ਅੰਮਿ੍ਤਸਰ ਸ਼ਹਿਰ ਦੇ ਬੱਸ ਅੱਡੇ ਦਾ ਆਲੇ-ਦੁਆਲੇ ਹੁਣ ਰਾਤ ਵੇਲੇ ਬੇਸ਼ਰਮੀ ਦੀਆਂ ਹੱਦਾਂ ਬੰਨੇ ਟੱਪਣ ਦੀਆਂ ਖ਼ਬਰਾਂ ਮਿਲ ਰਹੀਆਂ ਹਨ, ਜਦੋਂ ਕਿ ਇੱਥੋਂ ਸ੍ਰੀ ਦਰਬਾਰ ਸਾਹਿਬ ਜਾਂਦੇ ਲਾਂਘੇ ‘ਤੇ ਕੁੜੀਆਂ ਰਾਹ ਮੱਲ ਕੇ ਖੜੀਆਂ ਹੁੰਦੀਆਂ ਹਨ ਤੇ ਸ਼ਰਧਾਲੂਆਂ ਤੇ ਯਾਤਰੂਆਂ ਨੂੰ ਨਾਲ ਚਲਣ ਲਈ ਇਸ਼ਾਰੇ ਕਰਦੀਆਂ ਹਨ | ਇਹ ਵੀ ਪਤਾ ਲੱਗਾ ਹੈ ਕਿ ਕੁਝ ਕੁੜੀਆਂ ਨਸ਼ਿਆਂ ਦੀ ਪੂਰਤੀ ਲਈ ਦੇਹ ਵਪਾਰ ਦਾ ਧੰਦਾ ਕਰਦੀਆਂ ਹਨ | ਬੀਤੀ ਰਾਤ ਕੁਝ ਸਮਾਜ ਸੇਵੀ ਜਥੇਬੰਦੀਆਂ ਤੇ ਹੋਰ ਸ਼ਰਧਾਲੂਆਂ ਵਲੋਂ ਅਜਿਹੀਆਂ ਕੁੜੀਆਂ ਦੀਆਂ ਵੀਡੀਓ ਵੀ ਬਣਾ ਲਈਆਂ ਗਈਆਂ ਤੇ ਇਹ ਵੀਡੀਓ ਵੀ ਕਾਫ਼ੀ ਵਾਇਰਲ ਹੋ ਗਈਆਂ | ਵੀਡੀਓ ਬਣਾਉਣ ਵੇਲੇ ਪੁੱਛੇ ਜਾਣ ‘ਤੇ ਕੁੜੀਆਂ ਨੇ ਦੱਸਿਆ ਕਿ ਉਹ ਨਸ਼ੇ ਕਰਦੀਆਂ ਹਨ ਤੇ ਨਸ਼ੇ ਦੀ ਪੂਰਤੀ ਲਈ ਉਨ੍ਹਾਂ ਨੂੰ ਮਜ਼ਬੂਰਨ ਦੇਹ ਵਪਾਰ ਕਰਨਾ ਪੈਂਦਾ ਹੈ | ਇਕ ਹੋਰ ਲੜਕੀ ਨੇ ਦੱਸਿਆ ਕਿ ਉਹ ਵੀ ਰਾਹ ‘ਚ ਖੜਦੀ ਹੈ, ਪਰ ਉਹ ਯਾਤਰੂਆਂ ਨੂੰ ਰੋਕਦੀ ਨਹੀਂ ਸਗੋਂ ਲੋਕ ਉਸਨੂੰ ਨਾਲ ਚਲਣ ਬਾਰੇ ਪੁੱਛਦੇ ਹਨ ਤੇ ਸ਼ੇਰਾਂ ਵਾਲੇ ਗੇਟ ਕੋਲ ਇਕ ਹੋਟਲ ‘ਚ ਲੈ ਜਾਂਦੇ ਹਨ |
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਹੋਰ ਲੜਕੀ ਦੀ ਵੀਡੀਓ ਵੀ ਵਾਇਰਲ ਹੋਈ ਸੀ ਜੋ ਕਿ ਲੋਕਾਂ ਨੂੰ ਨਾਲ ਚਲਣ ਨੂੰ ਕਹਿ ਰਹੀ ਸੀ ਅਤੇ ਬਾਅਦ ‘ਚ ਉਸਨੇ ਸ਼ਰਧਾਲੂਆਂ ਪਾਸੋਂ ਮੁਆਫੀ ਵੀ ਮੰਗ ਲਈ ਸੀ | ਲੜਕੀਆਂ ਦੀਆਂ ਬੇਸ਼ਰਮੀ ਵਾਲੀਆਂ ਵੀਡੀਓ ਜਿਸ ‘ਚ ਉਹ ਲੋਕਾਂ ਨੂੰ ਅਵਾਜ਼ ਲਗਾ ਰਹੀਆਂ ਹਨ, ਵੀਡੀਓ ਦੀ ਕਾਫ਼ੀ ਚਰਚਾ ਹੋ ਰਹੀ ਹੈ | ਇਸ ਨਾਲ ਪੁਲਿਸ ਦੀ ਕਾਰਗੁਜ਼ਾਰੀ ‘ਤੇ ਇਕ ਵਾਰ ਮੁੜ ਸਵਾਲੀਆ ਨਿਸ਼ਾਨ ਲੱਗ ਗਿਆ ਹੈ |