Latest news

Glime India News

ਇਸ਼ਕ ਵਿੱਚ ਅੰਨ੍ਹੀ ਹੋਈ ਸ਼ਬਨਮ ਨੂੰ ਫਾਂਸੀ ਲੱਗੇਗੀ ਜਾਂ ਮੁਆਫੀ ਮਿਲੇਗੀ ?

ਜਸਬੀਰ ਸਿੰਘ ਪੱਟੀ -9356024684
ਇਸ਼ਕ ਵਿੱਚ ਅੰਨ੍ਹੀ ਹੋਈ ਆਪਣੇ ਪਰਿਵਾਰ ਦੇ ਸੱਤ ਜੀਆਂ ਨੂੰ ਕਤਲ ਕਰਨ ਵਾਲੀ ਮੁਸਲਮਾਨ ਔਰਤ ਸ਼ਬਨਮ ਨੂੰ ਹੋਈ ਫਾਂਸੀ ਦੀ ਸਜ਼ਾ ਨੂੰ ਲੈ ਕੇ ਹਰ ਪ੍ਰਕਾਰ ਦੀਆ ਸੁਰਖੀਆ ਦਾ ਬਜਾਰ ਗਰਮ ਹੈ ਤੇ ਸ਼ਬਨਮ ਨੂੰ ਲੱਗਪੱਗ ਸਾਰੇ ਕਨੂੰਨੀ ਤੇ ਸੰਵਿਧਾਨਕ ਵਸੀਲਿਆ ਤੋ ਫਾਂਸੀ ਮੁਆਫੀ ਮਿਲਣ ਤੋ ਨਾਂਹ ਹੋਣ ਉਪਰੰਤ ਸ਼ਬਨਮ ਤੇ ਉਸ ਦੇ ਆਸ਼ਕ ਸਲੀਮ ਨੂੰ ਫਾਂਸੀ ਲੱਗਣੀ ਲੱਗਪੱਗ ਤਹਿ ਲੱਗਦੀ ਹੈ। 1947 ਦੀ ਅਜ਼ਾਦੀ ਤੋ ਬਾਅਦ ਇਹ ਪਹਿਲਾਂ ਮੌਕਾ ਹੋਵੇਗਾ ਜਦੋਂ ਕਿਸੇ ਔਰਤ ਨੂੰ ਫਾਂਸੀ ਲਗਾਈ ਜਾਵੇਗੀ ਭਾਂਵੇ ਕਿ ਸ਼ਬਨਮ ਦੇ ਵਕੀਲ ਨੇ ਗੁਜਰਾਤ ਦੀ ਸਾਬਕ ਮੁੱਖ ਮੰਤਰੀ ਤੇ ਉੱਤਰ ਪ੍ਰਦੇਸ਼ ਦੀ ਰਾਜਪਾਲ ਆਨੰਦੀ ਬੈਨ ਨੂੰ ਪੱਤਰ ਲਿਖ ਕੇ ਇੱਕ ਵਾਰੀ ਫਿਰ ਸ਼ਬਨਮ ਤੇ ਰਹਿਮ ਕਰਕੇ ਫਾਂਸੀ ਦੀ ਸਜ਼ਾ ਮੁਆਫ ਕਰਨ ਦੀ ਗੁੰਜਾਰਿਸ਼ ਕੀਤੀ ਹੈ।
ਕਲ੍ਹ ਤੱਕ ਇਸ ਦੀ ਚਰਚਾ ਚਰਮ ਸੀਮਾ ਤੇ ਸੀ ਕਿ ਸ਼ਬਨਮ ਨੂੰ ਕਿਸੇ ਵੇਲੇ ਵੀ ਰਾਮਪੁਰ ਜੇਲ੍ਹ ਤੋਂ ਮੱਥਰਾ ਜੇਲ੍ਹ ਵਿੱਚ ਔਰਤਾਂ ਨੂੰ ਫਾਂਸੀ ਲਗਾਉਣ ਵਾਲੇ ਸੈਂਲ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ ਕਿਉਕਿ ਉਸ ਲਈ ਕਨੂੰਨੀ ਤੇ ਸੰਵਿਧਾਨਕ ਤੌਰ ਤੇ ਮੁਆਫੀ ਦੇ ਸਾਰੇ ਵਿਕਲਪ ਬੰਦ ਹੋ ਗਏ ਹਨ। ਇਸ ਵੇਲੇ ਉਹ ਰਾਮਪੁਰ ਜੇਲ੍ਹ ਦੇ ਔਰਤਾਂ ਵਾਲੀ ਬੈਰਕ ਨੰਬਰ 14 ਵਿੱਚ ਬੰਦ ਹੈ। ਸ਼ਬਨਮ ਨੂੰ ਫਾਂਸੀ ਲੱਗਣ ਨਾਲ ਭਾਰਤ ਦੇ ਇਤਿਹਾਸ ਵਿੱਚ ਉਸ ਦਾ ਨਾਮ ਪਹਿਲੀ ਔਰਤ ਨੂੰ ਫਾਂਸੀ ਲੱਗਣ ਦੇ ਪੰਨਿਆਂ ਤੇ ਲਿਖ ਦਿੱਤਾ ਜਾਵੇਗਾ। ਜੇਲ੍ਹ ਮੈਨੂਅਲ ਮੁਤਾਬਕ ਕੁਝ ਮਾਮਲੇ ਇਹੋ ਜਿਹੇ ਵੀ ਹੁੰਦੇ ਹਨ ਜਿਹਨਾਂ ਵਿੱਚ ਔਰਤਾਂ ਨੂੰ ਫਾਂਸੀ ਤੋ ਬਖਸ਼ ਦਿੱਤਾ ਜਾਂਦਾ ਹੈ।
