ਲੁਧਿਆਣਾ ਗੈਸ ਲੀਕ ਕਾਂਡ, 3 ਪਰਿਵਾਰਾਂ ਲਈ ਕਾਲ ਬਣਿਆ ਐਤਵਾਰ,11 ਮੌਤਾਂ, ਕਪੂਰਥਲਾ ‘ਚ ਕੋਲਡ ਸਟੋਰ ਹੋਈ ਗੈਸ ਲੀਕ, ਪਿਆ ਭੜਥੂ
ਲੁਧਿਆਣਾ ਦੇ ਗਿਆਸਪੁਰਾ ਵਿੱਚ ਸਵੇਰੇ ਗੈਸ ਲੀਕ ਹੋਣ ਕਾਰਨ ਹਫੜਾ-ਦਫੜੀ ਮੱਚ ਗਈ। ਗਿਆਸਪੁਰਾ ਇਲਾਕੇ ਦੇ ਸੂਆ ਰੋਡ ‘ਤੇ ਹੋਏ ਇਸ ਹਾਦਸੇ ‘ਚ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਵਿੱਚ ਤਿੰਨ ਬੱਚੇ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਮਰਨ ਵਾਲਿਆਂ ਦੇ ਵਾਰਸਾਂ ਅਤੇ ਜ਼ਖਮੀਆਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈਵਾਲੀ ਆਪ ਸਰਕਾਰ ਵੱਲੋਂ ਮੁਆਵਜ਼ੇ ਰਾਸ਼ੀ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਹੁਣ ਰਾਤ ਸਮੇ ਕਪੂਰਥਲਾ ਦੇ ਪਿੰਡ ਭਾਨੋ ਲੰਗਾ ਦੇ ਇਕ ਸਟੋਰ ਚ ਗੈਸ ਲੀਕ ਹੋਣ ਨਾਲ 3 ਲੋਕਾਂ ਦੇ ਬੇਹੋਸ਼ ਹੋਣ ਦਾ ਪਤਾ ਲਗਾ ਹੈ ਪਰ ਅਜੇ ਕੋਈ ਪੁਸ਼ਟੀ ਨਹੀਂ ਹੋਈ
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਜਾਨ ਗੁਆਉਣ ਵਾਲਿਆਂ ਨੂੰ 2-2 ਲੱਖ ਰੁਪਏ ਦਿੱਤੇ ਜਾਣਗੇ। ਇਸ ਦੇ ਨਾਲ ਹੀ ਜ਼ਖਮੀਆਂ ਨੂੰ 50 ਹਜ਼ਾਰ ਦੀ ਸਹਾਇਤਾ ਦਿੱਤੀ ਜਾਵੇਗੀ। ਦੂਜੇ ਪਾਸੇ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਸਰਕਾਰ ਵੱਲੋਂ ਬਿਲਕੁਲ ਮੁਫ਼ਤ ਕੀਤਾ ਜਾਵੇਗਾ।
ਫਾਇਰ ਬ੍ਰਿਗੇਡ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ ਅਤੇ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਇੱਥੋਂ ਪੁਲਿਸ ਆਰਤੀ ਕਲੀਨਿਕ ਅਤੇ ਕਰਿਆਨੇ ਦੀ ਦੁਕਾਨ ਵਾਲੇ ਲੋਕਾਂ ਨੂੰ ਸਿਵਲ ਹਸਪਤਾਲ ਲੈ ਗਈ।
ਹਾਦਸੇ ‘ਚ ਆਰਤੀ ਕਲੀਨਿਕ ਚਲਾਉਣ ਵਾਲੇ ਅਭਿਲਾਸ਼ ਕੁਮਾਰ, ਉਨ੍ਹਾਂ ਦੀ ਪਤਨੀ ਵਰਮਾ ਦੇਵੀ, ਬੇਟੀ ਕਲਪਨਾ, ਬੇਟੇ ਅਭੈ ਅਤੇ 9 ਸਾਲਾ ਬੇਟੇ ਨਰਾਇਣ ਦੀ ਮੌਤ ਹੋ ਗਈ ਹੈ। ਅਭਿਲਾਸ਼ ਦੇ ਭਰਾ ਨੇ ਦੱਸਿਆ ਕਿ ਐਤਵਾਰ ਹੋਣ ਕਰਕੇ ਪਰਿਵਾਰ ਦੇ ਸਾਰੇ ਮੈਂਬਰ ਦੇਰ ਤੱਕ ਸੌਂ ਰਹੇ ਸਨ ਅਤੇ ਉਹ ਸੁੱਤੇ ਹੀ ਬੇਹੋਸ਼ ਹੋ ਗਏ। ਦੂਜੇ ਪਾਸੇ ਗੋਇਲ ਡੇਅਰੀ ਦੇ ਮਾਲਕ ਗੌਰਵ ਗੋਇਲ ਹਸਪਤਾਲ ਵਿੱਚ ਦਾਖਲ ਹਨ, ਜਦਕਿ ਸੌਰਭ ਗੋਇਲ, ਉਸ ਦੀ ਮਾਂ ਕੀਰਤੀ ਗੋਇਲ ਅਤੇ ਇੱਕ 8 ਸਾਲਾਂ ਬੱਚੇ ਦੀ ਮੌਤ ਹੋ ਗਈ ਹੈ।
ਲੁਧਿਆਣਾ ਦੀ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਹੁਣ ਤੱਕ 11 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਹ ਘਟਨਾ ਹਵਾ ਪ੍ਰਦੂਸ਼ਣ ਕਾਰਨ ਵਾਪਰੀ ਹੈ। ਅਜਿਹਾ ਹੋ ਸਕਦਾ ਹੈ ਕਿ ਮੈਨਹੋਲ ਵਿੱਚ ਮਿਲੀ ਮੀਥੇਨ ਗੈਸ ਨਾਲ ਕਿਸੇ ਕੈਮੀਕਲ ਨੇ ਪ੍ਰਤੀਕਿਰਿਆ ਕੀਤੀ ਹੋਵੇ। ਇਸ ਸਭ ਦੀ ਜਾਂਚ ਕੀਤੀ ਜਾਵੇਗੀ ਕਿ ਇਹ ਹਾਦਸਾ ਕਿਵੇਂ ਵਾਪਰਿਆ। NDRF ਦੀ ਟੀਮ ਸੈਂਪਲ ਲੈ ਰਹੀ ਹੈ।
ਲੁਧਿਆਣਾ ਗੈਸ ਲੀਕ ਨਾਲ ਮਰਨ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ। ਇਸ ਵਿੱਚ ਕਵੀਲਾਸ਼ (37), ਪਤਨੀ ਵਰਸ਼ਾ (35), ਬੇਟੀ ਕਲਪਨਾ (16), ਅਭੈ (13) ਅਤੇ ਆਰੀਅਨ (10) ਸ਼ਾਮਲ ਹਨ। ਇਹ ਸਾਰੇ ਮੂਲ ਰੂਪ ਵਿੱਚ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਪਿੰਡ ਭੀਮਪੁਰ ਮਾਂਜੀਵਾ, ਥਾਣਾ ਕੋਂਚ ਦੇ ਰਹਿਣ ਵਾਲੇ ਹਨ। ਇਹ ਪਰਿਵਾਰ ਪਿਛਲੇ 30 ਸਾਲਾਂ ਤੋਂ ਗਿਆਸਪੁਰਾ ਲੁਧਿਆਣਾ ਵਿਖੇ ਰਹਿ ਰਿਹਾ ਹੈ।
ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਸੌਰਵ ਗੋਇਲ (35), ਪਤਨੀ ਪ੍ਰੀਤੀ (31), ਮਾਂ ਕਮਲੇਸ਼ ਗੋਇਲ (60) ਦੀ ਵੀ ਮੌਤ ਹੋ ਗਈ ਹੈ। ਇਹ ਸਾਰੇ ਗਿਆਸਪੁਰਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਨਵਨੀਤ (39), ਪਤਨੀ ਨੀਤੂ ਦੇਵੀ (37) ਦੀ ਵੀ ਦਮ ਘੁੱਟਣ ਕਾਰਨ ਮੌਤ ਹੋ ਗਈ। ਇਹ ਸਾਰੇ ਮੂਲ ਵਾਸੀ ਪਿੰਡ ਸ਼ੀਤਲ ਬਕੁਰਹਾਰ, ਥਾਣਾ ਸਰਾਏ, ਵੈਸ਼ਾਲੀ, ਬਿਹਾਰ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਇੱਕ ਅਣਪਛਾਤੀ ਔਰਤ (25 ਸਾਲ ਦੇ ਕਰੀਬ) ਦੀ ਵੀ ਮੌਤ ਹੋ ਗਈ ਹੈ।