
ਤਾਮਿਲਨਾਡੂ ਵਿੱਚ ਇੱਕ ਈਡੀ ਅਧਿਕਾਰੀ ਨੂੰ ਸੂਬੇ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਵਿਜੀਲੈਂਸ ਟੀਮ ਨੇ 20 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਈਡੀ ਅਧਿਕਾਰੀ ਦਾ ਨਾਂ ਅੰਕਿਤ ਤਿਵਾਰੀ ਹੈ। ਜੋ ਕਿ ਮਦੁਰਾਈ ਈਡੀ ਦਫ਼ਤਰ ਵਿੱਚ ਤਾਇਨਾਤ ਹੈ। ਰਾਜ ਏਜੰਸੀਆਂ ਈਡੀ ਦਫ਼ਤਰ ਅਤੇ ਤਿਵਾੜੀ ਦੇ ਘਰ ਦੀ ਜਾਂਚ ਕਰ ਰਹੀਆਂ ਹਨ।
ਸਟੇਟ ਏਜੰਸੀਆਂ ਅਨੁਸਾਰ ਈਡੀ ਦੇ ਇੱਕ ਅਧਿਕਾਰੀ ਨੇ ਇੱਕ ਪੁਰਾਣੇ ਮਾਮਲੇ ਵਿੱਚ ਇੱਕ ਸਰਕਾਰੀ ਡਾਕਟਰ ਨੂੰ ਧਮਕੀ ਦਿੱਤੀ ਸੀ ਅਤੇ 3 ਕਰੋੜ ਰੁਪਏ ਦੀ ਮੰਗ ਕੀਤੀ ਸੀ। ਹਾਲਾਂਕਿ ਬਾਅਦ ‘ਚ 51 ਲੱਖ ਰੁਪਏ ‘ਚ ਸੌਦਾ ਤੈਅ ਹੋ ਗਿਆ। ਡਾਕਟਰ ਨੇ 1 ਦਸੰਬਰ ਨੂੰ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 20 ਲੱਖ ਰੁਪਏ ਅਦਾ ਕਰਕੇ ਵਿਜੀਲੈਂਸ ਟੀਮ ਨੂੰ ਸ਼ਿਕਾਇਤ ਕੀਤੀ।
ਐਂਟੀ ਕੁਰੱਪਸ਼ਨ ਅਤੇ ਵਿਜੀਲੈਂਸ ਟੀਮ ਅਨੁਸਾਰ 29 ਅਕਤੂਬਰ ਨੂੰ ਅੰਕਿਤ ਤਿਵਾਰੀ ਨੇ ਡਿੰਡੀਗੁਲ ਦੇ ਇੱਕ ਸਰਕਾਰੀ ਡਾਕਟਰ ਨਾਲ ਸੰਪਰਕ ਕੀਤਾ। ਉਸ ਨੇ ਡਾਕਟਰ ਨੂੰ ਦੱਸਿਆ ਕਿ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਜਦੋਂਕਿ ਉਸ ਕੇਸ ਦਾ ਨਿਪਟਾਰਾ ਪਹਿਲਾ ਹੀ ਹੋ ਚੁੱਕਾ ਸੀ। ਅੰਕਿਤ ਨੇ ਡਾਕਟਰ ਨੂੰ ਇਹ ਵੀ ਦੱਸਿਆ ਕਿ ਈਡੀ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਮਿਲੇ ਹਨ। ਤੁਸੀਂ 30 ਅਕਤੂਬਰ ਨੂੰ ਮਦੁਰਾਈ ਦਫ਼ਤਰ ਆ ਜਾਓ।
ਈਡੀ ਅਧਿਕਾਰੀ ਅੰਕਿਤ ਤਿਵਾਰੀ ਦੀ ਗੱਲ ਸੁਣਨ ਤੋਂ ਬਾਅਦ ਡਾਕਟਰ ਅਗਲੇ ਦਿਨ ਈਡੀ ਦਫ਼ਤਰ ਪਹੁੰਚ ਗਿਆ। ਤਿਵਾੜੀ ਨੇ ਆਪਣੀ ਕਾਰ ‘ਚ ਬੈਠ ਕੇ 3 ਕਰੋੜ ਰੁਪਏ ਦੀ ਮੰਗ ਕੀਤੀ। ਡਾਕਟਰ ਨੇ ਕੁਝ ਪੈਸੇ ਘੱਟ ਕਰਨ ਦੀ ਬੇਨਤੀ ਕੀਤੀ ਅਤੇ ਉਥੋਂ ਚਲੇ ਗਏ। ਇਸ ਤੋਂ ਬਾਅਦ ਅੰਕਿਤ ਨੇ ਡਾਕਟਰ ਨੂੰ ਫੋਨ ‘ਤੇ ਦੱਸਿਆ ਕਿ ਉਸ ਨੇ ਆਪਣੇ ਸੀਨੀਅਰ ਅਧਿਕਾਰੀ ਨਾਲ ਗੱਲ ਕੀਤੀ ਹੈ। ਉਹ 51 ਲੱਖ ਰੁਪਏ ‘ਤੇ ਰਾਜ਼ੀ ਹੋ ਗਏ ਹਨ। ਜਿਸ ਤੋਂ ਬਾਅਦ ਡਾਕਟਰ ਵੀ 51 ਲੱਖ ਰੁਪਏ ਦੇਣ ਲਈ ਰਾਜ਼ੀ ਹੋ ਗਿਆ। 1 ਦਸੰਬਰ ਨੂੰ ਡਾਕਟਰ ਨੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ ਅੰਕਿਤ ਨੂੰ 20 ਲੱਖ ਰੁਪਏ ਦਿੱਤੇ। ਸਰਕਾਰੀ ਏਜੰਸੀ ਨੇ ਅੰਕਿਤ ਨੂੰ ਰੰਗੇ ਹੱਥੀਂ ਫੜ ਲਿਆ।