




ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਦੀ ਘਟਨਾ ਅਜੇ ਬਿਲਕੁਲ ਤਰੋਤਾਜ਼ਾ ਹੈ, ਉਸੇ ਤਰ੍ਹਾਂ ਦੀ ਘਟਨਾ ਥਾਣਾ ਮੁਕੰਦਪੁਰ ਅਧੀਨ ਆਉਂਦੇ ਪਿੰਡ ਗੁਣਾਚੌਰ ਵਿਖੇ ਨੈਸ਼ਨਲ ਕਬੱਡੀ ਖਿਡਾਰੀ ਦੇ ਫਾਰਮ ਹਾਊਸ ‘ਤੇ ਵਾਪਰੀ। ਨੈਸ਼ਨਲ ਕਬੱਡੀ ਖਿਡਾਰੀ ਸਰਬਜੀਤ ਸਿੰਘ ਸੱਬਾ ਦੇ ਫਾਰਮ ਹਾਊਸ ‘ਤੇ ਆ ਕੇ ਦੋ ਬਿਨਾਂ ਨੰਬਰੀ ਮੋਟਰਸਾਈਕਲ ਸਵਾਰ ਨੌਜਵਾਨ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ।
ਸੱਬਾ ਦੇ ਚਾਚਾ ਸ਼ਿਵਰਾਜ ਰਾਣਾ ਨੇ ਦੱਸਿਆ ਕਿ ਮੈਂ ਅਤੇ ਮੇਰੇ ਪਰਿਵਾਰਕ ਮੈਂਬਰ ਫਾਰਮ ਹਾਊਸ ‘ਚ ਸਨ।
ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਮੇਰੇ ਭਤੀਜੇ ਦਾ ਨਾਂ ਸੱਬਾ ਕਹਿ ਕੇ ਆਵਾਜ਼ ਮਾਰੀ। ਸਰਬਜੀਤ ਸੱਬਾ ਕਮਰੇ ‘ਚ ਸੁੱਤਾ ਪਿਆ ਸੀ ਤੇ ਮੈਂ ਗੇਟ ਖੋਲ੍ਹਣ ਲਈ ਤੁਰ ਪਿਆ ਤਾਂ ਉਨ੍ਹਾਂ ਦੋਹਾਂ ‘ਚੋਂ ਇਕ ਨੇ ਅਚਾਨਕ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਮੈਂ ਪਿੱਛੇ ਨੂੰ ਹਟ ਗਿਆ ਤੇ ਫਾਇਰ ਕਰਨ ਉਪਰੰਤ ਦੋਵੇਂ ਵਿਅਕਤੀ ਮੋਟਰਸਾਈਕਲ ‘ਤੇ ਨਹਿਰ ਦੇ ਨਾਲ-ਨਾਲ ਭੱਜ ਗਏ। ਅਸੀਂ ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਹਰਜਿੰਦਰ ਸਿੰਘ ਨੂੰ ਇਸ ਘਟਨਾ ਸਬੰਧੀ ਫੋਨ ‘ਤੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਘਟਨਾ ਨੂੰ ਅੰਜਾਮ ਦੇਣ ਵਾਲਿਆਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

