Punjab

ਇਨਸਾਨੀਅਤ ਸ਼ਰਮਸਾਰ: ਨੌਜੁਆਨ ਕੁੜੀ ਦੇ ਥਾਣੇ ‘ਚ ਕਪੜੇ ਲਾਹ ਕੇ 4 ਪੁਲਿਸ ਵਾਲਿਆਂ ਨੇ ਲਗਾਇਆ ਕਰੰਟ

ਗੁਰਦਾਸਪੁਰ ਤੋਂ ਇਕ ਰੂਹ ਕੰਬਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿਤਾ ਹੈ। ਦਸਿਆ ਜਾ ਰਿਹਾ ਹੈ ਕਿ ਇਥੇ ਇਕ ਜੱਜ ਦੇ ਘਰ ਹੋਈ ਚੋਰੀ ਦੇ ਇਲਜ਼ਾਮ ਵਿਚ ਉਨ੍ਹਾਂ ਦੇ ਘਰ ਝਾੜੂ-ਪੋਚੇ ਦਾ ਕੰਮ ਕਰਦੀ ਇਕ ਨੌਜੁਆਨ ਕੁੜੀ ‘ਤੇ ਪੁਲਿਸ ਮੁਲਾਜ਼ਮਾਂ ਵਲੋਂ ਤੀਜੇ ਦਰਜੇ ਦਾ ਤਸ਼ੱਦਦ ਢਾਹਿਆ ਗਿਆ ਹੈ।

 

ਪੀੜਤ ਲੜਕੀ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ਜਿਥੇ ਉਸ ਨੇ ਮੀਡੀਆ ਨਾਲ ਗਲਬਾਤ ਦੌਰਾਨ ਦਸਿਆ ਕਿ ਚਾਰ ਪੁਲਿਸ ਮੁਲਾਜ਼ਮਾਂ ਵਲੋਂ ਉਸ ਨੂੰ ਥਾਣੇ ਲਿਜਾ ਕੇ ਕੁੱਟਿਆ-ਮਾਰਿਆ ਗਿਆ, ਉਸ ਦੇ ਕਪੜੇ ਉਤਾਰੇ ਗਏ ਅਤੇ ਛਾਤੀਆਂ ‘ਤੇ ਕਰੰਟ ਵੀ ਲਗਾਇਆ ਗਿਆ। ਪੀੜਤ ਦਾ ਕਹਿਣਾ ਹੈ ਕਿ ਮੌਕੇ ‘ਤੇ ਕੋਈ ਵੀ ਮਹਿਲਾ ਪੁਲਿਸ ਮੁਲਾਜ਼ਮ ਮੌਜੂਦ ਨਹੀਂ ਸੀ ਸਗੋਂ ਸਾਰੇ ਪੁਰਸ਼ ਮੁਲਾਜ਼ਮ ਸਨ ਜਿਨ੍ਹਾਂ ਨੇ ਉਸ ਨੂੰ ਚੋਰੀ ਦਾ ਜੁਰਮ ਕਬੂਲਣ ਲਈ ਜ਼ੋਰ ਪਾਇਆ ਗਿਆ ਅਤੇ ਤੀਜੇ ਦਰਜੇ ਦਾ ਤਸ਼ੱਦਦ ਕੀਤਾ ਗਿਆ।

ਲੜਕੀ ਦਾ ਕਹਿਣਾ ਹੈ ਕਿ ਉਸ ਨੇ ਕੋਈ ਵੀ ਚੋਰੀ ਨਹੀਂ ਕੀਤੀ ਅਤੇ ਉਨ੍ਹਾਂ ਦੇ ਘਰੋਂ ਲਈ ਗਈ ਤਲਾਸ਼ੀ ਦੌਰਾਨ ਵੀ ਕੁੱਝ ਬਰਾਮਦ ਨਹੀਂ ਹੋਇਆ ਹੈ। ਇਸ ਮੌਕੇ ਪੀੜਤ ਦੀ ਮਾਂ ਨੇ ਦਸਿਆ ਕਿ ਲੜਕੀ ਕਰੀਬ ਇਕ ਸਾਲ ਤੋਂ ਇਕ ਜੱਜ ਦੇ ਘਰ ਕੰਮ ਕਰਦੀ ਸੀ ਅਤੇ ਦੋ ਦਿਨ ਪਹਿਲਾਂ ਜੱਜ ਸਾਹਬ ਨੇ ਫ਼ੋਨ ਕਰ ਕੇ ਉਸ ਦੀ ਧੀ ਨੂੰ ਕੰਮ ਲਈ ਬੁਲਾਇਆ ਸੀ ਪਰ ਕਰੀਬ ਸਾਢੇ ਕੁ ਗਿਆਰਾਂ ਵਜੇ ਉਸ ਨੂੰ ਮੁੜ ਫ਼ੋਨ ਕਾਲ ਪ੍ਰਾਪਤ ਹੋਈ ਅਤੇ ਪਤਾ ਲੱਗਾ ਕਿ ਲੜਕੀ ਨੂੰ ਥਾਣੇ ਲਿਜਾਇਆ ਗਿਆ ਹੈ। ਜਦੋਂ ਉਹ ਥਾਣੇ ਪਹੁੰਚੇ ਤਾਂ ਉਨ੍ਹਾਂ ਨੂੰ ਲੜਕੀ ਨੂੰ ਮਿਲਣ ਨਹੀਂ ਦਿਤਾ ਗਿਆ।

ਔਰਤ ਨੇ ਦਸਿਆ ਕਿ ਪੁਲਿਸ ਵਾਲੇ ਉਸ ਦੀ ਧੀ ਨੂੰ ਨਾਲ ਲੈ ਕੇ ਆਏ ਅਤੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਗਈ ਪਰ ਮੁਲਾਜ਼ਮਾਂ ਨੂੰ ਕੁੱਝ ਵੀ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਦਸਿਆ ਕਿ ਇਸ ਮੌਕੇ ਸਾਡਾ ਗੁਆਂਢ ਅਤੇ ਸਰਪੰਚ ਵੀ ਮੌਜੂਦ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਲੜਕੀ ਨੂੰ ਘਰ ਅਤੇ ਫਿਰ ਗੱਡੀ ਵਿਚ ਬਿਠਾ ਕੇ ਵੀ ਬੁਰੀ ਤਰ੍ਹਾਂ ਕੁੱਟਿਆ ਅਤੇ ਦੋ ਦਿਨ ਤਕ ਥਾਣੇ ਵਿਚ ਵੀ ਰਖਿਆ ਗਿਆ। ਪਿੰਡ ਵਾਸੀਆਂ ਨੇ ਇਸ ਹਰਕਤ ਨੂੰ ਅਤਿ ਨਿੰਦਣਯੋਗ ਕਰਾਰ ਦਿੰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਅਜਿਹੀ ਘਟੀਆ ਹਰਕਤ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਤੁਰਤ ਨੌਕਰੀ ਤੋਂ ਹਟਾਇਆ ਜਾਵੇ।

ਪੁਲਿਸ ਮੁਲਾਜ਼ਮ ਨੇ ਦਸਿਆ ਕਿ ਇਹ ਲੜਕੀ ਇਕ ਜੱਜ ਦੇ ਘਰ ਕੰਮ ਕਰਦੀ ਹੈ। ਕੋਰਟ ਵਿਚ ਛੁੱਟੀਆਂ ਦੌਰਾਨ ਜੱਜ ਸਾਹਬ ਘਰ ਵਿਚ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਨੇ ਲੜਕੀ ਨੂੰ ਕੰਮ ‘ਤੇ ਆਉਣ ਤੋਂ ਵੀ ਰੋਕਿਆ ਸੀ ਪਰ ਇਹ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿਚ ਵੀ ਕੰਮ ‘ਤੇ ਆਉਂਦੀ ਰਹੀ। ਇਸ ਬਾਰੇ ਪੁੱਛਣ ‘ਤੇ ਵੀ ਲੜਕੀ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਇਸ ਤੋਂ ਬਾਅਦ ਜਦੋਂ ਜੱਜ ਸਾਹਬ ਨੂੰ ਚੋਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਘਰ ਆ ਕੇ ਦੇਖਿਆ ਅਤੇ ਉਨ੍ਹਾਂ ਦੇ ਕੁੱਝ ਪੈਸੇ ਅਤੇ ਸੋਨਾ ਗਾਇਬ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ‘ਤੇ ਇਲਜ਼ਾਮ ਲਗਦੇ ਹਾਂ ਤਾਂ ਪੁਛਗਿਛ ਲਾਜ਼ਮੀ ਹੁੰਦੀ ਹੈ ਪਰ ਲੜਕੀ ਨਾਲ ਕਿਸੇ ਤਰ੍ਹਾਂ ਦੀ ਵੀ ਸਖ਼ਤੀ ਨਹੀਂ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਉਕਤ ਲੜਕੀ ਵਿਰੁੱਧ ਜੱਜ ਸਾਹਬ ਵਲੋਂ ਪਰਚਾ ਦਰਜ ਕਰਵਾਇਆ ਗਿਆ ਹੈ ਅਤੇ ਉਸ ਦੀ ਤਫ਼ਤੀਸ਼ ਜਾਰੀ ਹੈ।

ਪੀੜਤ ਦਾ ਇਲਾਜ ਕਰ ਰਹੇ ਡਾਕਟਰ ਨੇ ਦਸਿਆ ਕਿ ਲੜਕੀ ਦੇ ਮੂੰਹ, ਲੱਕ ਅਤੇ ਸਰੀਰ ਦੇ ਹੋਰ ਹਿੱਸਿਆਂ ‘ਤੇ ਸੱਟਾਂ ਦੇ ਨਿਸ਼ਾਨ ਹਨ। ਪੁਲਿਸ ਨੇ ਤਸ਼ੱਦਦ ਦੀ ਖ਼ਬਰ ਨੂੰ ਸਿਰੇ ਤੋਂ ਨਕਾਰਿਆ

Leave a Reply

Your email address will not be published.

Back to top button