ਆਮ ਆਦਮੀ ਪਾਰਟੀ (Aam Aadmi Party) ਦੇ ਜ਼ਿਲ੍ਹਾ ਵਪਾਰ ਮੰਡਲ ਦੇ ਸੰਯੁਕਤ ਸਕੱਤਰ ਵਿਕਰਮ ਧਵਨ (Vikram Dhawan) ਨੇ ਆਪਣੀ ਹੀ ਪਾਰਟੀ ਦੇ ਵਿਧਾਇਕ ਦੇ ਪੀਏ ‘ਤੇ ਚੌਕੀ ਇੰਚਾਰਜ ਤੋਂ ਪੈਸੇ ਮੰਗਣ ਦਾ ਦੋਸ਼ ਲਾਇਆ ਹੈ।
ਜਿਸ ਲਈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ‘ਤੇ ਸ਼ਿਕਾਇਤ ਕੀਤੀ ਹੈ। ਜਿਸ ਦੇ ਜਵਾਬ ਵਿੱਚ ਸ਼ਿਕਾਇਤ ਨੰਬਰ (2MJM29) ਦਰਜ ਕੀਤਾ ਗਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਵਿਕਰਮ ਧਵਨ ਵਾਸੀ ਵਾਰਡ ਨੰ-4 ਬਲਟਾਣਾ ਜੋ ਕਿ ਇਸ ਵਾਰਡ ਵਿੱਚ ਆਮ ਆਦਮੀ ਪਾਰਟੀ ਦੇ ਇੰਚਾਰਜ ਹਨ, ਨੇ ਦੋਸ਼ ਲਾਇਆ ਕਿ ਜਦੋਂ ਬਰਮਾ ਸਿੰਘ ਬਲਟਾਣਾ ਚੌਕੀ ਦਾ ਇੰਚਾਰਜ ਸੀ ਤਾਂ ਉਸ ਦਾ ਇੱਕ ਕੇਸ ਪੁਲਿਸ ਸਟੇਸ਼ਨ ‘ਚ ਚੱਲ ਰਿਹਾ ਸੀ। ਇਸ ਦੌਰਾਨ ਬਰਮਾ ਸਿੰਘ ਨੂੰ ਅਚਾਨਕ ਚੌਕੀ ਇੰਚਾਰਜ ਤੋਂ ਹਟਾ ਕੇ ਜ਼ੀਰਕਪੁਰ ਥਾਣੇ ਵਿੱਚ ਤਬਦੀਲ ਕਰ ਦਿੱਤਾ ਗਿਆ। ਵਿਕਰਮ ਧਵਨ ਨੇ ਬਰਮਾ ਸਿੰਘ ਨੂੰ ਆਪਣੇ ਮਾਮਲੇ ਦੀ ਜਾਣਕਾਰੀ ਲੈਣ ਲਈ ਫੋਨ ਕੀਤਾ, ਜਿਸ ‘ਚ ਬਰਮਾ ਸਿੰਘ ਨੇ ਵਿਕਰਮ ਧਵਨ ਨੂੰ ਮਾਮਲੇ ਦੀ ਜਾਣਕਾਰੀ ਦੇਣ ਤੋਂ ਬਾਅਦ ਵਿਧਾਇਕ ਵੱਲੋਂ ਪੀ.ਏ ਭੇਜ ਕੇ ਪੈਸੇ ਮੰਗਣ ਲਈ ਕਿਹਾ।
ਵਿਕਰਮ ਧਵਨ ਅਤੇ ਬਰਮਾ ਸਿੰਘ ( Barma Singh) ਵਿਚਾਲੇ ਹੋਈ ਗੱਲਬਾਤ ਦੌਰਾਨ ਵਿਧਾਇਕ ਰੰਧਾਵਾ ਦੇ ਪੀਏ ਨਿਤਿਨ ਲੂਥਰਾ ਨੇ ਇੱਕ ਲੱਖ ਰੁਪਏ ਮੰਗੇ ਅਤੇ ਜਦੋਂ ਪੈਸੇ ਨਹੀਂ ਦਿੱਤੇ ਤਾਂ ਟਰਾਂਸਫਰ ਕਰਨ ਦੀ ਗੱਲ ਵੀ ਕਹੀ ਗਈ ਹੈ। ਇਸ ਗੱਲਬਾਤ ਦੀ ਆਡੀਓ ਰਿਕਾਰਡਿੰਗ ਵਿਕਰਮ ਧਵਨ ਕੋਲ ਮੌਜੂਦ ਹੈ, ਜੋ ਉਸ ਨੇ ਸਬੂਤ ਵਜੋਂ ਆਪਣੀ ਸ਼ਿਕਾਇਤ ਦੇ ਨਾਲ ਭੇਜੀ ਹੈ।
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਮੇਰਾ ਵਰਕਰ ਪੈਸੇ ਨਹੀਂ ਮੰਗ ਸਕਦਾ। ਰੰਧਾਵਾ ਨੇ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਕਾਰਵਾਈ ਕਰਾਂਗੇ ਅਤੇ ਪਰਚਾ ਦਰਜ ਕਰਾਉਣਗੇ।