
ਆਮ ਆਦਮੀ ਪਾਰਟੀ ਦੀ ਮੋਗਾ ਵਿੱਚ ਰੈਲੀ ਤੋਂ ਪਹਿਲਾਂ ਉਸ ਸਮੇਂ ਵੱਡੀ ਘਟਨਾ ਵਾਪਰ ਗਈ, ਜਦੋਂ ਇੱਕ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕੇ ਇੱਕ ਕੌਫੀ ਵਾਲੀ ਮਸ਼ੀਨ ਵਿੱਚ ਹੋਇਆ, ਜਿਸ ਕਾਰਨ ਸ਼ਖਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਪਿੰਡ ਨੱਥੂਆਣਾ ਵਿਖੇ ਰੈਲੀ ਲਈ ਆਮ ਆਦਮੀ ਪਾਰਟੀ ਵੱਲੋਂ ਅੱਜ ਖੁਸ਼ਹਾਲ ਰੈਲੀ ਕੀਤੀ ਜਾਣੀ ਹੈ, ਜਿਥੇ ਟੈਂਟ ਆਦਿ ਲਗਾਇਆ ਗਿਆ। ਇਥੇ ਸਥਾਪਤ ਕੀਤੇ ਗਏ ਆਰਜੀ ਮੀਡੀਆ ਫੂਡ ਸੈਂਟਰ ‘ਚ ਇੱਕ ਕੌਫੀ ਵਾਲੀ ਮਸ਼ੀਨ ਲਗਾਈ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਜਦੋਂ ਕੌਫੀ ਬਣਾ ਰਿਹਾ ਸੀ ਤਾਂ ਅਚਾਨਕ ਧਮਾਕਾ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਮਸ਼ੀਨ ਵਿੱਚ ਪ੍ਰੈਸ਼ਰ ਵਧਣ ਕਾਰਨ ਘਟਨਾ ਵਾਪਰੀ ਹੈ, ਜਿਸ ਕਾਰਨ ਆਸ ਪਾਸ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਰੈਲੀ ਤੋਂ ਪਹਿਲਾਂ ਚੱਲੀਆਂ ਗੋਲੀਆਂ, 70 ਸਾਲਾ ਬਜ਼ੁਰਗ ਦਾ ਕਤਲ
ਮੋਗਾ ਸ਼ਹਿਰ ਵਿੱਚ ਦੇਰ ਰਾਤ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਤਾਂਗੇ ਵਾਲੀ ਗਲੀ ਵਿੱਚ ਇੱਕ 70 ਸਾਲਾ ਬਜ਼ੁਰਗ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਕੁਲਦੀਪ ਸਿੰਘ ਵਜੋਂ ਹੋਈ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪਰਿਵਾਰਕ ਮੈਂਬਰਾਂ ਵੱਲੋਂ ਇਸ ਕਤਲ ਦੇ ਦੋਸ਼ ਕਿਸੇ ਹੋਰ ’ਤੇ ਨਹੀਂ, ਸਗੋਂ ਮ੍ਰਿਤਕ ਦੇ ਆਪਣੇ ਹੀ ਪੁੱਤਰ ਹੈਪੀ ’ਤੇ ਲਗਾਏ ਜਾ ਰਹੇ ਹਨ।
ਜਾਣਕਾਰੀ ਮੁਤਾਬਕ, ਇਹ ਵਾਰਦਾਤ ਬੀਤੀ ਦੇਰ ਰਾਤ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸਿੰਘ ਨੂੰ ਪੇਟ ਵਿੱਚ ਗੋਲੀ ਮਾਰੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਅਤੇ ਇਲਾਕੇ ਦੇ ਲੋਕ ਵੀ ਘਟਨਾ ਵਾਲੀ ਥਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਕੁਲਦੀਪ ਸਿੰਘ ਦੇ ਪੁੱਤਰ ਹੈਪੀ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪਰਿਵਾਰ ਨੇ ਇਹ ਵੀ ਇਲਜ਼ਾਮ ਲਗਾਏ ਹਨ ਕਿ ਹੈਪੀ ਨਸ਼ੇ ਦਾ ਆਦੀ ਸੀ ਅਤੇ ਅਕਸਰ ਆਪਣੇ ਪਿਤਾ ਕੁਲਦੀਪ ਸਿੰਘ ਤੋਂ ਪੈਸਿਆਂ ਦੀ ਮੰਗ ਕਰਦਾ ਰਹਿੰਦਾ ਸੀ। ਪੈਸਿਆਂ ਨੂੰ ਲੈ ਕੇ ਘਰ ਵਿੱਚ ਅਕਸਰ ਤਕਰਾਰ ਰਹਿਣ ਦੀ ਗੱਲ ਵੀ ਪਰਿਵਾਰ ਵੱਲੋਂ ਸਾਹਮਣੇ ਰੱਖੀ ਗਈ ਹੈ। ਰੈਲੀ ਤੋਂ ਪਹਿਲਾਂ ਅਜਿਹੀ ਘਟਨਾ ਮੁੜ ਮੋਗਾ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕ ਰਹੀ ਹੈ।
