ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਸਿੱਖਿਆ ਨੀਤੀ ਨੂੰ ਸੁਧਾਰਨ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਪਰ ਇਸ ਵਿਚਾਲੇ ਸਰਕਾਰੀ ਸਕੂਲਾਂ ਦੀਆਂ ਤਰਸਯੋਗ ਹਾਲਤ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਹਰ ਇੱਕ ਦੇਖਣ ਸੁਣਨ ਵਾਲੇ ਨੂੰ ਹੈਰਾਨ ਕਰ ਰਹੀਆਂ ਹਨ। ਜੇ ਬਰਨਾਲਾ ਦੇ ਭਦੌੜ ਸਕੂਲ ਦੀ ਗੱਲ ਕੀਤੀ ਜਾਵੇ ਤਾਂ ਇਸ ਸਕੂਲ ਵਿੱਚ 46 ਵਿੱਚੋਂ ਸਿਰਫ਼ 24 ਅਧਿਆਪਕ ਹੀ ਬੱਚਿਆਂ ਦੀ ਪੜ੍ਹਾਈ ਦਾ ਡੰਗ ਟਪਾ ਰਹੇ ਹਨ।
ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਬਣੀ ਨੂੰ ਤਕਰੀਬਨ ਡੇਢ ਮਹੀਨੇ ਦਾ ਸਮਾਂ ਹੋ ਚੱਲਿਆ ਹੈ। ਜੇਕਰ ਗੱਲ ਕਰੀਏ ਸੂਬੇ ਵਿੱਚ ਸਿਹਤ ਅਤੇ ਸਿੱਖਿਆ ਦੀ ਤਾਂ ਇੰਨ੍ਹਾਂ ਦੋ ਮੁੱਦਿਆਂ ਨੂੰ ਲੈ ਕੇ ਹੀ ਆਮ ਆਦਮੀ ਪਾਰਟੀ ਨੇ ਵੱਡਾ ਬਹੁਮਤ ਪ੍ਰਾਪਤ ਕੀਤਾ ਪਰ ਅਪ੍ਰੈਲ ਵਿਚ ਸਿੱਖਿਆ ਦੇ ਖੇਤਰ ਵਿੱਚ ਬੱਚਿਆਂ ਦੀਆਂ ਦਾਖਲੇ ਸ਼ੁਹੂ ਹੋ ਚੁੱਕੇ ਹਨ ਅਤੇ ਸਰਕਾਰੀ ਸਕੂਲਾਂ ਵਿੱਚ ਪਰਨਾਲਾ ਉੱਥੇ ਦਾ ਉੱਥੇ ਹੀ ਜਾਪ ਰਿਹਾ ਹੈ।
ਕਿਵੇਂ ਚੱਲ ਰਹੀ ਹੈ ਬੱਚਿਆਂ ਦੀ ਪੜ੍ਹਾਈ ?: ਇੱਥੇ ਭਦੌੜ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਜੇਕਰ ਅਧਿਆਪਕਾਂ ਦੀ ਗੱਲ ਕੀਤੀ ਜਾਵੇ ਤਾਂ ਇੱਥੇ 46 ਵਿੱਚੋਂ ਸਿਰਫ਼ 24 ਅਧਿਆਪਕ ਹੀ ਬੱਚਿਆਂ ਦੀ ਪੜ੍ਹਾਈ ਦਾ ਡੰਗ ਟਪਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਦਾ ਵਾਧੂ ਚਾਰਜ ਅਧਿਆਪਕ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਕੋਲ ਪਿਛਲੇ ਲੰਬੇ ਸਮੇਂ ਤੋਂ ਅੱਧ ਤੋਂ ਵੀ ਘੱਟ ਸਟਾਫ ਹੈ ਜਿਸ ਨਾਲ ਉਹ ਬੜੀ ਹੀ ਮੁਸ਼ਕਲ ਨਾਲ ਬੱਚਿਆਂ ਦੀ ਪੜ੍ਹਾਈ ਨੂੰ ਬਰਕਰਾਰ ਰੱਖ ਰਹੇ ਹਨ।

