Punjab

ਵਕੀਲ ਨੇ ਭਰਾ, ਭਰਜਾਈ ‘ਤੇ ਭਤੀਜੀ ’ਤੇ ਚੜ੍ਹਾ ‘ਤੀ ਕਾਰ , 3 ਲੋਕ ਜ਼ਖਮੀ, CCTV ‘ਚ

 ਮੋਗਾ ਜ਼ਿਲ੍ਹੇ ਦੇ ਪਿੰਡ ਗੱਟੀ ਜੱਟਾਂ ਵਿੱਚ ਕੁਝ ਸਮੇਂ ਤੋਂ ਚੱਲ ਰਹੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਵਕੀਲ ਨੇ ਆਪਣੀ ਕਾਰ ਆਪਣੇ ਹੀ ਭਰਾ, ਭਾਬੀ ਅਤੇ ਭਤੀਜੀ ‘ਤੇ ਚੜ੍ਹਾ ਦਿੱਤੀ। ਤਿੰਨਾਂ ਨੂੰ ਜ਼ਖਮੀ ਹਾਲਤ ਵਿੱਚ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਧਰਮਕੋਟ ਥਾਣੇ ਦੀ ਪੁਲਿਸ ਨੇ ਪਰਿਵਾਰ ਦੇ ਬਿਆਨਾਂ ‘ਤੇ ਪਤੀ-ਪਤਨੀ ਦੋਵਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਗੰਭੀਰ ਸੱਟਾਂ ਕਾਰਨ ਉਸਨੂੰ ਮੋਗਾ ਦੇ ਸਰਕਾਰੀ ਹਸਪਤਾਲ ਤੋਂ ਰੈਫਰ ਕਰ ਦਿੱਤਾ ਗਿਆ ਹੈ। ਹੁਣ ਲੜਕੀ ਦਾ ਇਲਾਜ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਹੈ।

  ਜਾਣਕਾਰੀ ਅਨੁਸਾਰ ਮੋਗਾ ਵਿੱਚ ਵਕੀਲ ਦਿਲਬਾਗ ਸਿੰਘ ਦਾ ਆਪਣੇ ਭਰਾ ਬਲਵਿੰਦਰ ਸਿੰਘ ਨਾਲ 3.5 ਏਕੜ ਜ਼ਮੀਨ ਨੂੰ ਲੈ ਕੇ ਲੰਬੇ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਬਲਵਿੰਦਰ ਸਿੰਘ ਦਾ ਆਰੋਪ ਹੈ ਕਿ ਵਕੀਲ ਦਿਲਬਾਗ ਸਿੰਘ ਨੇ ਧੋਖਾਧੜੀ ਨਾਲ ਜ਼ਮੀਨ ਆਪਣੇ ਪਿਤਾ ਤੋਂ ਵਸੀਅਤ ਕਰਵਾਈ ਸੀ। ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਪਰਿਵਾਰਕ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਦਿਲਬਾਗ ਸਿੰਘ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।

 

ਬਲਵਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਜ਼ਮੀਨ ਦੀ ਵਾਜਬ ਕੀਮਤ ਦੇਣ ਲਈ ਤਿਆਰ ਹੈ ਪਰ ਦਿਲਬਾਗ ਸਿੰਘ ਜ਼ਮੀਨ ਕਿਸੇ ਤੀਜੀ ਧਿਰ ਨੂੰ ਵੇਚਣਾ ਚਾਹੁੰਦਾ ਸੀ। ਕੱਲ੍ਹ ਜਦੋਂ ਬਲਵਿੰਦਰ ਨੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਇਸ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦਿਲਬਾਗ ਸਿੰਘ ਗੁੱਸੇ ਵਿੱਚ ਆ ਗਿਆ ਅਤੇ ਘਰ ਦੇ ਬਾਹਰ ਖੜ੍ਹੇ ਆਪਣੇ ਭਰਾ ਦੇ ਪਰਿਵਾਰਕ ਮੈਂਬਰਾਂ ਉੱਤੇ ਆਪਣੀ ਕਾਰ ਚੜ੍ਹਾ ਦਿੱਤੀ, ਜਿਸ ਕਾਰਨ ਉਸਦਾ ਭਰਾ, ਭਰਜਾਈ ਅਤੇ ਧੀ ਗੰਭੀਰ ਜ਼ਖਮੀ ਹੋ ਗਏ।

 

 

ਵਕੀਲ ਦਿਲਬਾਗ ਸਿੰਘ ਦਾ ਕਹਿਣਾ ਸੀ ਕਿ ਜਦੋਂ ਉਹ ਕੱਲ੍ਹ ਸਵੇਰੇ ਆਪਣੀ ਕਾਰ ਉੱਤੇ ਮੋਗਾ ਕਚਹਿਰੀ ਨੂੰ ਜਾਣ ਲੱਗੇ ਤਾਂ ਉਸ ਦੇ ਭਰਾ ਅਤੇ ਦੂਸਰੇ ਮੈਂਬਰਾਂ ਨੇ ਉਸ ਉੱਤੇ ਹਮਲਾ ਕਰਨ ਦੀ ਨੀਅਤ ਨਾਲ ਕਾਰ ਨੂੰ ਘੇਰ ਲਿਆ। ਜਦੋਂ ਉਹ ਕਾਰ ਨੂੰ ਭਜਾ ਕੇ ਕੱਢਣ ਲੱਗਾ ਤਾਂ ਉਕਤ ਲੋਕ ਕਾਰ ਨਾਲ ਟਕਰਾ ਗਏ। ਉਸ ਮੁਤਾਬਿਕ ਉਸ ਨੂੰ ਵੀ ਸੱਟਾਂ ਲੱਗੀਆਂ ਹਨ।

Back to top button