ਕਪੂਰਥਲਾ ਦੇ ਨੌਜਵਾਨ ਦੀ ਅਮਰੀਕਾ ‘ਚ ਗੋਲੀ ਮਾਰ ਕੇ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਿੰਡ ਢਪਈ ਦੇ ਵਸਨੀਕ ਪਰਮਵੀਰ ਸਿੰਘ ਦਾ ਅਮਰੀਕਾ ਵਿੱਚ ਇੱਕ ਵਿਅਕਤੀ ਵੱਲੋਂ ਸਿਰ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਪਰਮਵੀਰ ਦੇ ਪਿੰਡ ਅਤੇ ਘਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਦੇ ਨਾਲ ਹੀ ਬੇਟੇ ਦੀ ਮੌਤ ਕਾਰਨ ਸਦਮੇ ‘ਚ ਮਾਪਿਆਂ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਨੂੰ ਪਿੰਡ ਲਿਆਂਦਾ ਜਾ ਰਿਹਾ ਹੈ।
ਸੀਸੀਟੀਵੀ ਫੁਟੇਜ ਆਈ ਸਾਹਮਣੇ
ਦੂਜੇ ਪਾਸੇ ਜੋ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਉਸ ਵਿੱਚ ਵਿਅਕਤੀ ਨੇ ਆਪਣਾ ਮੂੰਹ ਢੱਕਿਆ ਹੋਇਆ ਹੈ। ਉਸ ਨੂੰ ਦੇਖ ਕੇ ਇੰਜ ਜਾਪਦਾ ਹੈ ਜਿਵੇਂ ਉਹ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣਾ ਚਾਹੁੰਦਾ ਹੋਵੇ ਪਰ ਉਹ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਪਰਮਵੀਰ ਨੂੰ ਮਾਰਨ ਲਈ ਸਟੋਰ ਤੱਕ ਪਹੁੰਚ ਗਿਆ ਸੀ। ਮੌਕਾ ਦੇਖ ਕੇ ਉਸ ਨੇ ਪਰਮਵੀਰ ਦੇ ਸਿਰ ‘ਤੇ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।