




ਪੰਜਾਬ ਮੰਡੀ ਬੋਰਡ ਦੇ ਇਕ ਸਕੱਤਰ ਦੀ ਬਦਲੀ ਦੇ ਮਾਮਲੇ ਨੇ ਉਸ ਸਮੇਂ ਤੂਲ ਫ਼ੜ ਲਿਆ ਜਦੋਂ ਸਬੰਧਤ ਮਹਿਕਮੇ ਦੇ ਇਕ ਸੇਵਾ ਮੁਕਤ ਅਧਿਕਾਰੀ ਨੇ ਮੁੱਖ਼ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਰੋਕੂ ਹੈਲਪ ਲਾਈਲ ਨੰਬਰ ‘ਤੇ ਆਪਣੀ ਆਵਾਜ਼ ਵਿਚ ਰਿਕਾਰਡ ਕਰਕੇ ਸ਼ਿਕਾਇਤ ਪਾ ਦਿੱਤੀ।
ਸ਼ਿਕਾਇਤ ਕਰਤਾ ਨੇ ਮੰਡੀ ਬੋਰਡ ਦੇ ਇਕ ਸਕੱਤਰ ਦੀ ਬਦਲੀ ਨੂੰ ਲੈ ਕੇ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਰੌੜੀ ‘ਤੇ ਬਦਲੀ ਕਰਵਾਉਣ ਲਈ ਨਿੱਜੀ ਦਿਲਚਸਪੀ ਲੈਣ ਅਤੇ ਪੰਜ ਲੱਖ਼ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਗਾ ਦਿੱਤਾ। ਵਾਇਰਲ ਹੋਈ ਇਸ ਆਡੀਓ ਸ਼ਿਕਾਇਤ ਨਾਲ ਇਲਾਕੇ ਵਿਚ ਹੜਕੰਪ ਮਚ ਗਿਆ।
ਕੀ ਹੈ ਪੂਰਾ ਮਾਮਲਾ
ਮੰਡੀ ਬੋਰਡ ਦੇ ਹੁਸ਼ਿਆਰਪੁਰ ਤੋਂ ਸੇਵਾ ਮੁਕਤ ਸਕੱਤਰ ਜੁਗਰਾਜਪਾਲ ਸਿੰਘ ਸ਼ਾਹੀ ਵਾਸੀ ਆਪਣੀ ਆਵਾਜ਼ ਵਿਚ ਸ਼ਿਕਾਇਤ ਰਿਕਾਰਡ ਕਰਕੇ ਮੁੱਖ਼ ਮੰਤਰੀ ਵੱਲੋਂ 23 ਮਾਰਚ ਨੂੰ ਜਾਰੀ ਭ੍ਰਿਸ਼ਟਾਚਾਰ ਰੋਕੂ ਹੈਲਪ ਲਾਈਨ ਨੰਬਰ ‘ਤੇ ਸ਼ਿਕਾਇਤ ਕਰ ਦਿੱਤੀ। ਉਸ ਨੇ ਸ਼ਿਕਾਇਤ ਵਿਚ ਕਿਹਾ ਕਿ 6 ਜਨਵਰੀ 2022 ਨੂੰ ਸ਼ਾਮ ਚੌਰਾਸੀ ਤੋਂ ਵਿਧਾਇਕ ਪਵਨ ਆਦੀਆ ਨੇ ਆਪਣੇ ਲੈਟਰ ਪੈਡ ‘ਤੇ ਟਾਂਡਾ ਵਿਖ਼ੇ ਮੰਡੀ ਬੋਰਡ ਵਿਚ ਤਾਇਨਾਤ ਸਕੱਤਰ ਸੁਰਿੰਦਰ ਸਿੰਘ ਸੈਣੀ ਦੀ ਬਦਲੀ ਹੁਸ਼ਿਆਰਪੁਰ ਕਰਨ ਦੀ ਬੇਨਤੀ ਕੀਤੀ ਜਿਸ ‘ਤੇ ਉਸ ਵੇਲੇ ਦੇ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ, ਚੱਬੇਵਾਲ ਤੋਂ ਵਿਧਾਇਕ ਡਾਕਟਰ ਰਾਜ ਕੁਮਾਰ ਨੇ ਵੀ ਆਪਣੇ ਦਸਤਖ਼ਤ ਕਰਕੇ ਹੁਸ਼ਿਆਰਪੁਰ ਵਿਖ਼ੇ ਕੀਤੀ ਜਾਣ ਵਾਲੀ ਦੀ ਪ੍ਰੋੜਤਾ ਕੀਤੀ। 