Latest news

Glime India News

ਮਹਿਲਾ ਅਧਿਆਪਕਾ ਨੇ ਸ਼ਿਵ ਸੈਨਾ ਦੀ ਮਹਿਲਾ ਆਗੂ ‘ਤੇ ਲਾਏ ਵਿਦੇਸ਼ ਭੇਜਣ ਦੇ ਨਾਂ ‘ਤੇ ਲੱਖਾਂ ਦੀ ਠੱਗੀ ਦੇ ਦੋਸ਼

ਜਲੰਧਰ/ਐਸ ਐਸ ਚਾਹਲ

ਪੂਨਮ ਸਹਿਗਲ ਵਾਸੀ ਕ੍ਰਿਸ਼ਨ ਨਗਰ ਜਲੰਧਰ ਹਾਲ ਵਾਸੀ ਗ੍ਰੀਨ ਐਵੇਨਿਊ ਗਾਜ਼ਾ ਗਾਰਡਨ ਬਸਤੀ ਬਾਵਾ ਖੇਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹ ਇਕ ਸਕੂਲ ‘ਚ ਪੜ੍ਹਾਉਂਦੀ ਸੀ। ਉਸ ਦੇ ਨਾਲ ਅਰਚਨਾ ਜੈਨ ਪਤਨੀ ਵਿਕਰਮਜੀਤ ਵਾਸੀ ਜਲੰਧਰ ਕੁੰਜ ਵੀ ਮਿਊਜ਼ਿਕ ਟੀਚਰ ਸੀ। ਉਹ 7 ਸਾਲ ਪਹਿਲਾਂ ਸਕੂਲ ‘ਚੋਂ ਰਿਟਾਇਰ ਹੋ ਗਈ। ਬਾਅਦ ‘ਚ ਉਹ ਅਰਚਨਾ ਜੈਨ ਨੂੰ ਕਾਫ਼ੀ ਸਮਾਂ ਨਹੀਂ ਮਿਲੀ। ਤਕਰੀਬਨ ਤਿੰਨ ਸਾਲ ਪਹਿਲਾਂ ਅਰਚਨਾ ਜੈਨ ਉਸ ਨੂੰ ਅਚਾਨਕ ਮਿਲ ਗਈ ਤੇ ਕਹਿਣ ਲੱਗੀ ਕਿ ਹੁਣ ਉਹ ਬੱਚਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਕਰਦੀ ਹੈ ਤੇ ਉਸ ਕੋਲ ਕੈਨੇਡਾ ਦਾ ਵਰਕ ਪਰਮਿਟ ਵੀ ਹੈ ਜਿਸ ਦਾ ਖ਼ਰਚਾ ਤਕਰੀਬਨ ਵੀਹ ਲੱਖ ਰੁਪਏ ਆਉਂਦਾ ਹੈ। ਇਸ ਵਿੱਚੋਂ ਅੱਧੇ ਪੈਸੇ ਪਹਿਲਾਂ ਲੈਂਦੀ ਹਾਂ ਤੇ ਅੱਧੇ ਬਾਅਦ ‘ਚ। ਪੂਨਮ ਸਹਿਗਲ ਨੇ ਦੱਸਿਆ ਕਿ ਉਸ ਦਾ ਪੁੱਤਰ ਚੇਤੰਨਿਆ ਕਾਫ਼ੀ ਸਮੇਂ ਤੋਂ ਵਿਦੇਸ਼ ਜਾਣ ਦੀ ਜ਼ਿੱਦ ਕਰ ਰਿਹਾ ਸੀ ਜਿਸ ਕਾਰਨ ਉਹ ਅਰਚਨਾ ਦੀਆਂ ਗੱਲਾਂ ਵਿਚ ਆ ਗਈ ਅਤੇ ਉਸ ਨੂੰ ਦੋ-ਤਿੰਨ ਕਿਸ਼ਤਾਂ ‘ਚ ਸਾਢੇ ਤਿੰਨ ਲੱਖ ਰੁਪਏ, ਚੇਤੰਨਿਆ ਦਾ ਪਾਸਪੋਰਟ, ਬਾਕੀ ਡਾਕੂਮੈਂਟ ਅਤੇ ਆਪਣਾ ਖ਼ੁਦ ਦਾ ਆਧਾਰ ਕਾਰਡ ਵੀ ਦੇ ਦਿੱਤਾ। ਉਸ ਤੋਂ ਬਾਅਦ ਅਰਚਨਾ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਿਆ ਤੇ ਜਦੋਂ ਉਸ ਕੋਲੋਂ ਪੈਸੇ ਵਾਪਸ ਮੰਗਣੇ ਸ਼ੁਰੂ ਕੀਤੇ ਤਾਂ ਉਹ ਧਮਕੀਆਂ ਦੇਣ ਲੱਗ ਪਈ। ਕਹਿਣ ਲੱਗੀ ਕਿ ਉਸ ਦੀ ਪਹੁੰਚ ਬਹੁਤ ਵੱਡੇ ਵਿਅਕਤੀਆਂ ਤਕ ਹੈ। ਜੇਕਰ ਪੈਸੇ ਮੰਗੇ ਤਾਂ ਇਸ ਦੇ ਨਤੀਜੇ ਭੁਗਤਣ ਲਈ ਤਿਆਰ ਹੋ ਜਾਵੇ। ਇਸ ਤੋਂ ਬਾਅਦ ਅਰਚਨਾ ਨੇ ਉਸ ਨਾਲ ਇਕ ਹੋਰ ਠੱਗੀ ਕੀਤੀ ਤੇ ਉਸ ਦੇ ਦਸਤਾਵੇਜ਼ਾਂ ਉੱਪਰ ਕਿਸੇ ਜਾਅਲੀ ਪੂਨਮ ਸਹਿਗਲ ਦੇ ਨਾਂ ‘ਤੇ ਮਾਡਲ ਟਾਊਨ ਦੀ ਇਕ ਦੁਕਾਨ ਤੋਂ ਮੋਬਾਈਲ ਫਾਇਨਾਂਸ ਕਰਵਾ ਲਿਆ ਜਿਸ ਦੀ ਕਿਸ਼ਤ ਵੀ ਜਦੋਂ ਉਸ ਦੇ ਖਾਤੇ ‘ਚੋਂ ਕੱਟੀ ਗਈ ਤਾਂ ਉਹ ਭੱਜੀ-ਭੱਜੀ ਬੈਂਕ ਪਹੁੰਚੀ ਅਤੇ ਮੈਨੇਜਰ ਨੂੰ ਸਾਰੀ ਗੱਲ ਦੱਸੀ। ਉਸ ਤੋਂ ਬਾਅਦ ਕੁਝ ਵਿਅਕਤੀਆਂ ਨੂੰ ਨਾਲ ਲੈ ਕੇ ਉਹ ਅਰਚਨਾ ਜੈਨ ਕੋਲ ਗਈ ਤਾਂ ਉਸ ਨੇ ਉਸ ਨੂੰ ਇਕ ਲੱਖ ਪੰਜ ਹਜ਼ਾਰ ਰੁਪਏ ਦਾ ਚੈੱਕ ਦੇ ਦਿੱਤਾ। ਉਹ ਵੀ ਦੋ ਵਾਰ ਬੈਂਕ ‘ਚ ਲਗਾਉਣ ‘ਤੇ ਬਾਊਂਸ ਹੋ ਗਿਆ। ਪੂਨਮ ਸਹਿਗਲ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਜਿਨ੍ਹਾਂ ਨੇ ਇਸ ਦੀ ਜਾਂਚ ਏਸੀਪੀ ਨੂੰ ਸੌਂਪੀ। ਕਾਫੀ ਸਮੇਂ ਤੋਂ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ ਅਤੇ ਅਰਚਨਾ ਜੈਨ ਉਸ ਨੂੰ ਲਗਾਤਾਰ ਧਮਕੀਆਂ ਦੇ ਰਹੀ ਹੈ। ਉਸ ਨੇ ਮੰਗ ਕੀਤੀ ਹੈ ਕਿ ਅਰਚਨਾ ਜੈਨ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਤੇ ਉਸ ਨੂੰ ਇਨਸਾਫ਼ ਦਿਵਾਇਆ ਜਾਵੇ।

ਸ਼ਿਵ ਸੈਨਾ ਨੇੱਤਰੀ ਅਰਚਨਾ ਜੈਨ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਪੂਨਮ ਸਹਿਗਲ ਕੋਲੋਂ ਇਕ ਲੱਖ ਪੰਜ ਹਜ਼ਾਰ ਰੁਪਏ ਲਏ ਸਨ, ਉਹ ਵੀ ਸਿਰਫ਼ ਦੋਸਤੀ ਕਰਕੇ। ਉਸ ਨੇ ਨਾ ਤਾਂ ਉਸ ਦੇ ਪੁੱਤਰ ਨੂੰ ਬਾਹਰ ਭੇਜਣ ਦਾ ਝਾਂਸਾ ਦਿੱਤਾ ਸੀ ਅਤੇ ਨਾ ਹੀ ਅਜਿਹੀ ਕੋਈ ਗੱਲ ਹੋਈ ਸੀ।

Leave a Comment