ਆਮ ਆਦਮੀ ਪਾਰਟੀ (AAP) ਵੱਲੋਂ 26 ਨਵੰਬਰ ਨੂੰ ਮੋਗਾ ਵਿਖੇ ਆਯੋਜਿਤ ਕੀਤੀ ਜਾਣ ਵਾਲੀ ‘ਪੰਜਾਬ ਖੁਸ਼ਹਾਲ ਰੈਲੀ’ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਅਧਿਆਏ ਸਾਬਤ ਹੋਵੇਗੀ। ਪਾਰਟੀ ਦੇ ਇੱਕ ਆਗੂ ਨੇ ਬੁੱਧਵਾਰ ਨੂੰ ਇੱਥੇ ਦੱਸਿਆ ਕਿ, ਇਸ ਰੈਲੀ ਦੌਰਾਨ ਪਾਰਟੀ ਆਪਣਾ ਪੰਜ ਸਾਲਾਂ ਦਾ ਰਿਪੋਰਟ ਕਾਰਡ ਪੇਸ਼ ਕਰੇਗੀ, ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰੇਗੀ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਮੁਹਿੰਮ ਦੀ ਰਸਮੀ ਸ਼ੁਰੂਆਤ ਕਰੇਗੀ।
![]()
ਆਮ ਆਦਮੀ ਪਾਰਟੀ ਵੱਲੋਂ 26 ਨਵੰਬਰ ਨੂੰ ਪਿੰਡ ਮਟਵਾਣੀ ਵਿਖੇ ਪਾਰਟੀ ਦੇ ਸਥਾਪਨਾ ਦਿਵਸ ਮੌਕੇ ਕਰਵਾਈ ਜਾ ਰਹੀ ਸੂਬਾ ਪੱਧਰੀ ਵਿਸ਼ਾਲ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਪਾਰਟੀ ਦੇ ਪੰਜਾਬ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਰੈਲੀ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਿਹਾ ਕਿ ਰੈਲੀ ਦੀਆਂ ਤਿਆਰੀਆਂ ਹਰ ਪੱਖੋਂ ਮੁਕੰਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਇਹ ਰੈਲੀ ਪੰਜਾਬ ਦੀਆਂ ਸਭ ਤੋਂ ਵੱਡੀਆਂ ਰੈਲੀਆਂ ਵਿੱਚੋਂ ਇੱਕ ਹੋਵੇਗੀ।
116 ਏਕੜ ਜ਼ਮੀਨ ‘ਚ ਤਿਆਰ ਕੀਤਾ ਗਿਆ ਰੈਲੀ ਵਾਲਾ ਪੰਡਾਲ
ਰੈਲੀ ਨੂੰ ਲੈ ਕੇ ਪਿੰਡ ਮਟਵਾਣੀ ‘ਚ ਕਰੀਬ 116 ਏਕੜ ਜ਼ਮੀਨ ‘ਤੇ ਵੱਡੇ ਪੱਧਰ ‘ਤੇ ਪ੍ਰਬੰਧ ਕੀਤੇ ਗਏ ਹਨ। ਪਾਰਟੀ ਆਗੂਆਂ ਮੁਤਾਬਕ ਸਮਾਗਮ ‘ਚ ਇੱਕ ਲੱਖ ਤੋਂ ਵੱਧ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ, ਜਦਕਿ ਕੁਝ ਆਗੂਆਂ ਵੱਲੋਂ ਇਹ ਗਿਣਤੀ ਡੇਢ ਲੱਖ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਇੰਨੀ ਵੱਡੀ ਗਿਣਤੀ ‘ਚ ਲੋਕਾਂ ਦੇ ਪਹੁੰਚਣ ਦੀ ਸੰਭਾਵਨਾ ਨੂੰ ਦੇਖਦਿਆਂ ਬੈਠਣ, ਪੀਣ ਵਾਲੇ ਪਾਣੀ, ਖਾਣੇ ਤੇ ਪਖਾਨਿਆਂ ਸਮੇਤ ਹੋਰ ਜ਼ਰੂਰੀ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ।












