
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਸਮੂਹ ਸਿੱਖ ਸੰਗਤਾਂ ਵੱਲੋਂ ਉਹਨਾਂ ਦੇ ਹੱਕ ‘ਚ ਆਵਾਜ਼ ਚੁੱਕੀ ਗਈ ਅਤੇ ਉਹਨਾਂ ਨੂੰ ਅਸਤੀਫ਼ਾ ਵਾਪਿਸ ਲੈਣ ਦੀ ਅਪੀਲ ਕੀਤੀ ਜਾ ਰਹੀ ਸੀ। ਇਸ ਵਿਚਾਲੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰਦਿਆਂ ਇਸ ਨੂੰ ਨਾ- ਮਨਜ਼ੂਰ ਕਰ ਦਿੱਤਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੀਆਂ ਤਖਤ ਸਾਹਿਬਾਨ ਦੀਆਂ ਸੇਵਾਵਾਂ ਬੇਮਿਸਾਲ ਰਹੀਆਂ ਹਨ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਸਿੱਖ ਕੌਮ ਨੂੰ ਬਹੁਤ ਲੋੜ ਹੈ। ਤਖਤ ਸਾਹਿਬਾਨ ਦੀਆਂ ਸੇਵਾਵਾਂ ਲਗਾਤਾਰ ਉਹ ਜਾਰੀ ਰੱਖਣਗੇ। ‘ਮੈਂ ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫ਼ਾ ਰੱਦ ਕਰਦਾ ਹਾਂ’। ਹਰਪ੍ਰੀਤ ਸਿੰਘ ਨੂੰ ਬੇਨਤੀ ਕੀਤੀ ਗਈ ਕਿ ਤੁਸੀਂ ਸਾਡੀ ਅਗਵਾਈ ਕਰਦੇ ਰਹੋ।ਐਡਵੋਕੇਟ ਧਾਮੀ ਨੇ ਕਿਹਾ ਕਿ ਕਈ ਸਾਲਾਂ ਤੋਂ ਐਸ.ਜੀ.ਪੀ.ਸੀ. ਸਿੱਖ ਮੁੱਦਿਆਂ ਦੀ ਤਰਜਮਾਨੀ ਕਰਦੀ ਆ ਰਹੀ ਹੈ। ਸਿੰਘ ਸਹਿਬਾਨਾਂ ਨੂੰ ਐਸ.ਜੀ.ਪੀ.ਸੀ. ਦੇ ਹਰ ਕਾਰਜ ਦੀ ਜਾਣਕਾਰੀ ਹੁੰਦੀ ਹੈ ਪਰ ਕੁਝ ਅਜਿਹੇ ਅਨਸਰ ਹਨ ਜੋ ਪੰਜਾਬ ‘ਚ SGPC ਦੇ ਅੰਦਰ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਸਾਡਾ ਸੁਭਾਅ ਕਾਂ ਵਰਗਾ ਬਣ ਗਿਆ ਹੈ ਅਤੇ ਕਾਂ ਬਣ ਕੇ ਅਸੀਂ ਇਕ ਦੂਜੇ ’ਤੇ ਇਲਜ਼ਾਮ ਲਗਾਈ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਾਰਿਆਂ ਨੂੰ ਮਿਲ ਕੇ SGPC ਨੂੰ ਬਚਾਉਣਾ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਲਵਿੰਦਰ ਭੂੰਦੜ ਨੇ ਕਿਹਾ ਕਿ ਸਾਡਾ ਫ਼ਰਜ਼ ਬਣਦਾ ਹੈ ਕਿ ਸਿੰਘ ਸਾਹਿਬ ਦੇ ਦਰਸ਼ਨ ਕਰਕੇ ਜਾਈਏ। ਉਨ੍ਹਾਂ ਕਿਹਾ ਕਿ ਮੈਂ ਜਦੋਂ ਵੀ ਇੱਥੇ ਮੱਥਾ ਟੇਕਣ ਆਉਂਦਾ ਹਾਂ, ਮੈਂ ਹਰ ਵਾਰ ਉਨ੍ਹਾਂ ਨੂੰ ਮਿਲ ਕੇ ਜਾਂਦਾ ਹਾਂ। ਅੱਜ ਵੀ ਤਖ਼ਤ ਸਾਹਿਬ ਉੱਤੇ ਮੱਥਾ ਟੇਕਣ ਆਇਆ ਤੇ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਵਿਰਸਾ ਵਲਟੋਹਾ ਵਲੋਂ ਜੋ ਵੀ ਬਿਆਨਬਾਜੀ ਕੀਤੀ ਉਹ ਬਹੁਤ ਮਾੜੀ ਗੱਲ ਹੈ, ਜੋ ਵੀ ਉਨ੍ਹਾਂ ਨੇ ਕਿਹਾ ਇਸ ਤੋਂ ਮਾੜੀ ਭਾਸ਼ਾ ਕੋਈ ਨਹੀਂ ਹੋ ਸਕਦੀ।
ਭੂੰਦੜ ਨੇ ਕਿਹਾ ਕਿ ਹੁਣ ਵਿਰਸਾ ਸਿੰਘ ਵਲਟੋਹਾ ਦਾ ਹੁਣ ਪਾਰਟੀ ਨਾਲ ਕੋਈ ਲੈਣ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਜੋ ਵੀ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਉਸ ਨੂੰ ਲੈ ਕੇ ਪਾਰਟੀ ਵਲੋਂ ਮੈਂ (ਪਾਰਟੀ ਦਾ ਸੇਵਾਦਾਰ) ਵੀ ਖਿਮਾਂ ਜਾਚਕ ਹਾਂ। ਉਨ੍ਹਾਂ ਕਿਹਾ ਕਿ ਮੈਨੂੰ ਜਦੋਂ ਫੋਨ ਆਇਆ ਕਿ ਜਥੇਦਾਰ ਵਲੋਂ ਅਸਤੀਫੇ ਨੂੰ ਲੈ ਕੇ ਮੀਟਿੰਗ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ, ਤਾਂ ਮੈਂ ਕਿਹਾ ਕਿ ਜੋ ਵੀ ਉਨ੍ਹਾਂ ਨੇ ਕੀਤਾ ਉਹ ਉਦੇਸ਼ ਸਿਰ ਮੱਥੇ ਹਨ।
ਅਕਾਲੀ ਦਲ ਦੇ ਆਈਟੀ ਵਿੰਗ ਉੱਤੇ ਜੇਕਰ ਕੋਈ ਸਵਾਲ ਖੜ੍ਹੇ ਹੋਏ ਹਨ, ਤਾਂ ਮੈਂ ਇਸ ਬਾਰੇ ਪੂਰੀ ਜਾਂਚ ਪੜਤਾਲ ਕਰਵਾ ਦਿਆਂਗੇ। ਜੋ ਵੀ ਸਾਹਮਣੇ ਆਵੇਗਾ, ਇਸ ਬਾਰੇ ਕਾਰਵਾਈ ਕੀਤੀ ਜਾਵੇਗੀ।
ਮੀਡੀਆ ਨੂੰ ਹੱਥ ਜੋੜ ਕੇ ਕੀਤੀ ਅਪੀਲ ਕੀਤੀ ਕਿ ਇਸ ਧਾਰਮਿਕ ਮੁੱਦੇ ਬਹੁਤਾ ਨਾ ਉਭਾਰਨ।