ਜਲੰਧਰ/ਐਸ ਐਸ ਚਾਹਲ
ਕਿਸ਼ਨਗੜ੍ਹ- ਕਰਤਾਰਪੁਰ ਸੜਕ ਨੌਗੱਜਾ ਨੇੜੇ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਮੈਨਜਮੈਂਟ ਵੱਲੋਂ ਫੀਸਾਂ ਤੇ ਪਿਛਲੇ ਕੁਝ ਕੁ ਬਕਾਏ ਲਏ ਤੋਂ ਬਿਨਾਂ ਬੱਚਿਆਂ ਦਾ ਨਤੀਜਾ ਨਾ ਦੇਣ ਕਰਕੇ ਪੇਰੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਉਕਤ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਰਲ ਕੇ ਸਕੂਲ ਮੈਨੇਜਮੈਂਟ ਖਿਲਾਫ ਉਕਤ ਸਕੂਲ ਦੇ ਕੰਪਲੈਂਕਸ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉਕਤ ਮਾਮਲੇ ਸੰਬੰਧੀ ਮੌਕੇ ਤੋਂ ਪ੍ਰਰਾਪਤ ਕੀਤੀ ਗਈ ਜਾਣਕਾਰੀ ਮੁਤਾਬਕ ਉਕਤ ਸਕੂਲ ਦੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਬਣਾਈ ਗਈ ਮਾਪੇ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਕੁਮਾਰ, ਸੱਤਿਆਪਾਲ, ਕਰਨ ਕੁਮਾਰ, ਸੁਖਵਿੰਦਰ ਕੁਮਾਰ, ਬਿੰਦੀ ਚੰਦ, ਦਿਲਬਾਗ ਸਿੰਘ, ਤਰਲੋਕ ਸਿੰਘ ਆਦਿ ਸਭ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਲੰਘੇ ਦਿਨ ਉਨ੍ਹਾਂ ਨੂੰ ਸਕੂਲ ‘ਚੋਂ ਆਪਣੇ ਬੱਚਿਆਂ ਦਾ ਨਤੀਜਾ ਮਿਲਣਾ ਸੀ। ਇਸੇ ਕਰ ਕੇ ਉਹ ਸਾਰੇ ਸਕੂਲ ‘ਚ ਆਪਣੇ ਬੱਚਿਆਂ ਦਾ ਨਤੀਜਾ ਲੈਣ ਆਏ ਹੋਏ ਸਨ ਪਰੰਤੂ ਸਕੂਲ ਮੈਨਜਮੈਂਟ ਵੱਲੋਂ ਪਹਿਲਾਂ ਬੱਚਿਆਂ ਦੀਆਂ ਕੁਝ-ਕੁ ਬਕਾਇਆ ਰਹਿੰਦੀਆ ਫੀਸਾਂ ਤੇ ਕੁਝ ਕੁ ਵਾਧੂ ਖਰਚਿਆਂ ਦੇ ਬਕਾਏ ਨੂੰ ਨਾ ਦੇਣ ਦੀ ਸੂਰਤ ‘ਚ ਸਕੂਲ ਮੈਨੇਜਮੈਂਟ ਵੱਲੋਂ ਨਤੀਜਾ ਨਹੀਂ ਦਿੱਤਾ ਗਿਆ। ਇਸ ਦੇ ਰੋਸ ਵਜੋਂ ਪੇਰੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਵਿਦਿਆਰਥੀਆਂ ਦੇ ਮਾਪਿਆਂ ਨੂੰ ਲੈ ਕੇ ਸਕੂਲ ਮੈਨੇਜਮੈਂਟ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਸਕੂਲ ਮੈਨੇਜਮੈਂਟ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਸਾਲਾਂ ਦੀਆਂ ਟਿਊਸ਼ਨ ਫੀਸਾਂ ਤੋਂ ਇਲਾਵਾ ਮੇਨਟੀਨੈਸ ਚਾਰਜ ਲਏ ਤੋਂ ਬਗੈਰ ਨਤੀਜਾ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲ ਪ੍ਰਸ਼ਾਸਨ ਕੋਰੋਨਾ ਮਹਾਮਾਰੀ ਦੌਰਾਨ ਦੇ ਬਕਾਏ ਤੇ ਹੁਣ ਦੀਆਂ ਪੂਰੀਆਂ ਫ਼ੀਸਾਂ ਲੈਣ ‘ਤੇ ਹੀ ਨਤੀਜੇ ਜਾਰੀ ਕਰਨਗੇ। ਇਸ ਸਬੰਧੀ ਪੇਰੈਂਟ ਵੈੱਲਫੇਅਰ ਐਸੋਸੀਏਸ਼ਨ ਸਕੂਲ ਮੈਨੇਜਮੈਂਟ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ ਜਿਸ ਦਾ ਸਕੂਲ ਮੈਨੇਜਮੈਂਟ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਮਾਪਿਆਂ ਨੂੰ ਨਤੀਜਾ ਲਏ ਬਗੈਰ ਹੀ ਨਿਰਾਸ਼ ਹੋ ਕੇ ਵਾਪਸ ਆਉਣਾ ਪਿਆ।