ਵੈਸੇ ਤਾਂ ਹਰ ਤਿਉਹਾਰ ਦਾ ਆਪਣਾ ਅਲੱਗ ਹੀ ਆਨੰਦ ਹੁੰਦਾ ਹੈ, ਪਰ ਹੋਲੀ ਹਰੇ, ਪੀਲੇ, ਲਾਲ, ਗੁਲਾਬੀ ਆਦਿ ਰੰਗ ਦਾ ਤਿਉਹਾਰ ਹੈ, ਜਿਸ ਨੂੰ ਹਿੰਦੂ ਧਰਮ ਨੂੰ ਮੰਨਣ ਵਾਲੇ ਲੋਕ ਪੂਰੀ ਦੁਨੀਆ ਵਿਚ ਮਨਾਉਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ 2 ਪਿੰਡ ਅਜਿਹੇ ਹਨ ਜਿੱਥੇ ਲੋਕਾਂ ਨੇ ਪਿਛਲੇ 150-160 ਸਾਲਾਂ ਤੋਂ ਰੰਗਾਂ ਦੀ ਵਰਤੋਂ ਨਹੀਂ ਕੀਤੀ ਹੈ ਭਾਵ ਹੋਲੀ ਦਾ ਤਿਓਹਾਰ ਨਹੀਂ ਮਨਾਇਆ ਹੈ। ਪਿੰਡ ਵਾਸੀਆਂ ਵੱਲੋਂ ਹੋਲੀ ਨਾ ਮਨਾਉਣ ਦਾ ਕਾਰਨ ਦੇਵੀ ਮਾਂ ਦਾ ਪ੍ਰਕੋਪ ਮੰਨਿਆ ਜਾਂਦਾ ਹੈ।
ਕੋਰਬਾ ਜ਼ਿਲ੍ਹੇ ਦਾ ਪਹਿਲਾ ਪਿੰਡ ਖਰਹੜੀ ਹੈ ਜੋ ਮਾਂ ਮੰਡਵਾਰਾਨੀ ਦੇ ਦਰਸ਼ਨੀ ਪਹਾੜਾਂ ਦੇ ਹੇਠਾਂ 35 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਸ ਪਿੰਡ ਵਿੱਚ ਪਿਛਲੇ 150 ਸਾਲਾਂ ਤੋਂ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ। ਜ਼ਿਲ੍ਹੇ ਦਾ ਦੂਜਾ ਪਿੰਡ ਧਮਨਗੁੜੀ ਹੈ ਜੋ ਕਿ ਕੋਰਬਾ ਤੋਂ ਲਗਭਗ 30 ਕਿਲੋਮੀਟਰ ਦੂਰ ਹੈ। ਪਿਛਲੇ 150 ਸਾਲਾਂ ਤੋਂ ਇਸ ਪਿੰਡ ਵਿੱਚ ਕਦੇ ਵੀ ਹੋਲੀਕਾ ਦਹਨ ਨਹੀਂ ਹੋਇਆ ਅਤੇ ਨਾ ਹੀ ਹੋਲੀ ਖੇਡੀ ਗਈ ਹੈ। ਇਸ ਪਿੰਡ ਵਿੱਚ ਇੱਕ ਕਥਾ ਪ੍ਰਚਲਿਤ ਹੈ ਕਿ ਹੋਲੀ ਖੇਡ ਕੇ ਪਿੰਡ ਦੇ ਦੇਵੀ ਦੇਵਤੇ ਗੁੱਸੇ ਹੋ ਜਾਂਦੇ ਹਨ।
ਕੋਰਬਾ ਜ਼ਿਲ੍ਹੇ ਦੇ ਪਿੰਡ ਖਰਹੜੀ ਦੇ ਬਜ਼ੁਰਗਾਂ ਅਨੁਸਾਰ ਕਈ ਸਾਲ ਪਹਿਲਾਂ ਇੱਥੇ ਭਿਆਨਕ ਅੱਗ ਲੱਗ ਗਈ ਸੀ, ਜਿਸ ਕਾਰਨ ਪਿੰਡ ਵਿੱਚ ਸਥਿਤੀ ਬੇਕਾਬੂ ਹੋ ਗਈ ਸੀ ਅਤੇ ਪੂਰੇ ਪਿੰਡ ਵਿੱਚ ਮਹਾਂਮਾਰੀ ਫੈਲ ਗਈ ਸੀ। ਇਸ ਦੌਰਾਨ ਪਿੰਡ ਦੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਅਜਿਹੀ ਸਥਿਤੀ ਵਿੱਚ ਇੱਕ ਦਿਨ ਦੇਵੀ ਮਾਂ ਪਿੰਡ ਦੇ ਇੱਕ ਬੇਗਾ (ਹਕੀਮ) ਦੇ ਸੁਪਨੇ ਵਿੱਚ ਆਈ ਅਤੇ ਉਸਨੇ ਬੇਗਾ ਨੂੰ ਇਸ ਦੁਖਾਂਤ ਤੋਂ ਬਚਣ ਦਾ ਉਪਾਅ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਿੱਚ ਕਦੇ ਵੀ ਹੋਲੀ ਦਾ ਤਿਉਹਾਰ ਨਾ ਮਨਾਇਆ ਜਾਵੇ ਤਾਂ ਇੱਥੇ ਸ਼ਾਂਤੀ ਵਾਪਸ ਆ ਸਕਦੀ ਹੈ। ਉਦੋਂ ਤੋਂ ਇਸ ਪਿੰਡ ਵਿੱਚ ਕਦੇ ਵੀ ਹੋਲੀ ਦਾ ਤਿਉਹਾਰ ਨਹੀਂ ਮਨਾਇਆ ਗਿਆ।