
ਬਾਬਾ ਬਕਾਲਾ ਸਾਹਿਬ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਹਨ। ਜਾਣਕਾਰੀ ਅਨੁਸਾਰ ਜੁਡੀਸ਼ੀਅਲ ਮੈਜਿਸਟਰੇਟ ਬਿਕਰਮਦੀਪ ਸਿੰਘ ਦੀ ਅਦਾਲਤ ਵਿੱਚ ਸੰਪੂਰਨ ਸਿੰਘ ਮੱਕੜ ਬਨਾਮ ਦਲਬੀਰ ਸਿੰਘ ਟੌਂਗ ਦਾ ਕੇਸ ਚੱਲ ਰਿਹਾ ਸੀ।
ਅਦਾਲਤ ਵੱਲੋਂ ਇਸ ਸਬੰਧਤ ਵਿਧਾਇਕ ਨੂੰ ਪੁਲਿਸ ਰਾਹੀਂ 5 ਵਾਰ ਵਾਰੰਟ ਭੇਜੇ ਗਏ ਪਰ ਉਕਤ ਵਿਧਾਇਕ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਥਾਣਾ ਬਿਆਸ ਦੇ ਐੱਸ. ਐੱਚ. ਓ. ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕੇ ਉਹ ਵਿਧਾਇਕ ਟੌਂਗ ਨੂੰ ਗ੍ਰਿਫ਼ਤਾਰ ਕਰ ਕੇ 17 ਫਰਵਰੀ, 2024 ਨੂੰ ਪੇਸ਼ ਕਰੇ। ਇਸ ਮਾਮਲੇ ਸਬੰਧੀ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਇਹ ਇਕ ਬਹੁਤ ਪੁਰਾਣਾ ਕੇਸ ਹੈ। ਜਿਸ ‘ਚ ਉਨ੍ਹਾਂ ਦਾ ਰਾਜ਼ੀਨਾਮਾ ਵੀ ਹੋ ਚੁੱਕਾ ਹੈ, ਉਹ ਅਦਾਲਤ ਦੇ ਹੁਕਮ ਦਾ ਸਤਿਕਾਰ ਕਰਦੇ ਹਨ।