ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਭਾਲ ਲਗਾਤਾਰ ਤੀਜੇ ਦਿਨ ਵੀ ਜਾਰੀ ਹੈ। ਪੁਲਿਸ ਨੁੂੰ ਅੰਮ੍ਰਿਤਪਾਲ ਦੇ ਜਲੰਧਰ ਵਿਚ ਲੁਕੇ ਹੋਣ ਦਾ ਖਦਸ਼ਾ ਹੈ। ਜ਼ਿਲ੍ਹੇ ਦੀ ਸਾਰੀ ਐਂਟਰੀ ਅਤੇ ਐਗਜ਼ਿਟ ਪੁਆਇੰਟਸ ‘ਤੇ ਨਾਕਾਬੰਦੀ ਕਰ ਦਿੱਤੀ ਗਈ ਹੈ। ਅੰਮ੍ਰਿਤਪਾਲ ਦੇ ਪਿੰਡ ਜੱਲੂਖੇੜਾ ਵਿਚ ਵੀ ਫੋਰਸ ਤੈਨਾਤ ਹੈ।
ਜੰਮੂ ਕਸ਼ਮੀਰ ਅਤੇ ਹਿਮਾਚਲ ਨਾਲ ਲੱਗਦੀ ਪੰਜਾਬ ਦੀ ਸਰਹੱਦਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ।
ਅੰਮ੍ਰਿਤਪਾਲ ਦੇ ਚਾਚਾ ਅਤੇ ਡਰਾਈਵਰ ਨੇ ਦੇਰ ਰਾਤ ਪੁਲਿਸ ਦੇ ਸਾਹਮਣੇ ਸਰੰਡਰ ਕਰ ਦਿੱਤਾ। ਦੋਵਾਂ ਨੇ ਚਿੱਟੀ ਮਰਸਡੀਜ਼ ਕਾਰ ਦੇ ਨਾਲ ਸਰੰਡਰ ਕੀਤਾ ਹੈ। ਜਿਸ ਦੀ ਵਰਤੋਂ ਅੰਮ੍ਰਿਤਪਾਲ ਕਰਦਾ ਸੀ। ਹੁਣ ਤੱਕ 114 ਲੋਕਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਅੰਮ੍ਰਿਤਪਾਲ ਦੇ 4 ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਲਿਜਾਇਆ ਗਿਆ ਹੈ। ਇਸ ਵਿਚ ਉਨ੍ਹਾਂ ਦੇ ਫਾਇਨਾਂਸਰ ਦਲਜੀਤ ਸਿੰਘ ਕਲਸੀ ਵੀ ਸ਼ਾਮਲ ਹਨ।
ਅੰਮ੍ਰਿਤਪਾਲ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਵਾਰਿਸ ਪੰਜਾਬ ਦੇ ਕਾਨੂੰਨੀ ਸਲਾਹਕਾਰ ਇਮਾਨ ਸਿੰਘ ਨੇ ਐਤਵਾਰ ਨੂੰ ਹਾਈ ਕੋਰਟ ਵਿਚ ਅਪੀਲ ਕੀਤੀ। ਜਸਟਿਸ ਐਨਐਸ ਸ਼ਿਖਾਵਤ ਵਲੋਂ ਸੁਣਵਾਈ ਤੋਂ ਬਾਅਦ ਪੰਜਾਬ ਸਰਕਾਰ ਕੋਲੋਂ 21 ਮਾਰਚ ਤੱਕ ਜਵਾਬ ਮੰਗਿਆ ਗਿਆ ਹੈ।
ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਬੰਦ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦਾ ਟਵਿੱਟਰ ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਇਸ ਦੇ ਕਾਰਨ ਦੀ ਪੁਸ਼ਟੀ ਨਹੀਂ ਹੋ ਸਕੀ।
ਪਾਰਟੀ ਦੇ ਸੀਨੀਅਰ ਆਗੂ ਗੋਪਾਲ ਸਿੰਘ ਨੇ ਕਿਹਾ ਕਿ ਸੰਸਦ ਮੈਂਬਰ ਦਾ ਟਵਿੱਟਰ ਅਕਾਊਂਟ ਬੰਦ ਕਰਨਾ ਗੈਰ ਜਮਹੂਰੀਅਤ ਹੈ। ਉਨ੍ਹਾਂ ਕਿਹਾ ਕਿ ਜੇ ਸੰਸਦ ਮੈਂਬਰਾਂ ਦੇ ਹੀ ਅਕਾਊਂਟ ਬੰਦ ਕਰ ਦਿੱਤੇ ਜਾਣਗੇ ਤਾਂ ਲੋਕਾਂ ਦੀ ਆਵਾਜ਼ ਕੌਣ ਚੁੱਕੇਗਾ। ਇਸ ਮੁੱਦੇ ਨੂੰ ਸ੍ਰੀ ਮਾਨ ਲੋਕ ਸਭਾ ਵਿੱਚ ਚੁੱਕਣਗੇ।
ਪੰਜਾਬ ‘ਚ ਇੰਟਰਨੈੱਟ ਬੰਦ ਦੀ ਮਿਆਦ ਵਧਾਈ
ਮੰਗਲਵਾਰ ਦੁਪਹਿਰ 12 ਵਜੇ ਤਕ ਇੰਟਰਨੈੱਟ ਬੰਦ ਰਹੇਗਾ। ਦੱਸ ਦਈਏ ਕਿ ਅੰਮ੍ਰਿਤਪਾਲ ਦੀ ਤਲਾਸ਼ ਤੀਜੇ ਦਿਨ ਵੀ ਜਾਰੀ ਹੈ ਤੇ ਪੰਜਾਬ ਵਿਚ ਸੋਮਵਾਰ ਤੇ ਮੰਗਲਵਾਰ ਤਕ ਸਰਕਾਰੀ ਬੱਸਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਪੰਜਾਬ ਵਿਚ ਤੀਜੇ ਦਿਨ ਵੀ ਇੰਟਰਨੈੱਟ ਬੰਦ ਰੱਖਿਆ ਗਿਆ ਤੇ 24 ਘੰਟੇ ਹੋਰ ਅੱਗੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਹੈ ਤੇ ਹੁਣ 21 ਮਾਰਚ ਤਕ ਇਹ ਸੇਵਾ ਦੁਪਹਿਰ 12 ਵਜੇ ਤਕ ਬੰਦ ਰਹੇਗੀ। TEXT ਮੈਸੇਜ ਭੇਜਣੇ ਵੀ ਬੰਦ ਰਹਿਣਗੇ।