ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਰਕਿੰਗ ਹੈੱਡ ਪਰਮਿੰਦਰ ਸਿੰਘ ਸੰਧੂ, ਜਿਸ ਨੇ ਜਾਅਲੀ ਡਿਗਰੀ ਬਣਾ ਕੇ ਅਤੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਵਕੀਲ ਦੀ ਡਿਗਰੀ ਹਾਸਲ ਕਰਨ ਦੀ ਸ਼ਿਕਾਇਤ ਕੀਤੀ ਸੀ, ਖ਼ੁਦ ਹੀ ਫਸ ਗਿਆ। ਜਦੋਂ ਉਸ ਵਿਰੁੱਧ ਸ਼ਿਕਾਇਤ ਕੀਤੀ ਗਈ ਤਾਂ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੀ ਸਿਫ਼ਾਰਸ਼ ਤੇ ਜਾਂਚ ਦੇ ਹੁਕਮ ਦਿੱਤੇ ਗਏ। ਫਿਰ ਪਤਾ ਲੱਗਾ ਕਿ 12ਵੀਂ ਵਿੱਚ ਫੇਲ ਹੋਇਆ ਆਮ ਆਦਮੀ ਪਾਰਟੀ ਦਾ ਨੌਜਵਾਨ ਆਗੂ ਜਾਅਲੀ ਸਰਟੀਫਿਕੇਟ ਬਣਾ ਕੇ ਵਕੀਲ ਬਣ ਗਿਆ ਸੀ। ਜਾਂਚ ਰਿਪੋਰਟ ਆਉਣ ਤੋਂ ਬਾਅਦ ਵੀ ਉਹ ਆਪਣੇ ਸਿਆਸੀ ਆਕਾਵਾਂ ਕਾਰਨ ਪੁਲਿਸ ਤੇ ਦਬਾਅ ਪਾ ਕੇ ਗ੍ਰਿਫ਼ਤਾਰੀ ਤੋਂ ਬਚਦਾ ਰਿਹਾ।
ਇਸ ਸਬੰਧੀ ਸ਼ਿਕਾਇਤਕਰਤਾ ਐਡਵੋਕੇਟ ਡੇਵਿਡ ਗਿੱਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਜਿਸ ਤੋਂ ਬਾਅਦ ਚੋਣ ਕਮਿਸ਼ਨ ਦੇ ਹੁਕਮਾਂ ‘ਤੇ ‘ਆਪ’ ਆਗੂ ਪਰਮਿੰਦਰ ਸਿੰਘ ਸੰਧੂ ਵਿਰੁੱਧ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਟਿੱਬਾ ਰੋਡ ਦੇ ਗੋਪਾਲ ਨਗਰ ਇਲਾਕੇ ਦੇ ਰਹਿਣ ਵਾਲੇ ਆਪ ਆਗੂ ਪਰਮਿੰਦਰ ਸਿੰਘ ਸੰਧੂ ਦੀ ਸ਼ਿਕਾਇਤ ਤੇ ਨਵੰਬਰ 2022 ਵਿੱਚ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਮਹਾਂਨਗਰ ਦੇ ਕਈ ਵਕੀਲਾਂ ਖ਼ਿਲਾਫ਼ ਜਾਅਲੀ ਡਿਗਰੀਆਂ ਬਣਾਉਣ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਦੋਸ਼ ਸੀ ਕਿ ਦੀਪਕ ਨੇ ਉਸ ਨੂੰ ਕਾਨੂੰਨ ਦੀ ਪ੍ਰੈਕਟਿਸ ਕਰਨ ਲਈ ਫਰਜ਼ੀ ਲਾਇਸੈਂਸ ਮੁਹੱਈਆ ਕਰਵਾਇਆ ਸੀ। ਐਡਵੋਕੇਟ ਡੇਵਿਡ ਗਿੱਲ ਨੇ ਦੱਸਿਆ ਕਿ ਜਦੋਂ ਜਾਂਚ ਅੱਗੇ ਵਧੀ ਤਾਂ ਇਹ ਗੱਲ ਸਾਹਮਣੇ ਆਈ ਕਿ ਪਰਮਿੰਦਰ ਸਿੰਘ ਸੰਧੂ ਖੁਦ ਜਾਅਲੀ ਦਸਤਾਵੇਜ਼ ਤਿਆਰ ਕਰਕੇ ਜਾਅਲੀ ਡਿਗਰੀ ਹਾਸਲ ਕਰਨ ਦੇ ਮਾਮਲੇ ਵਿੱਚ ਦੋਸ਼ੀ ਹੈ। ਜਿਸ ਤੋਂ ਬਾਅਦ ਉਨ੍ਹਾਂ ਸ਼ਿਕਾਇਤ ਕੀਤੀ ਅਤੇ ਦੋਸ਼ ਲਾਇਆ ਕਿ ‘ਆਪ’ ਆਗੂ ਨੇ 12ਵੀਂ ‘ਚ ਫੇਲ ਹੋਣ ਦੇ ਬਾਵਜੂਦ ਜਾਅਲੀ ਸਰਟੀਫਿਕੇਟ ਦੇ ਕੇ ਕਾਨੂੰਨ ਦੀ ਪ੍ਰੈਕਟਿਸ ਕੀਤੀ ਹੈ।
