
ਵਿਨੋਦ ਬੰਟੀ ਨੇ 1 ਕਰੋੜ ਵਾਰੀ ਰਾਮ ਨਾਮ ਲਿਖਣ ਲਈ ਆਪਣੀ ਜ਼ਿੰਦਗੀ ਦੇ 20 ਸਾਲ ਲਗਾ ਦਿੱਤੇ, ਜੋ ਕਿ ਇੱਕ ਬਹੁਤ ਹੀ ਚੁਨੌਤੀ ਭਰਪੂਰ ਕੰਮ ਹੈ।
‘ਪ੍ਰਾਣ ਪ੍ਰਤਿਸ਼ਠਾ’ ਪ੍ਰੋਗਰਾਮ ਨੂੰ ਲੈ ਕੇ ਜਿਥੇ ਅਯੁੱਧਿਆ ਦੇ ਨਾਲ-ਨਾਲ ਭਾਰਤ ਰਾਮਮਈ ਹੋ ਗਿਆ, ਉਥੇ ਪੰਜਾਬ ‘ਚ ਵੀ ਲੋਕਾਂ ‘ਚ ਵੱਡੀ ਸ਼ਰਧਾ ਤੇ ਉਤਸ਼ਾਹ ਵੇਖਿਆ ਗਿਆ, ਜਿਥੇ ਲੋਕ ਰਾਮ ਦੇ ਨਾਮ ‘ਚ ਡੁੱਬੇ ਨਜ਼ਰ ਆਏ। ਰਾਮ ਭਗਤੀ ਦੀ ਅਜਿਹੀ ਹੀ ਇੱਕ ਮਿਸਾਲ ਜਲੰਧਰ (Jalandhar) ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਸ਼ਖਸ ਨੇ 1 ਕਰੋੜ ਵਾਰੀ ‘ਰਾਮ ਨਾਮ’ (Ram Naam) ਲਿਖਿਆ ਹੈ।
ਰਾਮ ਨਾਮ ਲਈ ਲੱਗੇ ਜ਼ਿੰਦਗੀ ਦੇ 20 ਸਾਲ
ਵਿਨੋਦ ਬੰਟੀ ਨਾਂ ਦਾ ਇਹ ਵਿਅਕਤੀ ਸ਼੍ਰੀ ਰਾਮ ਦਾ ਵੱਡਾ ਭਗਤ (Ram Bhagat) ਹੈ ਅਤੇ ਉਸ ਨੇ ਇਹ ਰਾਮ ਨਾਮ ਬਹੁਤ ਮਿਹਨਤ ਕੀਤੀ। ਵਿਨੋਦ ਬੰਟੀ ਨੇ 1 ਕਰੋੜ ਵਾਰੀ ਰਾਮ ਨਾਮ (Ram Dhun) ਲਿਖਣ ਲਈ ਆਪਣੀ ਜ਼ਿੰਦਗੀ ਦੇ 20 ਸਾਲ ਲਗਾ ਦਿੱਤੇ, ਜੋ ਕਿ ਇੱਕ ਬਹੁਤ ਹੀ ਚੁਨੌਤੀ ਭਰਪੂਰ ਕੰਮ ਹੈ। ਉਸ ਦੀ ਇਸ ਅਨੋਖੀ ਰਾਮ ਭਗਤੀ ਨੂੰ ਇੱਕ ਵੱਡੇ ਰਜਿਸਟਰ ਦੇ ਪੰਨਿਆਂ ‘ਚ ਉਕਰਿਆ ਹੋਇਆ ਦੇਖਿਆ ਜਾ ਸਕਦਾ ਹੈ। ਵਿਨੋਦ ਬੰਟੀ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੀ ਸਿਰਫ਼ ਇੱਕ ਹੀ ਇੱਛਾ ਸੀ ਕਿ ਜਦੋਂ ਅਯੁੱਧਿਆ ‘ਚ ਰਾਮ ਮੰਦਰ ਬਣ ਜਾਵੇ ਤਾਂ ਉਹ ਇਸ ਵਿਸ਼ੇਸ਼ ਰਾਮ ਨਾਮ ਨੂੰ ਉਥੇ ਭੇਂਟ ਕਰਨਾ ਅਤੇ ਸਥਾਪਤ ਕਰਨ ਦਾ ਸੁਪਨਾ ਹੈ।
ਇਹ ਸੀ ਇਸ ਪਿੱਛੇ ਵੱਡੀ ਮਨਸ਼ਾ
