Latest news

ਹਮਲਾਵਰ ਵਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਆਪਣੀ ਪਤਨੀ ਅਤੇ 2 ਬੇਟਿਆਂ ਦਾ ਕਤਲ

ਲਾਸ ਏਂਜਲਸ, ਏ.ਕੇ.-47 ਨਾਲ ਲੈਸ ਇਕ ਹਮਲਾਵਰ ਨੇ ਅੰਨ੍ਹੇਵਾਹ ਗੋਲੀਆਂ ਚਲਾਉਂਦਿਆਂ ਆਪਣੀ ਪਤਨੀ ਅਤੇ ਦੋ ਬੇਟਿਆਂ ਦਾ ਕਤਲ ਕਰ ਦਿਤਾ ਜਦਕਿ ਪਰਵਾਰ ਦੇ ਚਾਰ ਹੋਰ ਜੀਅ ਵਾਲ-ਵਾਲ ਬਚ ਗਏ। ਗੋਲੀਬਾਰੀ ਦੀ ਇਤਲਾਹ ਮਿਲਣ ਮਗਰੋਂ ਮੌਕੇ ‘ਤੇ ਪੁੱਜੇ ਪੁਲਿਸ ਅਫ਼ਸਰਾਂ ਉਪਰ ਵੀ ਹਮਲਾਵਰ ਨੇ ਗੋਲੀਆਂ ਚਲਾ ਦਿਤੀਆਂ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਕੈਲੇਫ਼ੋਰਨੀਆ ਦੇ ਬੇਕਰਜ਼ਫ਼ੀਲਡ ਸ਼ਹਿਰ ਨੇੜਲੇ ਵਾਸਕੋ ਕਸਬੇ ਵਿਚ ਹਮਲਾਵਰ ਅਤੇ ਪੁਲਿਸ ਵਿਚਾਲੇ ਕਈ ਘੰਟੇ ਤੱਕ ਮੁਕਾਬਲਾ ਜਾਰੀ ਰਿਹਾ ਅਤੇ ਆਖਰਕਾਰ ਹਮਲਾਵਰ ਮਾਰਿਆ ਗਿਆ। ਸੈਨ ਜੋਕਿਨ ਵੈਲੀ ਦੀ ਵਾਰਦਾਤ ਬਾਰੇ ਪੁਲਿਸ ਨੇ ਦੱਸਿਆ ਕਿ ਹਮਲਾਵਰ ਇਸ ਤੋਂ ਪਹਿਲਾਂ ਕਈ ਵਾਰ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਗ੍ਰਿਫ਼ਤਾਰ ਹੋ ਚੁੱਕਾ ਸੀ। 

ਮ੍ਰਿਤਕਾਂ ਦੀ ਸ਼ਨਾਖ਼ਤ ਜਨਤਕ ਨਹੀਂ ਕੀਤੀ ਗਈ ਪਰ ਉਨ੍ਹਾਂ ਦੀ ਉਮਰ 17 ਸਾਲ, 24 ਸਾਲ ਅਤੇ 42 ਸਾਲ ਦੱਸੀ ਜਾ ਰਹੀ ਹੈ। ਪੁਲਿਸ ਮੁਤਾਬਕ ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਕਿਸੇ ਗੁਆਂਢੀ ਨੇ ਪੁਲਿਸ ਨੂੰ ਫ਼ੋਨ ਕਰ ਦਿਤਾ ਅਤੇ ਜਦੋਂ ਅਫ਼ਸਰ ਮੌਕੇ ‘ਤੇ ਪੁੱਜੇ ਤਾਂ ਆਪਣੇ ਪਰਵਾਰ ਦਾ ਕਤਲ ਕਰ ਚੁੱਕੇ ਹਮਲਾਵਰ ਨੇ ਪੁਲਿਸ ਵਾਲਿਆਂ ਉਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਚਾਰ ਜਣੇ ਜ਼ਖਮੀ ਹੋਏ ਜਿਨ੍ਹਾਂ ਵਿਚੋਂ ਇਕ ਦੀ ਮੌਤ ਹੋ ਗਈ। ਹਮਲਾਵਰ ਕੋਲ ਏ.ਕੇ.-47 ਅਤੇ ਹੈਂਡਗੰਨ ਹੋਣ ਦੇ ਮੱਦੇਨਜ਼ਰ ਸਵੈਟ ਟੀਮ ਨੂੰ ਸੱਦਿਆ ਗਿਆ ਅਤੇ ਕਈ ਘੰਟੇ ਮੁਕਾਬਲਾ ਜਾਰੀ ਰਿਹਾ। ਆਖਰਕਾਰ ਜਦੋਂ ਹਮਲਾਵਰ ਛੱਤ ‘ਤੇ ਚੜ੍ਹ ਰਿਹਾ ਸੀ ਤਾਂ ਪੁਲਿਸ ਨੇ ਉਸ ਨੂੰ ਗੋਲੀ ਮਾਰ ਦਿਤੀ। ਜਾਂਚਕਰਤਾ ਖੁਦ ਇਸ ਗੱਲ ਤੋਂ ਹੈਰਾਨ ਸਨ ਕਿ ਘਰੇਲੂ ਹਿੰਸਾ ਦਾ ਮਾਮਲਾ ਐਨਾ ਗੰਭੀਰ ਰੂਪ ਧਾਰਨ ਕਰ ਗਿਆ।