ਦੌਸਾ ਜ਼ਿਲ੍ਹੇ ਦੇ ਮੰਡਵਾਰ ਥਾਣਾ ਖੇਤਰ ਵਿੱਚ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ (Gang rape) ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਪਰਿਵਾਰ ਦੀ ਤਰਫੋਂ ਸਮੂਹਿਕ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮੁਲਜ਼ਮਾਂ ਵਿੱਚ ਰਾਜਸਥਾਨ ਵਿੱਚ ਸੱਤਾਧਾਰੀ ਕਾਂਗਰਸ ਦੇ ਅਲਵਰ ਜ਼ਿਲ੍ਹੇ ਦੇ ਰਾਜਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਜੋਹਰੀਲਾਲ ਮੀਨਾ (Congress MLA Johrilal Meena) ਦੇ ਪੁੱਤਰ ਦੀਪਕ ਮੀਨਾ ਸਮੇਤ ਤਿੰਨ ਨੌਜਵਾਨਾਂ ਦੇ ਨਾਮ ਸ਼ਾਮਲ ਹਨ। ਪੀੜਤਾ ਦੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਕਥਿਤ ਦੋਸ਼ੀ ਨੇ ਉਸ ਦੀ ਅਸ਼ਲੀਲ ਵੀਡੀਓ (Obscene Videos) ਵੀ ਬਣਾਈ ਸੀ। ਗੈਂਗਰੇਪ ‘ਚ ਕਾਂਗਰਸੀ ਵਿਧਾਇਕ ਦੇ ਬੇਟੇ ਦਾ ਨਾਂਅ ਆਉਣ ਤੋਂ ਬਾਅਦ ਰਾਜਸਥਾਨ ‘ਚ ਵੀ ਸਿਆਸਤ ਗਰਮਾ ਗਈ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸਤੀਸ਼ ਪੂਨੀਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ (Gajendra Singh Shekhawat) ਨੇ ਇਸ ਮਾਮਲੇ ‘ਚ ਸਰਕਾਰ ਨੂੰ ਘੇਰਿਆ ਹੈ।
ਮੰਡਵਾਰ ਥਾਨਪ੍ਰਭਾਰੀ ਨਾਥੂਲਾਲ ਮੀਨਾ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਮੈਂਬਰਾਂ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਮੁਤਾਬਕ ਮੁਲਜ਼ਮਾਂ ਨੇ 24 ਫਰਵਰੀ 2021 ਨੂੰ ਮੰਡਵਾਰ ਇਲਾਕੇ ਦੇ ਮਹੂਆ-ਮੰਡਵਰ ਰੋਡ ‘ਤੇ ਸਥਿਤ ਸਮਲੇਤੀ ਪੈਲੇਸ ਹੋਟਲ ‘ਚ 10ਵੀਂ ਜਮਾਤ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ। ਇਸ ਤੋਂ ਬਾਅਦ ਮੁਲਜ਼ਮ ਪੀੜਤਾ ਨੂੰ ਕਈ ਵਾਰ ਦਬਾਅ ਹੇਠ ਇਸ ਹੋਟਲ ਵਿੱਚ ਲੈ ਕੇ ਆਏ ਅਤੇ ਵਾਰ-ਵਾਰ ਸਮੂਹਿਕ ਬਲਾਤਕਾਰ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ।

