
ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਬਣਾਏ ਗਏ ਇੰਡੀਆ ਗੱਠਜੋੜ ਵਿੱਚ ਲੰਘੇ ਦਿਨ ਕਾਂਗਰਸ ਤੇ APP ਵਿਚਾਲੇ ਸਮਝੌਤਾ ਪੂਰ ਚੜ੍ਹ ਗਿਆ ਹੈ ਤੇ ਉਨ੍ਹਾਂ ਵੱਲੋਂ ਸੀਟਾਂ ਦੀ ਵੰਡ ਵੀ ਕਰ ਲਈ ਗਈ ਹੈ। ਇਸ ਨੂੰ ਲੈ ਕੇ ਹੁਣ ਭਾਰਤੀ ਜਨਤਾ ਪਾਰਟੀ ਦੇ ਲੀਡਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਦੀਆਂ ਸੜਕਾਂ ਉੱਤੇ ਹੋਰਡਿੰਗ ਲਵਾ ਦਿੱਤੇ ਹਨ ਕਿ ਕੇਜਰੀਵਾਲ ਨੇ ਸਿੱਖਾਂ ਦੇ ਕਾਤਲਾਂ ਨਾਲ ਹੱਥ ਮਿਲਾਇਆ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਟਵੀਟ ਕਰਦਿਆਂ ਕਿਹਾ ਕਿ,ਸਿੱਖਾਂ ਦੇ ਕਾਤਲਾਂ ਨੂੰ ਜੇਲ੍ਹ ਭੇਜਣ ਦੀ ਗੱਲ ਕਰਕੇ ਸੱਤਾ ਹਥਿਆਉਣ ਵਾਲਾ ਅਰਵਿੰਦ ਕੇਜਰੀਵਾਲ ਅੱਜ ਫਿਰ ਉਹੀ ਖੂਨੀ ਹੱਥਾਂ ਦੇ ਨਾਲ ਹੈ ਅਤੇ ਉਨ੍ਹਾਂ ਨੂੰ ਸੰਸਦ ਵਿੱਚ ਭੇਜਣਾ ਚਾਹੁੰਦਾ ਹੈ !! ਮੈਂ ਉਮੀਦ ਕਰਦਾਂ ਹਾਂ ਕਿ ਭਗਵੰਤ ਮਾਨ ਜੀ ਦੀ ਜ਼ਮੀਰ ਜਾਗ ਜਾਵੇਗੀ ਅਤੇ ਉਹ ਕੇਜਰੀਵਾਲ ਜੀ ਦਾ ਸਿੱਖਾਂ ਦੇ ਕਾਤਲਾਂ ਨਾਲ ਗਠਜੋੜ ਵਿੱਚ ਸਾਥ ਨਹੀਂ ਦੇਣਗੇ।
ਸਿਰਸਾ ਨੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਪਹਿਲਾਂ ਕਿਹਾ ਕਿ ਉਹ ਸਿੱਖਾਂ ਦੇ ਕਾਤਲਾਂ ਨੂੰ ਜੇਲ੍ਹਾਂ ਵਿੱਚ ਭੇਜਣਗੇ ਤੇ ਵਿਧਵਾ ਕਾਲੌਨੀ ਦੀਆਂ ਵਿਧਾਵਾਵਾਂ ਨੂੰ ਇਨਸਾਫ਼ ਦਵਾਇਆ ਜਾਵੇਗਾ ਪਰ ਹੁਣ ਉਨ੍ਹਾਂ ਨੇ ਕਾਤਲਾਂ ਨਾਲ ਹੀ ਹੱਥ ਮਿਲ ਲਿਆ ਹੈ। ਕੇਜਰੀਵਾਲ ਨੇ ਹੁਣ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਤੇ ਕਮਲਨਾਥ ਨਾਲ ਹੱਥ ਮਿਲਾ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਸੰਸਦ ਵਿੱਚ ਭੇਜਣ ਦੀ ਮਦਦ ਕਰਨਗੇ।
ਕੇਜਰੀਵਾਲ ਪਹਿਲਾਂ ਕਹਿੰਦੇ ਸੀ ਕਿ ਕਾਂਗਰਸ ਦੇਸ਼ ਨੂੰ ਲੁੱਟ ਕੇ ਖਾ ਜਾਂਦੀ ਜੇ CAG ਵਰਗੀ ਏਜੰਸੀ ਨਾ ਹੁੰਦੀ। ਉਹ ਕਹਿੰਦੇ ਸੀ ਸੋਨੀਆ ਗਾਂਧੀ ਨੂੰ ਜੇਲ੍ਹ ਵਿੱਚ ਪਾ ਦੇਣਾ ਚਾਹੀਦਾ ਹੈ ਤੇ ਕਾਂਗਰਸ ਭ੍ਰਿਸ਼ਟਾਚਾਰ ਦੀ ਜਣਨੀ ਹੈ। ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਬੱਚਿਆਂ ਦੀ ਸਹੁੰ ਚੁੱਕੀ ਸੀ ਕਿ ਉਹ ਕਦੇ ਕਾਂਗਰਸ ਨਾਲ ਸਮੌਝਤਾ ਨਹੀਂ ਕਰਨਗੇ ਪਰ ਹੁਣ ਉਨ੍ਹਾਂ ਨੇ 1984 ਦੇ ਕਾਤਲਾਂ ਨਾਲ ਹੱਥ ਮਿਲਾ ਲਿਆ ਹੈ।