EducationPunjab

ਚੰਡੀਗੜ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਮਾਰੀਆਂ ਗੋਲੀਆਂ, ਇੱਕ ਵਿਦਿਆਰਥੀ ਦੀ ਮੌਤ, ਦੂਜਾ ਗੰਭੀਰ ਜ਼ਖ਼ਮੀ

ਚੰਡੀਗੜ੍ਹ ਯੂਨੀਵਰਸਿਟੀ ‘ਚ ਪੜ੍ਹਦੇ ਦੋ ਵਿਦਿਆਰਥੀਆਂ ਦੇ ਘਰ ਆ ਕੇ ਦੋ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਇੱਕ ਵਿਦਿਆਰਥੀ ਦੀ ਮੌਤ ਹੋ ਗਈ। ਦੂਜਾ ਗੰਭੀਰ ਜ਼ਖ਼ਮੀ ਹੈ। ਉਸ ਦਾ ਪੀਜੀਆਈ ਵਿੱਚ ਇਲਾਜ ਚੱਲ ਰਿਹਾ ਹੈ। ਮ੍ਰਿਤਕ ਵਿਦਿਆਰਥੀ ਦੀ ਪਛਾਣ ਅਨੁਜ ਵਾਸੀ ਭਿਵਾਨੀ ਵਜੋਂ ਹੋਈ ਹੈ ਅਤੇ ਜ਼ਖ਼ਮੀ ਵਿਦਿਆਰਥੀ ਦੀ ਪਛਾਣ ਪਵਨੀਤ ਵਜੋਂ ਹੋਈ ਹੈ, ਜੋ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

 

ਜਾਣਕਾਰੀ ਅਨੁਸਾਰ ਦੋਵੇਂ ਵਿਦਿਆਰਥੀ ਸੀਯੂ ਵਿੱਚ ਪੜ੍ਹਦੇ ਸਨ ਅਤੇ ਪਿੰਡ ਭਾਗੋਮਾਜਰਾ ਵਿੱਚ ਪੈਂਦੀ ਸਰਪੰਚ ਕਲੋਨੀ ਵਿੱਚ ਇੱਕ ਮਕਾਨ ਵਿੱਚ ਕਿਰਾਏ ’ਤੇ ਰਹਿ ਰਹੇ ਸਨ। ਐਤਵਾਰ ਰਾਤ ਨੂੰ ਉਹ ਕਮਰੇ ‘ਚ ਸਨ ਤਾਂ ਅਚਾਨਕ ਦੋ ਨੌਜਵਾਨ ਮੂੰਹ ‘ਤੇ ਕੱਪੜਾ ਬੰਨ੍ਹ ਕੇ ਆਏ ਅਤੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਨਾਲ ਝਗੜਾ ਕਰਨ ਲੱਗੇ। ਇਸ ਦੌਰਾਨ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਗੋਲੀਬਾਰੀ ਵਿਚ ਅਨੁਜ ਅਤੇ ਪਵਨੀਤ ਦੋਵੇਂ ਜ਼ਖਮੀ ਹੋ ਗਏ। ਇਸ ਤੋਂ ਬਾਅਦ ਹਮਲਾਵਰ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ।

ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਤੋਂ ਬਾਅਦ ਦੋਵੇਂ ਜ਼ਖਮੀ ਵਿਦਿਆਰਥੀਆਂ ਨੂੰ ਸਰਕਾਰੀ ਹਸਪਤਾਲ ਖਰੜ ਪਹੁੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਅਨੁਜ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂਕਿ ਗੰਭੀਰ ਜ਼ਖਮੀ ਪਵਨੀਤ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਰੁਪਿੰਦਰ ਕੌਰ ਸੋਹੀ ਸਮੇਤ ਉੱਚ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ।

ਪੁਲਿਸ ਦਾ ਕਹਿਣਾ ਹੈ ਕਿ, ਅਸੀਂ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਮਲਾਵਰਾਂ ਵੱਲੋਂ ਗੋਲੀਬਾਰੀ ਕਰਨ ਦਾ ਕਾਰਨ ਕੀ ਸੀ। ਇਸ ਦੇ ਨਾਲ ਹੀ ਪੁਲਿਸ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ

Leave a Reply

Your email address will not be published.

Back to top button