਿਣ ਲਈ ਸੈਕਟਰ 2 ਅਤੇ 4 ਵਿੱਚ ਸਰਕਾਰੀ ਫਲੈਟ ਦਿੱਤੇ ਜਾਂਦੇ ਹਨ। ਇਹ ਲਗਜ਼ਰੀ ਫਲੈਟ 300 ਤੋਂ 400 ਗਜ਼ ਵਿੱਚ ਤਿਆਰ ਕੀਤੇ ਹੋਏ ਹਨ, ਜਿਨਾਂ ਦਾ ਮਾਮੂਲੀ ਜਿਹਾ 230 ਰੁਪਏ ਪ੍ਰਤੀ ਫਲੈਟ ਵਿਧਾਇਕ ਤੋਂ ਕਿਰਾਇਆ ਲਿਆ ਜਾਂਦਾ ਹੈ। ਜਿਹੜੇ ਵੀ ਵਿਧਾਇਕਾਂ ਨੂੰ ਇਹ ਫਲੈਟ ਅਲਾਟ ਹੁੰਦੇ ਹਨ, ਉਨਾਂ ਨੂੰ ਅਗਲੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਫਲੈਟ ਨੂੰ ਖ਼ਾਲੀ ਕਰਨਾ ਹੁੰਦਾ ਹੈ ਤਾਂ ਕਿ ਉਨਾਂ ਦੀ ਥਾਂ ‘ਤੇ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਰਿਹਾਇਸ਼ ਲਈ ਸਰਕਾਰੀ ਫਲੈਟ ਅਲਾਟ ਕੀਤਾ ਜਾ ਸਕੇ।