ਦਿੱਲੀ ਦੀ ਤਿਹਾੜ ਵਿੱਚ ਵਿੱਚ ਸਾਢੇ ਤਿੰਨ ਦਹਾਕਿਆ ਤੋ ਲਾਅ ਅਫਸਰ ਰਹੇ ਸੁਨੀਲ ਗੁਪਤਾ ਹੁਣ ਤੱਕ ਰੰਗਾ ਬਿੱਲਾ, ਸਤਵੰਤ ਸਿੰਘ ਕੇਹਰ ਸਿੰਘ ਤੇ ਹੋਰ ਕਈ ਵਿਅਕਤੀਆ ਨੂੰ ਫਾਂਸੀ ਦੇ ਤਖਤੇ ‘ਤੇ ਲਟਕਾਏ ਜਾਣ ਦੇ ਦ੍ਰਿਸ਼ ਵੇੇਖ ਚੁੱਕਾ ਹੈ ਜਿਸ ਦਾ ਕਹਿਣਾ ਹੈ ਕਿ ਕਿਸੇ ਔਰਤ ਨੂੰ ਫਾਂਸੀ ਲਗਾਏ ਜਾਣ ਦਾ ਮਾਮਲਾ ਉਸ ਦੇ ਧਿਆਨ ਵਿੱਚ ਇਸ ਤੋ ਪਹਿਲਾਂ ਕਦੇ ਨਹੀ ਆਇਆ। ਇਹ ਪਹਿਲੀ ਵਾਰੀ ਹੋਇਆ ਹੈ ਕਿ ਕਨੂੰਨੀ ਤੇ ਸੰਵਿਧਾਨਕ ਤੌਰ ਤੇ ਸਾਰੀਆ ਅਥਾਰਟੀਜ਼ ਨੇ ਸ਼ਬਨਮ ਨੂੰ ਫਾਂਸੀ ਤੇ ਲਟਕਾਏ ਜਾਣ ਦੀ ਸਜ਼ਾ ਬਹਾਲ ਰੱਖੀ ਹੈ।ਸਾਬਕਾ ਲਾਅ ਅਫਸਰ ਨੇ ਕਿਹਾ ਕਿ ਫਾਂਸੀ ਕਦੋ ਤੇ ਕਿਸ ਸਮੇਂ ਦਿੱਤੀ ਜਾਣੀ ਹੈ ਇਹ ਤਾਂ ਉਸ ਵੇਲੇ ਹੀ ਪਤਾ ਲੱਗੇਗਾ ਜਦੋ ‘‘ਡੈਥ ਵਾਰੰਟ’’ ਜਾਰੀ ਹੋਣਗੇ। ਗੁਪਤਾ ਨੇ ਦੱਸਿਆ ਕਿ ਕਿਸੇ ਵੀ ਮਹਿਲਾ ਨੂੰ ਤਿੰਨ ਕਾਰਨਾ ਕਰਕੇ ਫਾਂਸ਼ੀ ਨਹੀ ਚੜਾਇਆ ਜਾ ਸਕਦਾ। ਪਹਿਲੀ ਵਜਾ ਉਹ ਗਰਭਵਤੀ ਹੋਵੇ, ਦੂਸਰਾ ਉਹ ਬੀਮਾਰ ਹੋਵੇ ਜਾਂ ਕਿਸੇ ਲਾਇਲਾਜ ਬੀਮਾਰੀ ਤੋ ਪੀੜਤ ਹੋਵੇ। ਤੀਸਰਾ ਇਹ ਬੀਮਾਰੀ ਵੀ ਦੁਰਲੱਭ ਹੋਵੇ। ਇਹਨਾਂ ਤਿੰਨ ਮਾਮਲਿਆ ਵਿੱਚ ਜੇਲ੍ਹ ਮੈਨੂਅਲ ਮੁਤਾਬਕ ਫਾਂਸੀ ਨਹੀ ਦਿੱਤੀ ਜਾ ਸਕਦੀ। ਇਸ ਤੋ ਇਲਾਵਾ ਭਾਂਵੇ ਰਾਸ਼ਟਰਪਤੀ ਪੀੜਤ ਦੀ ਰਹਿਮ ਦੀ ਅਪੀਲ ਤੇ ਵਿਚਾਰ ਕਰਦਿਆ ਉਸ ਨੂੰ ਮੰਨ ਵੀ ਲਵੇ ਤਾਂ ਵੀ ਫਾਂਸੀ ਨਹੀ ਲਗਾਈ ਜਾ ਸਕਦੀ।
ਸੁਨੀਲ ਗੁਪਤਾ ਨੇ ਤਿਹਾੜ ਜੇਲ੍ਹ ਵਿੱਚ ਰਹਿੰਦਿਆ ਦੋ ਮਾਸੂਮਾ ਦੇ ਕਾਤਲ ਰੰਗਾ ਬਿੱਲਾ ਤੇ ਇੰਦਰਾ ਗਾਂਧੀ ਦੇ ਕਾਤਲਾਂ ਸਤਵੰਤ ਸਿੰਘ ਤੇ ਕੇਹਰ ਸਿੰਘ ਤੇ ਅਫਜਲ ਗੁਰੂ ਸਮੇਤ ਪੰਜ ਵਿਅਕਤੀਆ ਨੂੰ ਫਾਂਸੀ ਤੋ ਲਟਕਦੇ ਅੱਖੀ ਵੇਖਿਆ ਹੈ ਜਦ ਕਿ 1981 ਤੋ ਲੈ ਕੇ 2016 ਤੱਕ 35 ਵਿਅਕਤੀਆ ਨੂੰ ਫਾਂਸੀ ਤਿਹਾੜ ਜੇਲ੍ਹ ਵਿੱਚ ਲਗਾਈ ਗਈ ਹੈ। ਉਹਨਾਂ ਦਾ ਕਹਿਣਾ ਕਿ ਹਾਲੇ ਤੱਕ ਔਰਤਾਂ ਨੂੰ ਫਾਂਸੀ ਦੇਣ ਦਾ ਕੋਈ ਮਾਮਲਾ ਸਾਹਮਣੇ ਨਹੀ ਆਇਆ। ਗੁਪਤਾ ਨੇ ਕਿਹਾ ਕਿ ਜਿਥੋ ਤੱਕ ਉਹਨਾਂ ਨੂੰ ਯਾਦ ਹੈ ਕਿ1980 ਦੇ ਦਹਾਕੇ ਦੌਰਾਨ ਇੱਕ ਪਰਿਵਾਰਕ ਹੱਤਿਆ ਦੇ ਮਾਮਲੇ ਵਿੱਚ ਇੱਕ ਔਰਤ ਸਮੇਤ ਪਰਿਵਾਰ ਦੇ ਹੋਰ ਮੈਬਰਾਂ ਨੂੰ ਫਾਂਸੀ ਦੀ ਸਜਾ ਦਿੱਤੀ ਗਈ ਸੀ ਪਰ ਔਰਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਗਈ ਸੀ। ਉਹਨਾਂ ਦਾ ਕਹਿਣਾ ਹੈ ਕਿ ਔਰਤਾਂ ਤੇ ਮਰਦਾਂ ਨੂੰ ਵੱਖਰੇ ਤੌਰ ਤੇ ਫਾਂਸੀ ਦੇਣ ਦੀ ਵਿਸ਼ੇਸ਼ ਤੌਰ ਤੇ ਕੋਈ ਅਲੱਗ ਵਿਵਸਥਾ ਨਹੀ ਕਰਨੀ ਪੈਦੀ ਅਤੇ ਨਾ ਕਿਸੇ ਹੋਰ ਪ੍ਰਕਾਰ ਦੀ ਛੋਟ ਦਿੱਤੀ ਜਾਂਦੀ ਹੈ। ਭਾਂਵੇ ਉਹਨਾਂ ਮੁਤਾਬਕ ਔਰਤ ਫਾਂਸੀ ਦੇਣ ਦਾ ਵੱਖਰਾ ਪ੍ਰਬੰਧ ਕਰਨ ਦੀ ਲੋੜ ਨਹੀ ਪਰ ਖਬਰਾਂ ਮੁਤਾਬਕ 1870 ਤੋਂਇਤਿਹਾਸਕ ਮੱਥਰਾ ਸ਼ਹਿਰ ਵਿੱਚ ਹੀ ਔਰਤਾਂ ਨੂੰ ਫਾਂਸੀ ਦੇਣ ਦੀ ਵਿਵਸਥਾ ਕੀਤੀ ਗਈ ਹੈ ਤੇ 150 ਸਾਲ ਬਾਅਦ ਜੇਕਰ ਕਿਸੇ ਔਰਤ ਨੂੰ ਫਾਂਸੀ ਲਗਾਈ ਜਾਂਦੀ ਹੈ ਤਾਂ ਉਸ ਫਾਂਸੀ ਵਾਲੀ ਜਗ੍ਹਾ ਦੀ ਮੁਰੰਮਤ ਕਰਨੀ ਜਰੂਰੀ ਹੈ ਅਤੇ ਜੇਲ੍ਹ ਮੈਨੂਅਲ ਵਿੱਚ ਇਸ ਦੀ ਵੱਖਰੇ ਪ੍ਰਕਾਰ ਚਰਚਾ ਵੀ ਜਰੂਰ ਹੋਵੇਗੀ।
ਸ਼ਬਨਮ ਨੇ ਇੱਕ ਹੋਰ ਪਟੀਸ਼ਨ ਉੱਤਰ ਪ੍ਰਦੇਸ਼ ਦੀ ਰਾਜਪਾਲ ਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਅਨੰਦੀਬੈਨ ਕੋਲ ਰਹਿਮ ਦੀ ਅਪੀਲ ਦਾਇਰ ਕੀਤੀ ਹੈ। ਇਸ ਬਾਰੇ ਕਨੂੰਨ ਦੇ ਜਾਣਕਾਰ ਅਧਿਕਾਰੀ ਅਭਿਸ਼ੇਕ ਤਿਵਾੜੀ ਦਾ ਕਹਿਣਾ ਹੈ ਕਿ ਹੁਣ ਇਸ ਮਾਮਲੇ ਵਿੱਚ ‘‘ਡੈਥ ਵਾਰੰਟ’’ ਉਦੋ ਤੱਕ ਜਾਰੀ ਨਹੀ ਹੋਣਗੇ ਜਿੰਨਾ ਚਿਰ ਤੱਕ ਰਾਜਪਾਲ ਵੱਲੋ ਇਸ ਪਟੀਸ਼ਨ ਤੇ ਕੋਈ ਫੈਸਲਾ ਨਹੀ ਕੀਤਾ ਜਾਂਦਾ। ਮੱਥਰਾ ਜੇਲ੍ਹ ਵਿੱਚ ਸ਼ਬਨਮ ਨੂੰ ਫਾਂਸੀ ਦਿੱਤੀ ਜਾਣੀ ਹੈ ਕਿਉਕਿ ਉੱਤਰ ਪ੍ਰਦੇਸ਼ ਜੇਲ੍ਹ ਮੈਨੂਅਲ ਵਿੱਚ ਔਰਤਾਂ ਨੂੰ ਫਾਂਸੀ ਦੀ ਵਿਵਸਥਾ ਮੱਥਰਾ ਵਿੱਚ ਹੀ ਹੈ। ਭਾਂਵੇ ਕਿ ਮੱਥਰਾ ਦੇ ਫਾਂਸੀ ਘਰ ਦੀ ਸਥਿਤੀ ਦਰੁਸਤ ਨਹੀ ਫਿਰ ਵੀ ਫਾਂਸੀ ਲਗਾਉਣ ਦੀਆਂ ਤਿਆਰੀਆਂ ਮੁਕੰਮਲ ਕਰਨ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਦੂਸਰੇ ਪਾਸੇ ਸ਼ਬਨਮ ਨੇ ਜਦੋ ਇਸ ਘਿਨਾਉਣੇ ਕੀਤੇ ਕਾਰਨਾਮੇ ਨੂੰ ਅੰਜ਼ਾਮ ਦਿੱਤਾ ਤਾਂ ਉਸ ਸਮੇਂ ਉਹ ਦੋ ਮਹੀਨੇ ਦੀ ਗਰਭਵਤੀ ਸੀ ਤੇ ਅਪ੍ਰੈਲ ਵਿੱਚ ਉਸਨੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਤੇ ਦਸੰਬਰ 2008 ਵਿੱਚ ਉਸ ਨੇ ਜੇਲ੍ਹ ਵਿੱਚ ਹੀ ਇੱਕ ਲੜਕੇ ਨੂੰ ਜਨਮ ਦਿੱਤਾ ਜਿਸ ਦਾ ਨਾਮ ਤਾਜ ਰੱਖਿਆ ਗਿਆ। ਛੇ ਸਾਲ ਤਾਜ ਆਪਣੀ ਮਾਂ ਨਾਲ ਜੇਲ੍ਹ ਵਿੱਚ ਰਿਹਾ ਤੇ ਛੇ ਸਾਲ ਬਾਅਦ ਸ਼ਬਨਮ ਦੇ ਇੱਕ ਕਾਲਜ ਦੇ ਦੋਸਤ ਉਸਮਾਨ ਸੈਦੀ ਨੇ ਉਸ ਬੱਚੇ ਨੂੰ ਗੋਦ ਲਿਆ ਤੇ ਅੱਜ ਉਸ ਬੱਚੇ ਦੀ ਉਮਰ 12 ਸਾਲ ਹੈ। ਤਾਜ ਨੇ ਦੱਸਿਆ ਕਿ ਉਸ ਦੀ ਮਾਂ ਨੇ ਆਪਣੀ ਸਾਰੀ ਕਹਾਣੀ ਉਸ ਨੂੰ ਦੱਸੀ ਹੈ ਤੇ ਉਹ ਮਹੀਨੇ ਵਿੱਚ ਇੱਕ ਵਾਰ ਆਪਣੀ ਮਾਂ ਨੂੰ ਜੇਲ੍ਹ ਵਿੱਚ ਮਿਲਣ ਜਾਂਦਾ ਹੈ ਤੇ ਉਸ ਦੀ ਮਾਂ ਉਸ ਨੂੰ ਬਹੁਤ ਪਿਆਰ ਤੇ ਦੁਲਾਰ ਕਰਦੀ ਹੈ । ਕੁਝ ਪੈਸੇ ਵੀ ਉਸ ਨੂੰ ਦੇ ਦਿੰਦੀ ਹੈ ਭਾਂਵੇ ਕਿ ਉਹ ਮਨਾ ਕਰਦਾ ਹੈ ਪਰ ਉਹ ਫਿਰ ਵੀ ਦੇ ਦਿੰਦੀ ਹੈ ਕਿ ਬੱਚੇ ਆਪਣਾ ਖਿਆਲ ਰੱਖੀ। 12 ਸਾਲ ਦੇ ਇਸ ਤਾਜ ਨਾਮ ਦੇ ਬੱਚੇ ਨੇ ਵੀ ਦੇਸ਼ ਦੇ ਪ੍ਰਧਾਨ ਮੰਤਰੀ , ਦੇਸ਼ ਦੀ ਕਨੂੰਨੀ ਧਿਰ ਤੇ ਦੇਸ਼ ਦੇ ਰਾਸ਼ਟਰਪਤੀ ਨੂੰ ਹੱਥ ਜੋੜ ਕੇ ਨਿਮਾਣੇ ਹੋ ਬੇਨਤੀ ਕਰਦਿਆ ਮੰਗ ਕੀਤੀ ਹੈ ਕਿ, ‘‘ ਅੰਕਲ ਮੇਰੀ ਮਾਂ ਨੂੰ ਮੁਆਫ ਕੀਤਾ ਜਾਵੇ।’’
ਇਸੇ ਤਰ੍ਰਾ ਉਸਮਾਨ ਸੈਦੀ ਦਾ ਕਹਿਣਾ ਹੈ ਕਿ ਸ਼ਬਨਮ ਬਹੁਤ ਹੋਣਹਾਰ ਤੇ ਦਇਆਵਾਨ ਸੁਭਾਅ ਦੀ ਮਾਲਕ ਹੈ ਤੇ ਕਾਲਜ ਵਿੱਚ ਉਹ ਉਸ ਨਾਲੋ ਦੋ ਸਾਲ ਸੀਨੀਅਰ ਸੀ। ਦਇਆਵਾਨ ਇੰਨੀ ਸੀ ਕਿ ਇੱਕ ਵਾਰੀ ਉਸ ਦੀ (ਉਸਮਾਨ) ਫੀਸ ਨਹੀ ਭਰੀ ਗਈ ਸੀ ਤਾਂ ਉਸ ਨੂੰ ਕਾਲਜ ਵਿੱਚੋ ਕੱਢ ਦਿੱਤਾ ਜਾਣਾ ਸੀ ਤੇ ਜਦੋ ਉਸ ਨੇ ਸ਼ਬਨਮ ਨਾਲ ਗੱਲ ਕੀਤੀ ਤਾਂ ਉਸ ਨੇ ਉਸਮਾਨ ਨੂੰ ਕਿਹਾ ਕਿ ਚਿੰਤਾ ਨਹੀ ਕਰਨੀ ਤੇਨੂੰ ਕਾਲਜ ਵਿੱਚੋ ਕੋਈ ਨਹੀ ਕੱਢ ਸਕਦਾ। ਉਸ ਨੇ ਮੇਰੇ ਪੁੱਛਿਆ ਬਗੈਰ ਹੀ ਮੇਰੀ ਫੀਸ ਆਪ ਭਰ ਦਿੱਤੀ ਤਾਂ ਮੈਂ ਪੜਾਈ ਜਾਰੀ ਰੱਖ ਸਕਿਆ ਸੀ।