6 ਜੂਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਣ ਵਾਲੇ ਘੱਲੂਘਾਰਾ ਸਲਾਨਾ ਸਮਾਗਮ ਸਮੇਂ ਮੀਡੀਆ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ‘ਚ ਰੋਕ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਪੱਬਾਂਭਾਰ ਹੋ ਗਏ ਹਨ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ 18 ਜੁਲਾਈ 2006 ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਮਤੇ ਨੂੰ ਪੂਰਨ ਰੂਪ ‘ਚ ਲਾਗੂ ਕਰਵਾਉਣ ਲਈ ਪਤ੍ਰਿਕਾ ਲਿਖੀ ਹੈ। ਜਿਸ ਵਿਚ ਪੰਜ ਸਿੰਘ ਸਾਹਿਬਾਨ ਨੇ ਮਤਾ ਪਾਸ ਕੀਤਾ ਸੀ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖਣ ਲਈ ਜ਼ਰੂਰੀ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਕਿਸੇ ਵੀ ਵਿਅਕਤੀ ਦੇ ਜ਼ਿੰਦਾਬਾਦ ਜਾਂ ਮੁਰਦਾਬਾਦ ( ਹੱਕ ਜਾਂ ਵਿਰੋਧ ) ਕਿਸੇ ਕਿਸਮ ਦੇ ਨਾਅਰੇ ਨਾ ਲਾਏ ਜਾਣ।
ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਦੇ ਮੁੱਦੇਨਜ਼ਰ ਸਮੂਹ ਪ੍ਰੈਸ ਵਾਲੇ ਸੱਜਣਾਂ ਨੂੰ ਅਪੀਲ ਹੈ ਕਏ ਉਹ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਕਿਸੇ ਵੀ ਵਿਅਕਤੀ ਨੂੰ ਕੋਈ ਸਵਾਲ ਜਵਾਬ ਪੁੱਛਣ ਅਤੇ ਇੰਟਰਵਿਊ ਕਰਨ ਤੋਂ ਗੁਰੇਜ਼ ਕਰਨ। ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਤੋਂ ਬਾਹਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਕੋਈ ਮਨਾਹੀ ਨਹੀਂ ਹੈ। ਇਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਕੈਮਰੇ ਅਤੇ ਚੈਨਲ ਮਾਇਕ ਲੈ ਕੇ ਪਰਿਕਰਮਾ ‘ਚ ਦਾਖਲੇ ਨੂੰ ਲੈ ਕੇ ਰੋਕ ਲਗਾਉੰਣ ਦੀ ਤਿਆਰੀ ਵਿਚ ਹੈ।