‘ਆਪ’ ਸਰਕਾਰ ਖ਼ਿਲਾਫ਼ ਗੁਲਾਬੀ ਸੁੰਡੀ ਮਸਲੇ ‘ਤੇ ਪਹਿਲਾ ਸੰਘਰਸ਼ੀ ਅਖਾੜਾ ਲੰਬੀ ਦੀ ਸਰਜਮੀਂ ‘ਤੇ ਮਘਣ ਦਾ ਮੁੱਢ ਬੱਝਿਆ ਗਿਆ। ਬੀਤੀ ਰਾਤ ਭਾਰੀ ਗਿਣਤੀ ਪੁਲਿਸ ਅਮਲੇ ਨੇ ਮੁਆਵਜ਼ੇ ਲਈ ਸਬ ਤਹਿਸੀਲ ਲੰਬੀ ਦਾ ਘਿਰਾਓ ਕਰ ਬੈਠੇ ਡੇਢ ਮਰਦ-ਔਰਤ ਕਿਸਾਨਾਂ ‘ਤੇ ਅੰਨ੍ਹੇਵਾਹ ਲਾਠੀਚਾਰਜ ਕਰਕੇ ਦਫ਼ਤਰ ‘ਚ ਤਾੜੇ ਨਾਇਬ ਤਹਿਸੀਲਦਾਰ ਅਤੇ ਅਮਲੇ ਨੂੰ ਲਾਠੀਚਾਰਜ ਕਰਕੇ ਛੁਡਵਾ ਲਿਆ।
ਪੁਲਿਸ ਵਲੋਂ ਤਿੱਖੇ ਲਾਠੀਚਾਰਜ ‘ਚ ਛੇ ਕਿਸਾਨ ਅਤੇ ਇਕ ਖੇਤ ਮਜ਼ਦੂਰ ਆਗੂ ਜ਼ਖ਼ਮੀ ਹੋਇਆ ਹੈ। ਜਿਨ੍ਹਾਂ ਨੂੰ ਸਰਕਾਰੀ ਸਿਹਤ ਕੇਂਦਰ ਲੰਬੀ ‘ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਬਲਾਕ ਪ੍ਰਧਾਨ ਗੁਰਪਾਸ਼ ਸਮੇਤ ਦੋ ਦਰਜਨ ਕਿਸਾਨਾਂ ਦੇ ਹਲਕੀਆਂ ਸੱਟਾਂ ਹਨ। ਪੁਲਿਸ ‘ਤੇ ਔਰਤ ਕਿਸਾਨਾਂ ਦੇ ਵਾਲ ਦੇ ਫੜ ਕੇ ਡਾਂਗਾਂ ਵਰ੍ਹਾਉਣ ਦੇ ਦੋਸ਼ ਹਨ।
ਲੰਬੀ ਘਟਨਾ ਦੇ ਮਾਮਲੇ ਵਿਚ 9 ਕਿਸਾਨ ਆਗੂਆਂ ਸਮੇਤ ਦੱਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ
ਲੰਬੀ ਵਿਖੇ ਵਾਪਰੀ ਘਟਨਾ ਦੇ ਮਾਮਲੇ ਵਿਚ ਪੁਲਿਸ ਵਲੋਂ ਦੇਰ ਰਾਤ 9 ਕਿਸਾਨ ਆਗੂਆਂ ਸਮੇਤ ਦੱਸ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਾਲ ਅਧਿਕਾਰੀਆਂ ਦੀ ਜਥੇਬੰਦੀ ਦੇ ਪ੍ਰਧਾਨ ਗੁਰਦੇਵ ਸਿੰਘ ਧੰਮ ਨੇ ਦੱਸਿਆ ਕਿ ਜਿਨ੍ਹਾਂ ਆਗੂਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਵਿਚ ਗੁਰਪਾਸ਼ ਸਿੰਘ, ਭੁਪਿੰਦਰ ਸਿੰਘ, ਹਰਪਾਲ ਸਿੰਘ ਜਗਦੀਪ ਸਿੰਘ, ਦਵਿੰਦਰ ਸਿੰਘ ,ਕਾਲਾ ਸਿੰਘ ਹਨ।
ਲਾਠੀਚਾਰਜ ਨਾਲ ਭਗਵੰਤ ਮਾਨ ਸਰਕਾਰ ਦਾ ਅਸਲ ਚਿਹਰਾ ਨੰਗਾ – ਜੇਠੂਕੇ
ਭਾਕਿਯੂ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਰਵਾਇਤੀ ਸਿਆਸੀ ਲੱਠਮਾਰ ਰਾਹਾਂ ‘ਤੇ ਤੁਰ ਪਈ ਹੈ। ਉਨ੍ਹਾਂ ਕਿਹਾ ਕਿ ਲੰਬੀ ‘ਚ ਮੁਆਵਜ਼ਾ ਮੰਗ ਰਹੇ ਮਰਦ-ਔਰਤ ਕਿਸਾਨਾਂ ‘ਤੇ ਲਾਠੀ ਚਾਰਜ ਨਾਲ ਨਵੀਂ ਸਰਕਾਰ ਦਾ ਅਸਲ ਚਿਹਰਾ ਨੰਗਾ ਹੋ ਗਿਆ ਹੈ। ਮੁੱਖ ਮੰਤਰੀ ਇਕੱਲੇ ਮਾਨਸਾ ਜ਼ਿਲ੍ਹੇ ‘ਚ ਮੁਆਵਜ਼ਾ ਵੰਡ ਕੇ ਆਪਣੇ ਸੋਹਲੇ ਗਾ ਗਿਆ। ਜਦੋਂਕਿ ਬਾਕੀ ਜ਼ਿਲਿਆਂ ‘ਚ ਮੁਆਵਜ਼ਾ ਵੀ ਨਹੀਂ ਵੰਡਿਆ ਗਿਆ ਅਤੇ ਲੰਬੀ ਹਲਕੇ ‘ਚ ਪਿੰਡ ਨੂੰ ਸਰਵੇ ‘ਚ ਸ਼ਾਮਿਲ ਹੀ ਨਹੀਂ ਕੀਤਾ ਗਿਆ।
Advertisement