ਜਦੋ ਸ਼ਬਨਮ ਬਾਰੇ ਪਤਾ ਲੱਗਾ ਕਿ ਉਸ ਨੇ ਆਪਣੇ ਪਰਿਵਾਰ ਦੇ ਜੀਆਂ ਦਾ ਕਤਲ ਕਰ ਦਿੱਤੈ ਹੈ ਤਾਂ ਉਸ ਨੂੰ ਬਹੁਤ ਦੁੱਖ ਹੋਇਆ ਪਰ ਫਿਰ ਵੀ ਉਸ ਦੀ ਹਮਦਰਦੀ ਸ਼ਬਨਮ ਨਾਲ ਇਸ ਕਰਕੇ ਸੀ ਕਿ ਉਸ ਨੂੰ ਗੁੰਮਰਾਹ ਕਰਕੇ ਇਹ ਘਿਨਾਉਣਾ ਕਾਰਜ ਕਰਵਾਇਆ ਗਿਆ ਹੈ। ਉਸ ਨੇ ਕਿਹਾ ਕਿ ਜਦੋ ਉਸ ਨੇ ਜੇਲ੍ਹ ਵਿੱਚ ਜਾ ਕੇ ਸ਼ਬਨਮ ਨਾਲ ਤਾਜ ਨੂੰ ਆਪਣੇਕੋਲ ਰੱਖਣ ਦੀ ਗੱਲ ਕੀਤੀ ਤਾਂ ਉਹ ਤੁਰੰਤ ਤਿਆਰ ਹੋ ਗਈ ਪਰ ਜਿਸ ਦਿਨ ਉਸ ਦਾ ਬੱਚਾ ਬਾਹਰ ਆਇਆ ਤਾਂ ਉਹ ਕਾਫੀ ਉਦਾਸ ਸੀ। ਇਸੇ ਕਰਕੇ ਤਾਜ ਨੂੰ ਹਰ ਮਹੀਨੇ ਇੱਕ ਵਾਰੀ ਸ਼ਬਨਮ ਨੂੰ ਮਿਲਾਉਣ ਲਈ ਲਿਜਾਇਆ ਜਾਂਦਾ ਹੈ। ਉਸ ਨੇ ਕਿਹਾ ਕਿ ਉਸ ਨੂੰ ਉਹ ਦਿਨ ਯਾਦ ਹੈ ਜਦੋ ਸ਼ਬਨਮ ਨੇ ਉਸ ਦੀ ਪੜਾਈ ਜਾਰੀ ਰੱਖਣ ਲਈ ਉਸ ਦੀ ਫੀਸ ਅਦਾ ਕੀਤੀ ਸੀ ਤੇ ਇਹ ਕਰਜ਼ਾ ਉਹ ਸ਼ਬਨਮ ਦਾ ਉਸ ਦੇ ਬੱਚੇ ਨੂੰ ਪਾਲ ਪੋਸ ਕੇ ਇੱਕ ‘‘ਨੋਬਿਲ ਕਾਜ’’ ਕਰਕੇ ਉਤਾਰਨਾ ਚਾਹੁੰਦਾ ਹੈ। ਉਸਨੇ ਕਿਹਾ ਕਿ ਤਾਜ ਕਾਫੀ ਹੋਣਹਾਰ ਹੈ ਤੇ ਪੜਾਈ ਵਿੱਚ ਕਾਫੀ ਹੁਸ਼ਿਆਰ ਹੈ। ਉਸ ਦੀ ਪਤਨੀ ਵੰਦਨਾ ਵੀ ਤਾਜ ਨੂੰ ਬਹੁਤ ਪਿਆਰ ਕਰਦੀ ਹੈ। ਕਿਸੇ ਵਾਸਤੇ ਸ਼ਬਨਮ ਵਰਦਾਨ ਤੇ ਕਿਸੇ ਵਾਸਤੇ ਸਰਾਪ ਸਿੱਧ ਹੋਈ। ਦੋਵੇ ਪੱਖ ਵੀ ਵਿਚਾਰਨਯੋਗ ਹਨ।
ਕਈ ਦੇਸ਼ਾਂ ਵਿੱਚ ਫਾਂਸੀ ਦੀ ਸਜ਼ਾ ਖਤਮ ਕਰ ਦਿੱਤੀ ਗਈ ਹੈ ਪਰ ਇਰਾਨ ਵਿੱਚ ਵੀ 2008 ਵਿੱਚ ਅਜਿਹੀ ਇੱਕ ਘਟਨਾ ਵਾਪਰੀ ਸੀ ਜਦੋ ਰੇਹਾਨਾ ਜਾਫਰੀ ਨਾਮੀ ਇੱਕ ਲੜਕੀ ਨੇ ਉਥੋ ਦੇ ਗੁਪਤਚਰ ਵਿਭਾਗ ਦੇ ਅਧਿਕਾਰੀ ਦਾ ਪੈਨ ਕਿਸਮ ਦੇ ਚਾਕੂ ਨਾਲ ਕਤਲ ਕਰ ਦਿੱਤਾ ਸੀ। ਉਸ ਦਾ ਹਮਲਾ ਭਾਂਵੇ ਉਸ ਨੂੰ ਕਤਲ ਕਰਨ ਦਾ ਨਹੀ ਸੀ ਪਰ ਅਚਾਨਕ ਉਸ ਦੀ ਹਸਪਤਾਲ ਵਿੱਚ ਜਾ ਤੇ ਮੌਤ ਹੋ ਗਈ। ਜਾਫਰੀ ਨੇ ਅਦਾਲਤ ਨੂੰ ਦੱਸਿਆ ਕਿ ਅਧਿਕਾਰੀ ਉਸ ਨਾਲ ਬਲਾਤਕਾਰ ਕਰਨਾ ਚਾਹੁੰਦਾ ਸੀ ਤੇ ਉਸ ਨੇ ਤਾਂ ਸਿਰਫ ਆਪਣੇ ਬਚਾ ਲਈ ਵੀ ਤਿੱਖੀ ਨੋਕ ਵਾਲੀ ਵਸਤੂ ਦੀ ਵਰਤੋ ਕੀਤੀ ਸੀ। ਉਸ ਦਾ ਉਸ ਨੂੰ ਮਾਰਨ ਦਾ ਕੋਈ ਇਰਾਦਾ ਨਹੀ ਸੀ। ਜਾਫਰੀ ਦੀ ਕਹਾਣੀ ਅਦਾਲਤ ਨੇ ਸੁਣੀ ਜਰੂਰ, ਪਰ ਕੋਈ ਅਮਲ ਨਾ ਕੀਤਾ ਤੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਦੇਸ਼ ਦੇ ਸਾਰੇ ਕਨੂੰਨਾਂ ਤੱਕ ਉਸ ਦੀ ਮਾਂ ਨੇ ਪਹੁੰਚ ਕੀਤੀ ਪਰ ਸਾਰੇ ਪਾਸੇ ਅਸਫਲਤਾ ਹੀ ਮਿਲੀ । ਉਸ ਦੀ ਮਾਂ ਨੇ ਅੰਤਰਰਾਸ਼ਟਰੀ ਅਦਾਲਤ ਦਾ ਵੀ ਦਰਵਾਜਾ ਖੜਕਾਇਆ ਤੇ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਰਾਨ ਸਰਕਾਰ ਨੂੰ ਫਾਂਸੀ ਦੀ ਸਜ਼ਾ ਮੁਆਫ ਕਰਨ ਲਈ ਕਿਹਾ। ਯੂ ਐਨ ਨੇ ਵੀ ਰੋਲ ਅਦਾ ਕੀਤਾ ਪਰ ਇਰਾਕ ਸਰਕਾਰ ਨੇ ਉਸ ਨੂੰ ਆਖਰ 2014 ਵਿੱਚ ਫਾਂਸੀ ਤੇ ਲਟਕਾ ਦਿੱਤਾ। ਜਾਫਰੀ ਨੇ ਆਪਣੀ ਆਖਰੀ ਇੱਛਾ ਵਿੱਚ ਸਿਰਫ ਇਹ ਹੀ ਲਿਖਿਆ ਕਿ ਉਸ ਦੇ ਸਰੀਰ ਦੇ ਸਾਰੇ ਅੰਗ ਲੋੜਵੰਦਾਂ ਨੂੰ ਦਾਨ ਕਰ ਦਿੱਤੇ ਜਾਣ।
1995 ਵਿੱਚ ਚੰਡੀਗੜ੍ਹ ਦੇ ਸਕੱਤਰੇਤ ਦੇ ਬਾਹਰ ਹੋਏ ਬੰਬ ਧਮਾਕੇ ਵਿੱਚ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਸਮੇਤ ਕਰੀਬ 20 ਵਿਅਕਤੀ ਮਾਰੇ ਗਏ ਸਨ। ਉਸ ਕੇਸ ਵਿੱਚ ਅੱਜ ਵੀ ਫਾਂਸੀ ਦੇ ਫੰਦੇ ਦੀ ਉਡੀਕ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਪਟਿਆਲਾ ਦੀ ਜੇਲ੍ਹ ਵਿੱਚ ਬੰਦ ਹੈ। 2012 ਵਿੱਚ ਜਦੋਂ ਉਸ ਨੂੰ ਫਾਂਸੀ ਲਗਾਉਣ ਦੇ ‘‘ਡੈਥ ਵਾਰੰਟ’’ ਵੀ ਜਾਰੀ ਹੋ ਗਏ ਸਨ ਤਾਂ ਅਖੀਰਲੇ ਪਲ ਫਾਂਸੀ ਰੋਕ ਦਿੱਤੀ ਸੀ ਜਿਸਦਾ ਫੈਸਲਾ ਅਗਲੇ ਛੇ ਹਫਤਿਆ ਵਿੱਚ ਕਰਕੇ ਕੇਂਦਰ ਸਰਕਾਰ ਸੁਪਰੀਮ ਕੋਰਟ ਨੂੰ ਦੱਸੇਗੀ। ਉਸ ਸਮੇਂ ਅਖਬਾਰਾਂ ਵਿੱਚ ਕੁਲਦੀਪ ਨਈਅਰ ਨੇ ਕਈ ਲੇਖ ਲਿਖੇ ਸਨ ਜਿਹਨਾਂ ਵਿੱਚ ਜਿਥੇ ਇਹ ਕਿਹਾ ਗਿਆ ਸੀ ਕਿ ਕਿਸੇ ਵੀ ਜੁਰਮ ਨੂੰ ਖਤਮ ਕਰਨ ਲਈ ਫਾਂਸੀ ਕੋਈ ਹੱਲ ਨਹੀ ਹੈ ਅਤੇ ਕੇਂਦਰ ਸਰਕਾਰ ਰਾਜੋਆਣੇ ਨੂੰ ਫਾਂਸੀ ਲਗਾ ਕੇ ਸਿੱਖਾਂ ਦੇ ਸ਼ਹੀਦਾਂ ਦੀ ਕਤਾਰ ਨੂੰ ਹੋਰ ਲੰਮੇਰਾ ਨਾ ਕਰੇਤੇ ਉਸ ਦੀ ਫਾਂਸੀ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਜਾਵੇ। ਰਾਜੋਆਣਾ ਦੀ ਫਾਂਸੀ ਦਾ ਮਾਮਲਾ ਫਿਰ ਗਰਮ ਹੋ ਗਿਆ ਹੈ ਪਰ ਕਿਸਾਨੀ ਅੰਦੋਲਨ ਕਾਰਨ ਹਾਲ ਦੀ ਘੜੀ ਇਸ ਤੇ ਚਰਚਾ ਬਹੁਤ ਘੱਟ ਹੋ ਰਹੀ ਹੈ।
ਨਿਰਭਇਆ ਬਲਾਤਕਾਰ ਕਾਂਡ ਦੇ ਚਾਰ ਦੋਸ਼ੀਆ ਨੂੰ ਭਾਂਵੇ ਸਰਕਾਰ ਫਾਂਸੀ ਨਹੀ ਲਗਾਉਣਾ ਚਾਹੁੰਦੀ ਸੀ ਪਰ ਨਿਰਭਇਆ( ਜੋਤੀ) ਦੇ ਪਰਿਵਾਰ ਵਾਲੇ ਹਰ ਰੋਜ਼ ਸੁਪਰੀਮ ਕੋਰਟ ਅੱਗੇ ਜਾ ਕੇ ਬੈਠ ਜਾਂਦੇ ਸਨ ਕਿ ਇਹਨਾਂ ਦੋਸ਼ੀਆ ਨੂੰ ਮਹਿਮਾਨ ਬਣਾ ਕੇ ਕਿਉ ਰੱਖਿਆ ਜਾ ਰਿਹਾ ਹੈ ? ਅਖੀਰ ਉਹਨਾਂ ਚਾਰਾਂ ਵਿਅਕਤੀਆਂ ਤਿਹਾੜ ਜੇਲ੍ਹ ਵਿੱਚ ਰੋਦੇ ਕੁਰਲਾਉਦੇ ਫਾਂਸੀ ਲਗਾ ਦਿੱਤੀ ਗਈ ਪਰ ਬਲਾਤਕਾਰ ਹਾਲੇ ਨਹੀ ਰੁੱਕੇ ਤੇ ਹਾਥਰਸ ਵਰਗੀਆ ਘਟਨਾਵਾਂ ਅੱਜ ਵੀ ਵਾਪਰ ਰਹੀਆ ਹਨ।
ਅੰਮਿ੍ਰਤਸਰ ਸੈਂਟਰਲ ਜੇਲ੍ਹ ਵਿੱਚ ਆਖਰੀ ਫਾਂਸੀ 1986 ਵਿੱਚ ਲਗਾਈ ਗਈ ਉਸ ਤੋ ਬਾਅਦ ਅੰਧ ਵਿਸ਼ਵਾਸ਼ੀ ਲੋਕਾਂ ਨੇ ਫਾਂਸੀ ਲਗਾਉਣ ਵਾਲਾ ਫੱਟਾ ਇਸ ਕਰਕੇ ਅੱਧਾ ਖਾ ਲਿਆ ਕਿ ਫੱਟੇ ਦੀ ਲੱਕੜ ਖਾਣ ਨਾਲ ਗੁਨਾਹ ਮੁਆਫ ਹੋ ਜਾਂਦੇ ਹਨ ਤੇ ਅੱਜ ਕਲ੍ਹ ਉਹ ਬਾਕੀ ਦੀ ਬਚਿਆ ਫੱਟਾ ਪੂਰੀ ਤਰ੍ਹਾ ਸੰਭਾਲ ਕੇ ਰੱਖਿਆ ਗਿਆ ਹੈ। ਇਸੇ ਤਰ੍ਹਾ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸਿੰਘ ਸੈਣੀ ਨੂੰ ਵੀ ਜਦੋ ਸੈਣੀ ਮੋਟਰਜ ਵਾਲੇ ਕੇਸ ਵਿੱਚ ਜੇਲ੍ਹ ਦੀ ਕਾਲ ਕੋਠੜੀ ਨਜਰ ਆਉਣ ਲੱਗੀ ਤਾਂ ਉਸ ਨੇ ਵੀ ਜੇਲ੍ਹ ਤੇ ਤੋ ਬੱਚਣ ਲਈ ਪੰਡਤਾਂ ਦੇ ਕਹਿਣ ਤੇ ਕਈ ਸਾਲ ਦੁਪਿਹਰ ਦੀ ਰੋਟੀ ਤਿਹਾੜ ਜੇਲ੍ਹ ਵਿੱਚੋ ਮੰਗਵਾ ਕੇ ਖਾਂਦੀ ਪਰ ਅੱਜ ਹੋਰ ਵੀ ਕਈ ਕੇਸਾਂ ਵਿੱਚ ਜੇਲ੍ਹ ਦੀ ਕਾਲ ਕੋਠੜੀ ਸੈਣੀ ਪਿੱਛਾ ਨਹੀ ਛੱਡ ਰਹੀ ਹੈ।