7 ਜਨਵਰੀ 2022 ਨੂੰ ਟਾਂਡੇ ਵਿਖ਼ੇ ਉਸ ਵੇਲੇ ਦੇ ਮੁੱਖ਼ ਮੰਤਰੀ ਦੀ ਫ਼ੇਰੀ ਦੌਰਾਨ ਸਕੱਤਰ ਦੀ ਬਦਲੀ ਲਈ ਸੰਗਤ ਸਿੰਘ ਗਿਲਜੀਆਂ ਨੇ ਮੁੱਖ਼ ਮੰਤਰੀ ਸਾਹਿਬ ਤੋਂ ਇਸ ਦੀ ਬਦਲੀ ਹੁਸ਼ਿਆਰਪੁਰ ਕਰਨ ਲਈ ਮਨਜੂਰੀ ਲੈ ਲਈ। ਉਨ੍ਹਾਂ ਦੱਸਿਆ ਕਿ 8 ਜਨਵਰੀ 2022 ਨੂੰ ਚੋਣ ਜ਼ਾਬਤਾ ਲੱਗ ਗਿਆ ਪਰ ਸੁਰਿੰਦਰ ਸਿੰਘ ਸੈਣੀ ਨੇ ਮਿਲੀ ਭੁਗਤ ਨਾਲ 7 ਜਨਵਰੀ ਨੂੰ ਹੀ ਹੁਸ਼ਿਆਪੁਰ ਵਿਖ਼ੇ ਜੁਆਇੰਨ ਕਰ ਲਿਆ ਜਦਕਿ ਇਸ ਬਦਲੀ ਨਾਲ ਸਬੰਧਤ ਹੁਕਮਾਂ ਦੀ ਕਾਪੀ 9 ਜਨਵਰੀ 2022 ਨੂੰ ਮਿਲਦੀ ਹੈ ਤਦ ਤੱਕ ਚੋਣ ਜ਼ਾਬਤਾ ਲੱਗ ਚੁੱਕਾ ਸੀ।
ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਸ਼ਾਮ ਚੁਰਾਸੀ ਤੋਂ ਜਿੱਤੇ ਵਿਧਾਇਕ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਅਤੇ ਟਾਂਡੇ ਤੋਂ ਵਿਧਾਇਕ ਜਸਵੀਰ ਸਿੰਘ ਰਾਜਾ ਕੋਲ ਆਡ਼੍ਹਤੀਆਂ ਨੇ ਸ਼ਰੇਆਮ ਸਕੱਤਰ ਸੁਰਿੰਦਰ ਸਿੰਘ ਸੈਣੀ ‘ਤੇ ਹਰ ਸਾਲ ਮੋਟੀ ਰਕਮ ਵਸੂਲਣ ਦੇ ਦੋਸ਼ ਲਗਾਏ ਜਿਸ ਕਾਰਨ ਇਸ ਕਰਮਚਾਰੀ ਨੂੰ ਚਨਾਰਥਲ ਸਰਹੰਦ ਬਦਲ ਦਿੱਤਾ ਪਰ ਸੈਕਟਰੀ ਨੇ ਉੱਥੇ ਜੁਆਇੰਨ ਨਾ ਕੀਤਾ। ਜੁਆਇੰਨ ਕਰਨ ਦੀ ਮਿਤੀ ਲੰਘਣ ਕਾਰਨ ਵਿਭਾਗ ਦੇ ਸਰਹੰਦ ਦੇ ਕਰਮਚਾਰੀਆਂ ਨੇ ਇਸ ਦੀ ਜੁਆਇੰਨ ਨਾ ਕਰਨ ਦੀ ਡੀ. ਐੱਮ. ਨੇ ਸ਼ਿਕਾਇਤ ਕਰ ਦਿੱਤੀ ਕਿਉਂਕਿ ਫ਼ਸਲੀ ਦਿਨਾਂ ਦੌਰਾਨ ਕਾਨੂੰਨਨ ਗਲਤ ਸੀ ਅਤੇ ਸੈਕਟਰੀ ਮੰਡੀ ਬੋਰਡ ਪੰਜਾਬ ਰਵੀ ਭਗਤ ਨੇ ਇਸ ਨੂੰ ਮੁਅੱਤਲ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ। ਸ਼ਿਕਾਇਤ ਕਰਤਾ ਜੁਗਰਾਜਪਾਲ ਸਿੰਘ ਜੋ ‘ਆਪ’ ਆਡੀਓ ‘ਚ ਸਾਰੀ ਗੱਲ ਡਾ. ਰਵਜੋਤ ਸਿੰਘ ਵਿਧਾਇਕ ਨੂੰ ਵੀ ਦੱਸਣ ਦੀ ਗੱਲ ਕਰਦਾ ਹੈ ਨੇ ਦੋਸ਼ ਲਾਇਆ ਕਿ ਇਸੇ ਵਿਭਾਗ ‘ਚੋਂ ਸੇਵਾ ਮੁਕਤ ਇਕ ਕਰਮਚਾਰੀ ਜੋ ਕਿ ਗਡ਼੍ਹਸ਼ੰਕਰ ਤੋਂ ‘ਆਪ’ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਦਾ ਨਜ਼ਦੀਕੀ ਹੈ ਨੇ ਮਿਲੀ ਭੁਗਤ ਕਰਵਾ ਕੇ ਪਹਿਲਾਂ ਸੁਰਿੰਦਰਪਾਲ ਸਿੰਘ ਸੈਣੀ ਨੂੰ ਸਰਕਾਰੀ ਦਬਾਅ ਅਧੀਨ 28 ਮਾਰਚ ਨੂੰ ਚਨਾਰਥਲ ਸਰਹੰਦ ਦਾ ਵਾਧੂ ਚਾਰਜ ਲਈ ਬਦਲਾ ਲਿਆ ਅਤੇ ਚਾਰ ਮਈ 2022 ਨੂੰ ਮੁੜ ਟਾਂਡੇ ਅਤੇ ਵਾਧੂ ਚਾਰਜ ਗਡ਼੍ਹਸ਼ੰਕਰ ਲਈ ਬਦਲ ਦਿੱਤਾ ਜਦਕਿ ਹੁਸ਼ਿਆਪੁਰ ਦੇ ਜਿਸ ਕਰਮਚਾਰੀ ਕੋਲ ਗੜ੍ਹਸ਼ੰਕਰ ਦਾ ਚਾਰਜ ਸੀ ਨੂੰ ਗੜ੍ਹਸ਼ੰਕਰ 30 ਤੋਂ 35 ਅਤੇ ਸੁਰਿੰਦਰ ਸਿੰਘ ਸੈਣੀ ਨੂੰ 80 ਕਿਲੋਮੀਟਰ ਪੈਂਦਾ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਕੰਮ ਲਈ ਵਿਧਾਇਕ ਜੈ ਕਿਸ਼ਨ ਸਿੰਘ ਰੌੜ੍ਹੀ ਨੇ ਪੰਜ ਲੱਖ਼ ਰੁਪਏ ਦੀ ਰਿਸ਼ਵਤ ਲਈ ਹੈ।
ਵਿਧਾਇਕ ਰੌੜੀ
ਇਸ ਸਬੰਧੀ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਉਨ੍ਹਾਂ ਬਦਲੀ ਨਹੀਂ ਕਰਵਾਈ ਅਤੇ ਨਾ ਹੀ ਪੈਸੇ ਲਏ ਹਨ। ਉਨ੍ਹਾਂ ਕਿਹਾ ਕਿ ਸੁਰਿੰਦਰ ਸਿੰਘ ਦੀ ਬਦਲੀ ਸਰਹੰਦ ਤੋਂ ਟਾਂਡਾ ਵਿਧਾਇਕ ਜਸਵੀਰ ਸਿੰਘ ਰਾਜਾ ਦੀ ਸਿਫ਼ਾਰਿਸ਼ ‘ਤੇ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ਼ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸਖ਼ਤ ਹਦਾਇਤਾਂ ਹਨ ਅਤੇ ਬਦਲੀਆਂ ਕਰਨ ਵਿਚ ਵਿਧਾਇਕ ਕੁਝ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਜੇਕਰ ਸ਼ਿਕਾਇਤ ਕਰਤਾ ਨੇ ਪੰਜ ਲੱਖ਼ ਰੁਪਏ ਲੈਣ ਦਾ ਦੋਸ਼ ਸਾਬਿਤ ਨਾ ਕੀਤਾ ਤਾਂ ਉਹ ਵਿਧਾਨ ਸਭਾ ਦੇ ਸਪੀਕਰ, ਪ੍ਰਸ਼ਾਸਨ ਨੂੰ ਸ਼ਿਕਾਇਤਾਂ ਕਰਨਗੇ ਅਤੇ ਸ਼ਿਕਾਇਤਕਰਤਾ ਵਿਰੁੱਧ ਮਾਣਹਾਨੀ ਦਾ ਕੇਸ ਵੀ ਕਰਨਗੇ।

