ਪੰਜਾਬ ਵਿੱਚ ਇਕੱਲੇ ਚੋਣਾਂ ਲੜਨ ਦੇ ਐਲਾਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਡੀ ਅਸੂਲਾਂ ਦੀ ਪਾਰਟੀ ਹੈ, ਸਾਡੇ ਲਈ ਗਿਣਤੀ ਤੋਂ ਜ਼ਿਆਦਾ ਅਸੂਲ ਜ਼ਰੂਰੀ ਹਨ।ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਮਾਮੂਲੀ ਪਾਰਟੀ ਨਹੀਂ ਹੈ। ਇਹ ਅਸੂਲਾਂ ਵਾਲੀ ਪਾਰਟੀ ਹੈ। ਬਾਦਲ ਨੇ ਕਿਹਾ ਇਹ ਪਾਰਟੀ ਸਰਕਾਰ ਬਣਾਉਣ ਲਈ ਹੋਂਦ ਵਿੱਚ ਨਹੀਂ ਆਈ ਸੀ ਇਹ ਕੌਮ ਤੇ ਪੰਜਾਬੀਆਂ ਦੀ ਰੱਖਿਆ ਲਈ ਬਣਾਈ ਗਈ ਸੀ।
ਭਾਜਪਾ ਨੇ ਇਕੱਲਿਆਂ ਚੋਣਾਂ ਲੜਨ ਦਾ ਕੀਤਾ ਐਲਾਨ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨਾਲ ਚੋਣਾਵੀ ਸਮਝੌਤਾ ਨਹੀਂ ਕਰੇਗੀ। ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਤੇ ਖਾਸ ਕਰਕੇ ਸਿੱਖਾਂ ਲਈ ਕੀਤੇ ਕੰਮਾ ਦਾ ਗੁਣਗਾਣ ਕੀਤਾ ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪਾਰਟੀ ਆਪਣੇ ਹੀ ਬਲਬੂਤੇ ਉੱਤੇ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਉੱਤੇ ਚੋਣ ਲੜੇਗੀ।
ਅਕਾਲੀ ਦਲ ਨੂੰ ਪਹਿਲਾਂ ਹੀ ਇਲਮ ਸੀ ਕਿ ਨਹੀਂ ਹੋਵੇਗਾ ਸਮਝੌਤਾ ?
ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਕਾਲੀ ਦਲ ਨੂੰ ਸਮਝੌਤਾ ਨਾ ਹੋਣ ਬਾਰੇ ਪਹਿਲਾਂ ਨਾ ਪਤਾ ਹੋਵੇ, ਕਿਉਂਕਿ ਪਿਛਲੇ ਦਿਨਾਂ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਗੱਠਜੋੜ ਤੋਂ ਪਹਿਲਾਂ ਜੋ ਮੁੱਦੇ ਭਾਜਪਾ ਸਾਹਮਣੇ ਰੱਖੇ ਗਏ ਸੀ ਉਸ ਤੋਂ ਉਹ ਸਾਫ਼ ਸੀ ਕਿ ਭਾਜਪਾ ਦੀ ਉਹ ਹਜ਼ਮ ਨਹੀਂ ਹੋਣਗੇ। ਮੀਟਿੰਗ ਵਿੱਚ ਅਕਾਲੀ ਦਲ ਕੇ ਕਿਸਾਨੀ ਮੰਗਾਂ ਦਾ ਹੱਲ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਜ਼ੋਰ ਨਾਲ ਉਭਾਰਿਆ ਸੀ। ਇਨ੍ਹਾਂ ਮੁੱਦਿਆਂ ਨਾਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚੋਂ ਗੁਆਚੀ ਆਪਣੀ ਸਿਆਸੀ ਜ਼ਮੀਨ ਨੂੰ ਮੁੜ ਤਲਾਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਤੇ ਜੇ ਇਹੀ ਪੰਜਾਬ ਦੀ ਗੱਲ ਨਹੀਂ ਕਰੇਗੀ ਤਾਂ ਇਨ੍ਹਾਂ ਦਾ ਪਿੰਡਾਂ ਵਿੱਚ ਜਾ ਕੇ ਵੋਟਾਂ ਮੰਗਣਾ ਔਖਾ ਹੋ ਜਾਣਾ ਸੀ।
ਕਦੋਂ ਹੋਇਆ ਸੀ ਤੋੜ ਵਿਛੋੜਾ
ਜ਼ਿਕਰ ਕਰ ਦਈਏ ਕਿ ਇਸ ਤੋਂ ਪਹਿਲਾਂ ਚੱਲੇ ਕਿਸਾਨੀ ਅੰਦੋਲਨ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਨੂੰ ਨਹੁੰ ਮਾਸ ਦਾ ਰਿਸ਼ਤਾ ਕਿਹਾ ਜਾਂਦਾ ਸੀ ਪਰ ਕਿਸਾਨਾਂ ਦੇ ਦਬਾਅ ਹੇਠ ਆ ਕੇ ਅਕਾਲੀ ਦਲ ਨੇ ਭਾਰਤੀ ਜਨਤਾ ਪਾਰਟੀ ਨਾਲ ਤੋੜ ਵਿਛੋੜਾ ਕਰ ਲਿਆ ਸੀ। ਤਾਅ ਵਿੱਚ ਆ ਕੇ ਅਕਾਲੀ ਦਲ ਨੇ ਕੇਂਦਰ ਦੀ ਵਜ਼ਾਰਤ ਨੂੰ ‘ਠੋਕਰ’ ਮਾਰ ਦਿੱਤੀ ਸੀ। ਇਸ ਤੋਂ ਬਾਅਦ ਅਕਾਲੀ ਦਲ ਨੇ ਦਲਿਤ ਵੋਟ ਉੱਤੇ ਨਜ਼ਰ ਰੱਖਦਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕੀਤਾ ਪਰ ਅਕਾਲੀ ਦਲ ਨੂੰ ਕੋਈ ਸਫਲਤਾ ਨਹੀਂ ਮਿਲੀ ਹਾਲਾਂਕਿ ਬਸਪਾ ਦੇ ਹੱਥ ਇੱਕ ਵਿਧਾਇਕੀ ਲੱਗੀ ਸੀ।
ਸਮਝੌਤਾ ਤਾਂ ਹੋਇਆ ਦਿਲ ਨਹੀਂ ਮਿਲੇ ?
