ਚਰਨਜੀਤ ਚੰਨੀ ਆਪਣੇ ਚੋਣ ਪ੍ਰਚਾਰ ’ਚ ਜ਼ੋਰਾਂ-ਸ਼ੋਰਾਂ ਨਾਲ ਰੁੱਝੇ ਹੋਏ ਹਨ। ਇਸ ਦੌਰਾਨ ਚਰਨਜੀਤ ਸਿੰਘ ਚੰਨੀ ਵੱਲੋਂ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਠੋਡੀ ’ਤੇ ਹੱਥ ਲਾਉਣ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ’ਤੇ ਚਰਨਜੀਤ ਸਿੰਘ ਚੰਨੀ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ।
ਚੰਨੀ ਨੇ ਸ਼ਨੀਵਾਰ ਨੂੰ ਇਕ ਵੀਡੀਓ ‘ਚ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਬੀਬੀ ਨੂੰ ਆਪਣੀ ਵੱਡੀ ਭੈਣ ਦੀ ਤਰ੍ਹਾਂ ਸਮਝਦੇ ਹਨ ਅਤੇ ਇਹ ਭਾਵਨਾ ਪਿਆਰ ਅਤੇ ਸਤਿਕਾਰ ਕਾਰਨ ਹੈ। ਚੰਨੀ ਨੇ ਕਿਹਾ ਕਿ ਤੁਸੀਂ ਦੇਖਿਆ ਹੋਵੇਗਾ ਕਿ ਪਹਿਲਾਂ ਮੈਂ ਆਪਣੀ ਵੱਡੀ ਭੈਣ ਵਾਂਗ ਉਨ੍ਹਾਂ ਨੂੰ ਮੱਥਾ ਟੇਕਿਆ ਅਤੇ ਫਿਰ ਉਨ੍ਹਾਂ ਨਾਲ ਮਜ਼ਾਕ ਕੀਤਾ।
ਮੈਂ ਉਨ੍ਹਾਂ ਦਾ ਹੱਥ ਆਪਣੇ ਮੱਥੇ ‘ਤੇ ਲਾਇਆ ਅਤੇ ਆਸ਼ੀਰਵਾਦ ਲਿਆ। ਸ਼ਨੀਵਾਰ ਨੂੰ ਆਪਣਾ ਬਿਆਨ ਦਿੰਦੇ ਹੋਏ ਚੰਨੀ ਨੇ ਕਿਹਾ ਕਿ ਮੈਂ ਸਾਲਾਂ ਤੋਂ ਬੀਬੀ ਜਗੀਰ ਕੌਰ ਨੂੰ ਆਪਣੀ ਵੱਡੀ ਭੈਣ, ਆਪਣੀ ਮਾਂ ਸਮਝਦਾ ਆ ਰਿਹਾ ਹਾਂ ਅਤੇ ਇਸੇ ਲਈ ਮੈਂ ਉਨ੍ਹਾਂ ਅੱਗੇ ਬਹੁਤ ਸਤਿਕਾਰ ਨਾਲ ਸਿਰ ਝੁਕਾਉਂਦਾ ਹਾਂ। ਮੈਂ ਉਨ੍ਹਾਂ ਦੀ ਠੋਡੀ ਨੂੰ ਛੂਹਿਆ ਜਿਵੇਂ ਅਸੀਂ ਆਪਣੀ ਭੈਣ ਜਾਂ ਮਾਂ ਨਾਲ ਕਰਦੇ ਹਾਂ।
ਦੱਸ ਦੇਈਏ ਕਿ ਜਲੰਧਰ ਲੋਕ ਸਭਾ ਸੀਟ ‘ਤੇ ਬੀਤੇ ਦਿਨੀਂ ਚਾਰ ਪ੍ਰਮੁੱਖ ਪਾਰਟੀਆਂ ਦੇ ਆਗੂਆਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ। ਜਿਸ ਵਿੱਚ ਕਾਂਗਰਸ, ਭਾਜਪਾ, ਅਕਾਲੀ ਦਲ ਅਤੇ ਬਸਪਾ ਸ਼ਾਮਲ ਹਨ ਪਰ ਉਸੇ ਹੀ ਦਿਨ ਚਰਨਜੀਤ ਚੰਨੀ ਅਤੇ ਅਕਾਲੀ ਦਲ ਦੀ ਸੀਨੀਅਰ ਆਗੂ ਬੀਬੀ ਜਗੀਰ ਕੌਰ ਦੀ ਮੁਲਾਕਾਤ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਕਾਫੀ ਵਾਇਰਲ ਹੋਈ ਹੈ।
ਇਸ ਵੀਡੀਓ ਵਿੱਚ ਚੰਨੀ ਪਹਿਲਾਂ ਬੀਬੀ ਜਗੀਰ ਕੌਰ ਨੂੰ ਝੁਕ ਕੇ ਪ੍ਰਣਾਮ ਕਰਦੇ ਹਨ ਤੇ ਫਿਰ ਜਾਣ ਵੇਲੇ ਉਨ੍ਹਾਂ ਦੀ ਠੋਡੀ ਨੂੰ ਛੂਹ ਕੇ ਮਜ਼ਾਕ ਕਰਦੇ ਹਨ। ਉਕਤ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਪਰ ਹੁਣ ਉਕਤ ਵੀਡੀਓ ਨੂੰ ਲੈ ਕੇ ਚਰਨਜੀਤ ਚੰਨੀ ਦਾ ਸਪੱਸ਼ਟੀਕਰਨ ਸਾਹਮਣੇ ਆਇਆ ਹੈ।