ਮੁਲਜ਼ਮ ਪਰਮਿੰਦਰ ਸਿੰਘ ਸੰਧੂ ਵੱਲੋਂ ਐਲਐਲਬੀ ਵਿੱਚ ਦਾਖ਼ਲਾ ਲੈਣ ਲਈ 12ਵੀਂ ਜਮਾਤ ਦਾ ਸਰਟੀਫਿਕੇਟ ਜਾਅਲੀ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ। ਐਡਵੋਕੇਟ ਗਿੱਲ ਨੇ 30 ਜਨਵਰੀ 2023 ਨੂੰ ਇਸ ਮਾਮਲੇ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਜਾਂਚ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਬਿਆਨ ਦਿੱਤਾ ਸੀ ਕਿ ਉਨ੍ਹਾਂ ਨੇ ਨੇ 2008 ‘ਚ PSEB ਮੁਹਾਲੀ ਤੋਂ 12ਵੀਂ ਪਾਸ ਕੀਤੀ ਸੀ ਪਰ ਜਨਵਰੀ 2020 ‘ਚ ਉਨ੍ਹਾਂ ਦਾ ਸਰਟੀਫਿਕੇਟ ਗੁੰਮ ਹੋ ਗਿਆ। ਪੁਲੀਸ ਨੇ ਇਸ ਮਾਮਲੇ ਨੂੰ ਲੈ ਕੇ ਜਦੋਂ ਬੋਰਡ ਨਾਲ ਸੰਪਰਕ ਕੀਤਾ ਤਾਂ ਇਸ ਬਾਰੇ ਪਤਾ ਲੱਗਾ ਕਿ ਸੰਧੂ 2008 ਵਿੱਚ 12ਵੀਂ ਵਿੱਚ ਫੇਲ੍ਹ ਹੋ ਗਏ ਸਨ। ਦਿੱਲੀ ਬੋਰਡ ਆਫ ਸੀਨੀਅਰ ਸੈਕੰਡਰੀ ਐਜੂਕੇਸ਼ਨ ਵੱਲੋਂ ਜਾਰੀ ਸਰਟੀਫਿਕੇਟ ਜਾਅਲੀ ਸੀ।
ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਹੀ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ। ਐਡਵੋਕੇਟ ਡੇਵਿਡ ਗਿੱਲ ਨੇ ਦੋਸ਼ ਲਾਇਆ ਕਿ ਪਰਮਿੰਦਰ ਸਿੰਘ ਸੰਧੂ ਦਾ ਫੋਨ ਐਕਟਿਵ ਸੀ ਅਤੇ ਉਹ ਸੋਸ਼ਲ ਮੀਡੀਆ ਫੇਸਬੁੱਕ ‘ਤੇ ਲਗਾਤਾਰ ਪੋਸਟਾਂ ਪਾ ਰਿਹਾ ਸੀ। ਪਰ ਇਸ ਦੇ ਬਾਵਜੂਦ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ। ਪੁਲਿਸ ‘ਤੇ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ। ਜਿਸ ਬਾਰੇ ਉਹ ਸੀਨੀਅਰ ਅਧਿਕਾਰੀਆਂ ਨੂੰ ਸ਼ਿਕਾਇਤ ਕਰਕੇ ਸੰਧੂ ਦੀ ਗ੍ਰਿਫ਼ਤਾਰੀ ਦੀ ਮੰਗ ਕਰਨਗੇ।