ਇਹ ਆਮ ਚਰਚਾ ਚੱਲ ਰਹੀ ਸੀ ਕਿ ਗੱਠਜੋੜ ਹੋਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਸਪਾ ਨਾਲ ਕੋਈ ਵੀ ਰਾਬਤਾ ਨਹੀਂ ਰੱਖਿਆ। ਇਹ ਦੋਵੇ ਮਸਾ ਹੀ ਕਿਤੇ ਇੱਕ ਸਾਂਝੀ ਸਟੇਜ ਉੱਤੇ ਇਕੱਠੇ ਹੁੰਦੇ ਸਨ। ਇਸ ਦੌਰਾਨ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਤੋਂ ਗੱਠਜੋੜ ਹੋਣ ਦੀਆਂ ਚਰਚਾਵਾਂ ਨੇ ਵੀ ਜ਼ੋਰ ਫੜ੍ਹ ਲਿਆ ਸੀ। ਇਸ ਨੂੰ ਲੈ ਕੇ ਜਦੋਂ ਅਕਾਲੀ ਦਲ ਜਾਂ ਭਾਜਪਾ ਨਾਲ ਰਾਬਤਾ ਕੀਤਾ ਜਾਂਦਾ ਤਾਂ ਉਹ ਇਸ ਗੱਲ ਦੀ ਖੁੱਲ੍ਹ ਕੇ ਹਾਮੀ ਵੀ ਨਹੀਂ ਭਰਦੇ ਸੀ ਤੇ ਨਾ ਹੀ ਇਸ ਤੋਂ ਮੁਨਕਰ ਹੁੰਦੇ ਸਨ। ਸੂਬੇ ਵਿੱਚ ਬਣੇ ਰਹੇ ਇਸ ਗੱਠਜੋੜ ਤੋਂ ਬਸਪਾ ਖਫਾ ਹੁੰਦੀ ਨਜ਼ਰ ਆ ਰਹੀ ਸੀ ਕਿਉਂਕਿ ਉਨ੍ਹਾਂ ਨੂੰ ਖ਼ਦਸ਼ਾ ਸੀ ਕਿ ਜੇ ਇਹ ਸਮਝੌਤਾ ਹੁੰਦਾ ਤਾਂ ਅਕਾਲੀ ਦਲ ਉਨ੍ਹਾਂ ਨੂੰ ਮੁੜ ਤੋਂ ਪਹਿਲਾਂ ਵਾਂਗ ਛੱਡ ਦੇਵੇਗਾ।
ਭਾਰਤੀ ਜਨਤਾ ਪਾਰਟੀ ਪੰਜਾਬ (BJP Punjab) ਦੀਆਂ 13 ਸੀਟਾਂ ‘ਤੇ ਇਕੱਲਿਆਂ ਹੀ ਚੋਣ ਲੜੇਗੀ। ਇਹ ਜਾਣਕਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾ ਪ੍ਰਧਾਨ ਸੁਨੀਲ ਜਾਖੜ (Sunil Jakhar) ਨੇ ਸੋਸ਼ਲ ਮੀਡੀਆ ‘ਤੇ ਦਿੱਤੀ। ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਪਰ ਸੁਨੀਲ ਜਾਖੜ ਨੇ ਇਨ੍ਹਾਂ ‘ਤੇ ਵਿਰਾਮ ਲਗਾ ਦਿੱਤਾ ਹੈ। ਐਕਸ ‘ਤੇ ਜਾਰੀ ਵੀਡੀਓ ‘ਚ ਜਾਖੜ ਨੇ ਕਿਹਾ ਕਿ ਪੰਜਾਬ ‘ਚ ਭਾਜਪਾ ਇਕੱਲਿਆਂ ਹੀ ਲੋਕ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇਹ ਫੈਸਲਾ ਲੋਕਾਂ ਦੀ ਰਾਏ, ਪਾਰਟੀ ਵਰਕਰਾਂ ਦੀ ਰਾਏ, ਲੀਡਰ ਸਾਹਿਬਾਨ ਦੀ ਰਾਏ ਜਾਣਨ ਤੋਂ ਬਾਅਦ ਪੰਜਾਬ ਦੇ ਭਵਿੱਖ, ਜਵਾਨੀ, ਪਾਰੀਆਂ, ਨੌਜਵਾਨਾਂ ਤੇ ਪੱਛੜੇ ਵਰਗਾਂ ਦੀ ਬਿਹਤਰੀ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਹੈ।