ਅੰਮਿ੍ਤਸਰ, (ਜਸਬੀਰ ਸਿੰਘ ਪੱਟੀ)-
ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਅਹੁਦੇਦਾਰਾਂ ਤੇ ਅੰਤਰਿੰਗ ਕਮੇਟੀ ਮੈਂਬਰਾਂ ਦੀ ਬੁੱਧਵਾਰ ਹੋਈ ਚੋਣ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਦੇ ਅਹੁਦੇ ਲਈ ਕੁਲ ਪਈਆਂ 146 ਵੋਟਾਂ ਵਿੱਚੋਂ 104 ਵੋਟਾਂ ਹਾਸਲ ਕਰਕੇ ਬੀਬੀ ਜਗੀਰ ਕੌਰ ਨੂੰ 62 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ |
ਬੀਬੀ ਜਗੀਰ ਕੌਰ ਨੂੰ ਸਿਰਫ 42 ਵੋਟਾਂ ਨਾਲ ਹੀ ਸਬਰ ਕਰਨਾ ਪਿਆ | ਮੀਡੀਆ ਨੂੰ 30 ਸਾਲਾਂ ਵਿੱਚ ਪਹਿਲੀ ਵਾਰੀ ਅੰਦਰ ਜਾਣ ਦੀ ਇਜਾਜ਼ਤ ਨਹੀ ਦਿੱਤੀ ਗਈ, ਜਿਸ ਕਰਕੇ ਵੋਟਾਂ ਪਾਉਣ ਸਮੇਂ ਰੌਲਾ ਵੀ ਪਿਆ ਤੇ ਬੀਬੀ ਜਗੀਰ ਕੌਰ ਨੇ ਬੇਇਨਸਾਫੀ ਕਰਨ ਦਾ ਦੋਸ਼ ਵੀ ਲਾਇਆ | ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਜਨਰਲ ਅਜਲਾਸ ਦੀ ਕਾਰਵਾਈ ਦੁਪਹਿਰ ਇੱਕ ਵਜੇ ਸ਼ੁਰੂ ਹੋਈ ਅਤੇ ਅਰਦਾਸ ਤੋਂ ਬਾਅਦ ਹੁਕਮਨਾਮਾ ਲਿਆ | ਸ਼ੋ੍ਰਮਣੀ ਕਮੇਟੀ ਦੇ ਸਕੱਤਰ ਪਰਤਾਪ ਸਿੰਘ ਨੇ ਅਜਲਾਸ ਦੀ ਕਾਰਵਾਈ ਸ਼ੁਰੂ ਕਰਦਿਆ ਪਹਿਲਾਂ ਪ੍ਰਧਾਨ ਦੇ ਉਮੀਦਵਾਰ ਲਈ ਨਾਂਅ ਪੇਸ਼ ਕਰਨ ਲਈ ਕਿਹਾ | ਬੀਬੀ ਜਗੀਰ ਕੌਰ ਦਾ ਨਾਂਅ ਅਮਰੀਕ ਸਿੰਘ ਸ਼ਾਹਪੁਰ ਨੇ ਪੇਸ਼ ਕੀਤਾ ਤੇ ਮਿੱਠੂ ਸਿੰਘ ਕਾਹਨੇਕੇ ਨੇ ਤਾਈਦ ਕੀਤੀ, ਜਦ ਕਿ ਜਸਵੰਤ ਸਿੰਘ ਪੁੜੈਣ ਨੇ ਮਜੀਦ ਕੀਤੀ, ਜਿਸ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ ਗਈ | ਇਸੇ ਤਰ੍ਹਾਂ ਹਰਜਿੰਦਰ ਸਿੰਘ ਧਾਮੀ ਦਾ ਨਾਂਅ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਪੇਸ਼ ਕੀਤਾ, ਭਗਵੰਤ ਸਿੰਘ ਸਿਅਲਕਾ ਨੇ ਤਾਈਦ ਕੀਤੀ ਤੇ ਨਵਤੇਜ ਸਿੰਘ ਕਾਉਣੀ ਨੇ ਮਜੀਦ ਕੀਤੀ | ਵੋਟਾਂ ਪਾਉਣ ਦਾ ਸਿਲਸਿਲਾ ਆਰੰਭ ਹੋਇਆ ਤਾਂ ਸਭ ਤੋਂ ਪਹਿਲੀ ਵੋਟ ਹਿਮਾਚਲ ਤੋਂ ਮੈਂਬਰ ਦਲਜੀਤ ਸਿੰਘ ਭਿੰਡਰ ਨੇ ਪਾਈ, ਜਦ ਕਿ ਦੂਸਰੀ ਵੋਟ ਚੰਡੀਗੜ੍ਹ ਤੋਂ ਮੈਂਬਰ ਬੀਬੀ ਹਰਜਿੰਦਰ ਕੋਰ ਨੇ ਪਾਈ | ਵੋਟਾਂ ਪਾਉਣ ਦਾ ਕੰਮ ਇੱਕ ਘੰਟੇ ਤੋਂ ਵੀ ਕੁਝ ਵੱਧ ਸਮੇਂ ਵਿੱਚ ਮੁੱਕ ਗਿਆ | ਵੋਟ ਪਰਚੀ ਉਪਰ ਦੋਵਾਂ ਉਮੀਦਵਾਰਾਂ ਦੇ ਨਾਂਅ ਲਿਖੇ ਗਏਸ਼ ਹਰ ਮੈਂਬਰ ਨੂੰ ਪ੍ਰਧਾਨ ਆਪਣੇ ਦਸਤਖਤ ਕਰਕੇ ਦਿੰਦਾ ਹੈ ਤੇ ਜਿਸ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣੀ ਹੋਵੇ, ਉਸ ਦੇ ਨਾਂਅ ਅੱਗੇ ਟਿੱਕ ਲਗਾ ਦਿੰਦਾ ਹੈ | ਵੋਟਾਂ ਪਾਉਣ ਸਮੇਂ ਦੋ-ਤਿੰਨ ਵਾਰ ਬੋਲ-ਬੁਲਾਰਾ ਵੀ ਹੋਇਆ, ਪਰ ਉਸ ਸਮੇਂ ਸਪੀਕਰ ਬੰਦ ਕਰ ਦਿੱਤਾ ਜਾਂਦਾ ਸੀ | ਬੀਬੀ ਜਗੀਰ ਕੌਰ ਇਹ ਕਹਿੰਦੀ ਵੀ ਸੁਣੀ ਗਈ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਗਲਤ ਢੰਗ ਨਾਲ ਵੋਟਾਂ ਪਵਾਈਆਂ ਜਾ ਰਹੀਆਂ ਹਨ | ਮੀਡੀਆ ਨੂੰ ਪਹਿਲੀ ਵਾਰੀ ਅੰਦਰ ਨਹੀ ਜਾਣ ਦਿੱਤਾ ਗਿਆ, ਜਦ ਕਿ ਮੀਡੀਆ ਪਿਛਲੇ 30 ਸਾਲਾਂ ਤੋਂ ਲਗਾਤਾਰ ਕਵਰੇਜ ਕਰਦਾ ਆ ਰਿਹਾ ਸੀ | ਸ਼੍ਰੋਮਣੀ ਕਮੇਟੀ ਦੇ ਬਾਕੀ ਅਹੁਦੇਦਾਰਾਂ ਦੀ ਚੋਣ ਵਿੱਚ ਬਲਦੇਵ ਸਿੰਘ ਕਿਆਮਪੁਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ, ਜਿਹਨਾ ਦਾ ਨਾਂਅ ਸਰਵਣ ਸਿੰਘ ਕੁਲਾਰ ਨੇ ਪੇਸ਼ ਕੀਤਾ | ਤਾਈਦ ਤੇ ਮਜੀਦ ਕੁਲਵੰਤ ਸਿੰਘ ਮੰਨਣ ਤੇ ਗੁਰਮੀਤ ਸਿੰਘ ਬੂਹ ਨੇ ਕੀਤੀ | ਜੂਨੀਅਰ ਮੀਤ ਪ੍ਰਧਾਨ ਲਈ ਅਵਤਾਰ ਸਿੰਘ ਫਤਿਹਗੜ੍ਹ ਦਾ ਨਾਂਅ ਬਲਜੀਤ ਸਿੰਘ ਜਲਾਲਉਸਮਾ ਨੇ ਪੇਸ਼ ਕੀਤਾ, ਜਦ ਕਿ ਤਾਈਦ ਮਜੀਦ ਅਜਮੇਰ ਸਿੰਘ ਖੇੜਾ ਤੇ ਗੁਰਿੰਦਰਪਾਲ ਸਿੰਘ ਗੋਰਾ ਨੇ ਕੀਤੀ | ਜਨਰਲ ਸਕੱਤਰ ਲਈ ਗੁਰਚਰਨ ਸਿੰਘ ਗਰੇਵਾਲ ਦਾ ਨਾਂਅ ਗੁਰਬਖਸ਼ ਸਿੰਘ ਖਾਲਸਾ ਨੇ ਪੇਸ਼ ਕੀਤਾ ਤੇ ਤਾਈਦ-ਮਜੀਦ ਕ੍ਰਮਵਾਰ ਨਵਤੇਜ ਸਿੰਘ ਕਾਉਣੀ ਤੇ ਗੁਰਪ੍ਰੀਤ ਸਿੰਘ ਝੱਬਰ ਨੇ ਕੀਤੀ | 11 ਅੰਤਰਿੰਗ ਕਮੇਟੀ ਮੈਂਬਰਾਂ ਵਿੱਚ ਮੋਹਨ ਸਿੰਘ ਬੰਗੀ, ਜਰਨੈਲ ਸਿੰਘ ਕਰਤਾਰਪੁਰ, ਸੁਰਜੀਤ ਸਿੰਘ ਤੁਗਲਵਾਲ, ਬਾਵਾ ਸਿੰਘ ਗੁਮਾਨਪੁਰਾ, ਸਰਵਣ ਸਿੰਘ ਕੁਲਾਰ, ਗੁਰਨਾਮ ਸਿੰਘ ਵਡਾਲਾ, ਪਰਮਜੀਤ ਸਿੰਘ ਖਾਲਸਾ, ਬੀਰ ਸਿੰਘ ਮੰਡਵਾਲਾ, ਗੁਰਪ੍ਰੀਤ ਸਿੰਘ ਰੰਧਾਵਾ, ਜਸਵੰਤ ਸਿੰਘ ਪੁੜੈਣ, ਮਲਕੀਅਤ ਸਿੰਘ ਚੰਗਾਲ ਤੇ ਭੁਪਿੰਦਰ ਸਿੰਘ ਅਸੰਧ ਨੂੰ ਸ਼ਾਮਲ ਕੀਤਾ ਗਿਆ ਹੈ | ਜਿਉਂ ਹੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੋਟਾਂ ਦੀ ਗਿਣਤੀ ਉਪਰੰਤ ਨਤੀਜੇ ਦਾ ਐਲਾਨ ਕੀਤਾ ਤਾਂ ਜੈਕਾਰਿਆ ਦੀ ਝੜੀ ਲੱਗ ਗਈ | ਧਾਮੀ ਨੇ ਦੱਸਿਆ ਕਿ 157 ਮੈਂਬਰਾਂ ਵਿੱਚੋਂ 146 ਮੈਂਬਰ ਹਾਜ਼ਰ ਹੋਏ | ਨਤੀਜਾ ਐਲਾਨੇ ਜਾਣ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਐਡਵੋਕੇਟ ਧਾਮੀ ਨੂੰ ਧੱਕੇ ਨਾਲ ਹੀ ਵਧਾਈ ਦਿੱਤੀ, ਕਿਉਂਕਿ ਮਾਈਕ ਅੱਗੇ ਨਾਕਾ ਕਾਬਜ਼ ਧਿਰ ਨੇ ਲਾਇਆ ਸੀ, ਪਰ ਬੀਬੀ ਨੇ ਕਬਜ਼ਾਕਾਰੀ ਨੂੰ ਪਾਸੇ ਕਰਕੇ ਖੁਦ ਬੋਲਣਾ ਸ਼ੁਰੂ ਕਰ ਦਿੱਤਾ ਤੇ ਧਾਮੀ ਨੂੰ ਵਧਾਈ ਦਿੱਤੀ | ਉਹਨਾ ਕਿਹਾ ਕਿ ਉਸ ਨੇ ਉਹਨਾਂ ਦੇ ਵਿੱਚ ਹੀ ਰਹਿਣਾ ਹੈ ਤੇ ਉਹਨਾਂ ਨੂੰ ਪੰਥਕ ਕੰਮਾਂ ਵਿੱਚ ਪੂਰਾ ਸਾਥ ਦਿੱਤਾ ਜਾਵੇਗਾ | ਬੀਬੀ ਜਗੀਰ ਕੌਰ ਨੇ ਹਿੱਕ ਦੇ ਜ਼ੋਰ ਨਾਲ ਕਿਹਾ ਕਿ ਜਿਹਨਾਂ ਲੋਕਾਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਗਦਾਰੀ ਕੀਤੀ, ਉਹਨਾਂ ਨਾਲ ਕਿਸੇ ਵੀ ਕੀਮਤ ‘ਤੇ ਮਿਲ ਕੇ ਨਹੀਂ ਬੈਠ ਸਕਦੇ | ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਜਿਹਨਾਂ ਲੋਕਾਂ ਬਰਗਾੜੀ ਕਾਂਡ ਸਮੇਂ ਅਸਤੀਫੇ ਦੇ ਦਿੱਤੇ ਸਨ, ਉਹ ਵੀ ਵੋਟਾਂ ਪਾਉਣ ਲਈ ਅਜਲਾਸ ਵਿੱਚ ਹਾਜ਼ਰ ਸਨ?
ਕੀ ਉਹ ਦੱਸ ਸਕਦੇ ਹਨ ਕਿ ਉਹਨਾਂ ਆਪਣੀ ਵੋਟ ਜ਼ਮੀਰ ਦੀ ਆਵਾਜ਼ ‘ਤੇ ਪਾਈ ਹੈ ਜਾਂ ਕਿਸੇ ਦਬਾਅ ਥੱਲੇ ਪਾਈ ਹੈ? ਕੀ ਉਹਨਾਂ ਨੂੰ ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਕਾਂਡ ਦਾ ਇਨਸਾਫ ਮਿਲ ਗਿਆ ਹੈ? ਇਸ ਚੋਣ ਦੌਰਾਨ ਲੋਕਤੰਤਰ ਦਾ ਕਤਲ ਕੀਤਾ ਗਿਆ, ਕਿਉਕਿ ਦੇਸ਼ ਦੀ ਪਾਰਲੀਮੈਂਟ ਤੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਵਿੱਚ ਤਾਂ ਮੀਡੀਏ ਨੂੰ ਕਵਰੇਜ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ, ਪਰ ਸਿੱਖਾਂ ਦੀ ਪਾਰਲੀਮੈਂਟ ਵਿੱਚ ਆਗਿਆ ਨਾ ਦੇ ਕੇ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਧਿਰ ਨੇ ਬਾਬੇ ਨਾਨਕ ਦੇ ਸਾਂਝੀਵਾਲਤਾ ਦੇ ਫਲਸਫੇ ਦਾ ਕਤਲ ਕੀਤਾ ਹੈ, ਜਿਸ ਦਾ ਚੰਡੀਗੜ੍ਹ/ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨਿਖੇਧੀ ਕਰਦੀ ਹੈ ਤੇ ਜਲਦੀ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਕੇਸ ਵੀ ਦਾਇਰ ਕੀਤਾ ਜਾਵੇਗਾ