ChandigarhpoliticalPunjab

RTI ਦਫਤਰ ‘ਚ ਵਾਹਨਾਂ ਫਿਟਨੈਸ ਘੁਟਾਲੇ ਦਾ ਪਰਦਾਫਾਸ਼, ਇਕ MVI, 2 ਕਲਰਕਾਂ ਸਮੇਤ 5 ਲੋਕਾਂ ‘ਤੇ ਅਪਰਾਧਿਕ ਮਾਮਲਾ ਦਰਜ

 ਪੰਜਾਬ ਵਿਜੀਲੈਂਸ ਬਿਊਰੋ ਨੇ  ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫਤਰ ਸੰਗਰੂਰ ਵਿੱਚ ਇੱਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਆਰ.ਟੀ.ਏ., ਮੋਟਰ ਵਹੀਕਲ ਇੰਸਪੈਕਟਰ (ਐਮ.ਵੀ.ਆਈ.), ਦੋ ਕਲਰਕਾਂ, ਦੋ ਵਿਚੋਲਿਆਂ ਅਤੇ ਪ੍ਰਾਈਵੇਟ ਏਜੰਟਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਵਿਜੀਲੈਂਸ ਨੇ ਇਸ ਦਫਤਰ ਦੇ ਦੋ ਮੁਲਾਜ਼ਮਾਂ ਅਤੇ ਇੱਕ ਵਿਚੋਲੇ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਘਪਲੇ ਵਿੱਚ ਆਰ.ਟੀ.ਏ. ਸੰਗਰੂਰ, ਐਮ.ਵੀ.ਆਈ., ਉਹਨਾਂ ਦਾ ਅਮਲਾ ਅਤੇ ਪ੍ਰਾਈਵੇਟ ਵਿਅਕਤੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ ਜੋ ਰਾਜ ਸਰਕਾਰ ਦੇ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਦੀ ਥਾਂ ਇੱਕ ਦੂਜੇ ਨਾਲ ਮਿਲ ਕੇ ਵੱਖ-ਵੱਖ ਕਿਸਮਾਂ ਦੇ ਵਾਹਨਾਂ ਨੂੰ ਫਿਟਨੈਸ ਸਰਟੀਫਿਕੇਟ ਜਾਰੀ ਕਰਨ ਬਦਲੇ ਰਾਜ ਵਿੱਚ ਕੰਮ ਕਰ ਰਹੇ ਵੱਖ-ਵੱਖ ਏਜੰਟਾਂ ਤੋਂ ਰਿਸ਼ਵਤਾਂ ਲੈਂਦੇ ਸਨ।

ਉਨਾਂ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਨੁਸਾਰ ਸਾਰੇ ਵਪਾਰਕ ਵਾਹਨਾਂ ਨੂੰ ਸੜਕਾਂ ‘ਤੇ ਚੱਲਣ ਲਈ ਆਰਟੀਏ ਦਫਤਰ ਤੋਂ ਫਿਟਨੈਸ ਸਰਟੀਫਿਕੇਟ ਲੈਣਾ ਪੈਂਦਾ ਹੈ ਅਤੇ ਅਜਿਹੇ ਸਾਰੇ ਵਾਹਨਾਂ ਨੂੰ ਦਸਤਾਵੇਜਾਂ ਸਮੇਤ ਐਮ.ਵੀ.ਆਈ. ਦੁਆਰਾ ਆਪਣੇ ਦਫਤਰ ਵਿਖੇ ਮੌਕੇ ‘ਤੇ ਨਿਰੀਖਣ ਕਰਨਾ ਹੁੰਦਾ ਹੈ।

ਘਪਲੇ ਦੀ ਰੂਪਰੇਖਾ ਦਾ ਖੁਲਾਸਾ ਕਰਦਿਆਂ ਉਨਾਂ ਕਿਹਾ ਕਿ ਇਹ ਅਧਿਕਾਰੀ ਏਜੰਟਾਂ ਅਤੇ ਵਿਚੋਲਿਆਂ ਦੀ ਮਿਲੀਭੁਗਤ ਨਾਲ ਵਾਹਨਾਂ ਦੀ ਮੌਕੇ ‘ਤੇ ਫਿਜ਼ੀਕਲ ਵੈਰੀਫਿਕੇਸਨ ਕੀਤੇ ਬਿਨਾਂ ਹੀ ਵਾਹਨ ਦੇ ਮਾਡਲ ਦੇ ਹਿਸਾਬ ਨਾਲ 2800 ਰੁਪਏ ਤੋਂ ਲੈ ਕੇ 1000 ਰੁਪਏ ਪ੍ਰਤੀ ਵਾਹਨ ਰਿਸ਼ਵਤ ਦੇ ਬਦਲੇ ਫਿਟਨੈਸ ਸਰਟੀਫਿਕੇਟ ਜਾਰੀ ਕਰਦੇ ਆ ਰਹੇ ਹਨ। ਇਸ ਤਰਾਂ ਆਰ.ਟੀ.ਏ ਅਤੇ ਐੱਮ.ਵੀ.ਆਈ. ਵੱਲੋਂ ਨਿਰਧਾਰਿਤ ਸਥਾਨ ‘ਤੇ ਵਾਹਨ ਖੜੇ ਕਰਵਾਉਣ ਦੀ ਥਾਂ ਅਤੇ ਉਨਾਂ ਦੀ ਮੌਕੇ ‘ਤੇ ਭੌਤਿਕ ਜਾਂਚ ਕੀਤੇ ਬਿਨਾਂ ਹੀ ਦਸਤਾਵੇਜਾਂ ਦੇ ਆਧਾਰ ‘ਤੇ ਵਾਹਨਾਂ ਨੂੰ ਪਾਸ ਕੀਤਾ ਜਾ ਰਿਹਾ ਸੀ।

 

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਦੇ ਅਧਾਰ ‘ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਐਮ.ਵੀ.ਆਈ ਸੰਗਰੂਰ ਦੇ ਦਫਤਰ ਦੀ ਅਚਨਚੇਤ ਜਾਂਚ ਕੀਤੀ ਜਿਸ ਵਿੱਚ ਇਸ ਘੁਟਾਲੇ ਦੀਆਂ ਪਰਤਾਂ ਖੁੱਲੀਆਂ। ਇਸ ਮਾਮਲੇ ‘ਚ ਵਿਜੀਲੈਂਸ ਬਿਊਰੋ ਨੇ ਮੌਕੇ ‘ਤੇ ਹੀ 3 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਿਨਾਂ ‘ਚ ਧਰਮਿੰਦਰ ਪਾਲ ਉਰਫ ਬੰਟੀ (ਏਜੰਟ) ਵਾਸੀ ਸੰਗਰੂਰ, ਕਲਰਕ ਗੁਰਚਰਨ ਸਿੰਘ ਅਤੇ ਡਾਟਾ ਐਂਟਰੀ ਆਪਰੇਟਰ ਜਗਸੀਰ ਸਿੰਘ ਤੋਂ ਇਲਾਵਾ ਕਰੀਬ 40 ਹਜਾਰ ਰੁਪਏ ਰਿਸ਼ਵਤ ਦੀ ਰਾਸ਼ੀ ਅਤੇ ਘੁਟਾਲੇ ਨਾਲ ਸਬੰਧਤ ਕਈ ਦਸਤਾਵੇਜ ਵੀ ਬਰਾਮਦ ਕੀਤੀ ਹੈ।

ਉਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਰਵਿੰਦਰ ਸਿੰਘ ਗਿੱਲ ਆਰ.ਟੀ.ਏ., ਮਹਿੰਦਰ ਪਾਲ ਐੱਮ.ਵੀ.ਆਈ., ਗੁਰਚਰਨ ਸਿੰਘ ਕਲਰਕ, ਜਗਸੀਰ ਸਿੰਘ ਡਾਟਾ ਐਂਟਰੀ ਆਪਰੇਟਰ, ਧਰਮਿੰਦਰ ਪਾਲ ਉਰਫ ਬੰਟੀ ਅਤੇ ਸੁਖਵਿੰਦਰ ਸੁੱਖੀ ਦੋਵੇਂ ਵਿਚੋਲੇ ਅਤੇ ਹੋਰ ਪ੍ਰਾਈਵੇਟ ਏਜੰਟਾਂ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿੱਚ ਐਫ.ਆਈ.ਆਰ ਨੰਬਰ 19 ਮਿਤੀ 18-08-2022 ਧਾਰਾ 420, 120-ਬੀ ਆਈ.ਪੀ.ਸੀ ਅਤੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਤੇ 7-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

Related Articles

Leave a Reply

Your email address will not be published.

Back to top button