ਗੱਲ ਫਾਂਸੀ ਦੀ ਚੱਲ ਰਹੀ ਹੈ ਕੀ ਫਾਂਸੀ ਲੱਗਣ ਤੋ ਬਾਅਦ ਬਲਾਤਕਾਰ ਤੇ ਹੋਰ ਕਰਾਇਮ ਘੱਟਿਆ ਹੈ, ਨਹੀ ਬਹੁਤ ਵੱਧਿਆ ਹੈ ਫਿਰ ਕਿਉ ਨਾ ਦੋਸ਼ੀ ਨੂੰ ਜੇਲ੍ਹ ਵਿੱਚ ਹੀ ਸੁਧਰਨ ਦਾ ਮੌਕਾ ਦਿੱਤਾ ਜਾਵੇ ਤੇ ਉਸ ਕੋਲੋ ਮੁਸ਼ੱਕਤ ਕਰਵਾ ਕੇ ਸਰਕਾਰੀ ਖਜ਼ਾਨੇ ਦੀ ਮਦਦ ਕੀਤੀ ਜਾਵੇ। ਤਾਉਮਰ ਬਿਨਾਂ ਕਿਸੇ ਛੁੱਟੀ ਦੇ ਉਸ ਨੂੰ ਜੇਲ੍ਹ ਵਿੱਚ ਰੱਖਿਆ ਜਾਵੇ। ਬਾਕੀ ਕੈਦੀ ਵੀ ਉਸ ਦੀ ਹਾਲਤ ਵੇਖ ਕੇ ਕੋਈ ਵੀ ਅਪਰਾਧ ਕਰਨ ਤੋ ਤੋਬਾ ਕਰਨ। ਫਾਂਸੀ ਲੱਗਣ ਤੋ ਦੂਸਰੇ ਦਿਨ ਲੋਕ ਭੁੱਲ ਜਾਂਦੇ ਹਨ। ਭਾਰਤ ਵਰਗੇ ਲੋਕਤਾਂਤਰਿਕ ਦੇਸ਼ ਵਿੱਚ ਤਾਂ ਵੈਸੇ ਵੀ ਫਾਂਸੀ ਨੂੰ ਕਨੂੰਨੀ ਕਤਲ ਕਿਹਾ ਜਾਂਦਾ ਹੈ। ਅਸੀ ਸ਼ਬਨਮ ਨੂੰ ਕਿਸੇ ਪ੍ਰਕਾਰ ਦੀ ਰਿਆਇਤ ਦੇਣ ਦੇ ਹੱਕ ਵਿੱਚ ਨਹੀ ਹਾਂ ਸਗੋ ਇਹ ਚਾਹੁੰਦੇ ਹਾਂ ਕਿ ਉਸ ਨੂੰ ਸਜ਼ਾ ਜਰੂਰ ਮਿਲੇ ਪਰ ਫਾਂਸੀ ਦੀ ਥਾਂ ਕੋਈ ਹੋਰ ਸਜ਼ਾ ਦਿੱਤੀ ਜਾਵੇ। ਜਿਸ ਤਰ੍ਹਾ ਸ਼ਬਨਮ ਪੜ੍ਹੀ ਲਿਖੀ ਹੈ ਉਸ ਕੋਲੋ ਜੇਲ੍ਹ ਵਿੱਚ ਬੰਦ ਬੱਚਿਆ ਦੀ ਪੜਾਈ ਲਿਖਾਈ ਦਾ ਕੰਮ ਵੀ ਕਰਵਾਇਆ ਜਾ ਸਕਦਾ ਹੈ ਪਰ ਨਿਰਭਇਆ ਕਾਂਡ ਦੇ ਦੋਸ਼ੀਆ ਵਾਂਗ ਸ਼ਬਨਮ ਦੇ ਚਾਚਾ ਚਾਚੀ ਨੇ ਕਿਹਾ ਹੈ ਕਿ ਸ਼ਬਨਮ ਨੂੰ ਬਿਨਾਂ ਕਿਸੇ ਦੇਰੀ ਦੇ ਫਾਂਸੀ ਲਗਾਈ ਜਾਵੇ। ਕਨੂੰਨ ਨੇ ਆਪਣਾ ਕੰਮ ਕਰਨਾ ਹੈ ਤੇ ਸਮਾਜ ਨੇ ਆਪਣੀ ਜਿੰਮੇਵਾਰੀ ਨਿਭਾਉਣੀ ਹੈ। ਸ਼ਬਨਾਮ ਦੇ ਕੇਸ ਵਿੱਚ ਵੀ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਜਿਸ ਤਰ੍ਵਾ 1980 ਵਿੱਚ ਇੱਕ ਔਰਤ ਦੀ ਫਾਂਸੀ ਮੁਆਫ ਕੀਤੀ ਸੀ ਉਸੇ ਤਰ੍ਹਾ ਹੀ ਸ਼ਬਨਮ ਦੇ ਕੇਸ ਬਾਰੇ ਵੀ ਵਿਚਾਰ ਚਰਚਾ ਕੀਤਾ ਜਾਵੇ । ਪਰ ਸ਼ਬਨਮ ਦਾ ਇਹ ਵੀ ਕਸੂਰ ਹੈ ਕਿ ਉਹ ਇੱਕ.. .. .. .. ਧਰਮ ਨਾਲ ਸਬੰਧਿਤ ਹੈ।