ਵਿਨੋਦ ਬੰਟੀ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਉਹ ਇਸ ਤਰ੍ਹਾਂ ਦਾ ਰਾਮ ਭਗਤ ਵੀ ਬਣ ਜਾਵੇਗਾ। ਕਿਉਂਕਿ ਉਨ੍ਹਾਂ ਨੇ ਤਾਂ ਸਿਰਫ਼ ਪੰਡਿਤ ਕੋਲੋਂ ਕਿਸੇ ਕੰਮ ਲਈ ਉਪਾਅ ਮੰਗਿਆ ਸੀ। ਉਨ੍ਹਾਂ ਦੱਸਿਆ ਕਿ ਸਾਲ 2000 ਵਿੱਚ ਪੰਡਿਤ ਦੇ ਕਹੇ ਅਨੁਸਾਰ ਉਪਾਅ ਤਹਿਤ ਸਵਾ ਲੱਖ ਵਾਰੀ ਰਾਮ ਨਾਮ ਲਿਖਣ ਲਈ ਕਿਹਾ ਸੀ, ਪਰ ਪਤਾ ਨਹੀਂ ਕੀ ਹੋਇਆ ਕਿ ਉਨ੍ਹਾਂ ਨੂੰ ਇਸ ਦਾ ਸ਼ੌਕ ਪੈਦਾ ਹੋ ਗਿਆ ਤੇ ਲਿਖਣ ਦਾ ਇਹ ਸਿਲਸਿਲਾ ਅੱਜ ਤੱਕ ਜਾਰੀ ਹੈ।
1 ਕਰੋੜ 10 ਲੱਖ ਤੋਂ ਵੱਧ ਵਾਰੀ ਲਿਖਿਆ ‘ਰਾਮ ਨਾਮ’
ਭਗਵਾਨ ਰਾਮ ਦੇ ਇਸ ਅਨੋਖੇ ਭਗਤ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਨਾਮ ਲਿਖਦੇ ਹੋਏ 23 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਦਿਨ ਵਿੱਚ ਇੱਕ ਘੰਟਾ ਦੁਕਾਨ ਖੋਲ੍ਹਣ ਸਮੇਂ ਸਵੇਰੇ ਪੂਜਾ ਦੌਰਾਨ ਅਤੇ ਇੱਕ ਘੰਟਾ ਸ਼ਾਮ ਨੂੰ ਪੂਜਾ ਦੌਰਾਨ ਲਿਖਦੇ ਹਨ। ਇਸ ਸਮੇਂ ਦੌਰਾਨ ਘੱਟੋ ਘੱਟ 2100 ਵਾਰੀ ਰਾਮ ਨਾਮ ਲਿਖਦੇ ਹਨ, ਜੋ ਕਿ ਇੱਕ ਦਿਨ ਵਿੱਚ 4200 ਦੇ ਕਰੀਬ ਲਿਖਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਉਹ ਹੁਣ ਤੱਕ 1 ਕਰੋੜ 10 ਲੱਖ ਤੋਂ ਵੱਧ ਵਾਰੀ ਰਾਮ ਨਾਮ ਰਜਿਸਟਰਡਾਂ ਦੇ ਪੰਨਿਆਂ ‘ਤੇ ਲਿਖਦੇ ਆ ਰਹੇ ਹਨ, ਜੋ ਕਿ ਵਿਸ਼ੇਸ਼ ਤੌਰ ‘ਤੇ ਸੰਭਾਲੇ ਵੀ ਹੋਏ ਹਨ।
ਵਿਨੋਦ ਬੰਟੀ ਨੇ ਦੱਸਿਆ ਕਿ 51 ਲੱਖ ਵਾਰੀ ਲਿਖਿਆ ਰਾਮ ਨਾਮ ਨੂੰ ਉਹ ਸ਼ਹਿਰ ਦੇ ਸ਼ੇਖਾ ਬਾਜ਼ਾਰ ‘ਚ ਬਾਲਾਜੀ ਮੰਦਰ ਦੇ ਨੀਂਹ ਪੱਥਰ ਦੌਰਾਨ ਭੇਂਟ ਕਰ ਚੁੱਕੇ ਹਨ, ਜਦਕਿ 72 ਲੱਖ ਤੋਂ ਵੱਧ ਵਾਰੀ ਲਿਖਿਆ ਇਹ ਰਾਮ ਨਾਮ ਉਨ੍ਹਾਂ ਕੋਲ ਮੌਜੂਦ ਹੈ।