ਯੂਪੀ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਤਿੰਨ ਜਾਨਾਂ ਚਲੀਆਂ ਗਈਆਂ। ਦਰਅਸਲ ਬੀਬੀਡੀ ਖੇਤਰ ਦੇ ਦਯਾਰਾਮ ਕਾ ਪੁਰਵਾ ਵਿੱਚ ਵੀਰਵਾਰ ਸਵੇਰੇ ਉਸ ਸਮੇਂ ਜ਼ੋਰਦਾਰ ਧਮਾਕਾ ਹੋਇਆ ਜਦੋਂ ਘਰ ਦੇ ਅੰਦਰ ਚਾਰਜ ਹੋ ਰਹੇ ਇੱਕ ਈ-ਰਿਕਸ਼ਾ ਦੀਆਂ ਦੋ ਬੈਟਰੀਆਂ ਫਟ ਗਈਆਂ। ਇਸ ਹਾਦਸੇ ‘ਚ 25 ਸਾਲਾਂ ਰੋਲੀ, ਵਿਹੜੇ ‘ਚ ਖੇਡ ਰਿਹਾ ਤਿੰਨ ਸਾਲਾਂ ਪੁੱਤਰ ਕੁੰਜ, 9 ਸਾਲਾਂ ਭਤੀਜੀ ਰੀਆ, ਪ੍ਰਿਆ ਅਤੇ ਪਤੀ ਅੰਕਿਤ ਝੁਲਸ ਗਏ।
ਪੰਜਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਰੋਲੀ, ਕੁੰਜ ਅਤੇ ਰੀਆ ਦੀ ਮੌਤ ਹੋ ਗਈ। ਜਦਕਿ ਅੰਕਿਤ ਅਤੇ ਪ੍ਰਿਆ ਗੰਭੀਰ ਹਾਲਤ ‘ਚ ਦਾਖਲ ਹਨ। ਅੰਕਿਤ ਮੂਲ ਤੌਰ ‘ਤੇ ਬਾਰਾਬੰਕੀ ਦੇ ਗੋਸਾਈਂਪੁਰਵਾ ਮੁਹੰਮਦਪੁਰ ਖਾਲਾ ਦਾ ਰਹਿਣ ਵਾਲਾ ਹੈ।
ਇੱਥੇ ਉਹ ਆਪਣੇ ਪਰਿਵਾਰ ਨਾਲ ਅਯੁੱਧਿਆ ਰੋਡ ‘ਤੇ ਬੀਬੀਡੀ ਇਲਾਕੇ ‘ਚ ਦਯਾਰਾਮ ਕਾ ਪੁਰਵਾ ‘ਚ ਕਿਰਾਏ ਦੇ ਮਕਾਨ ‘ਚ ਰਹਿੰਦਾ ਹੈ। ਅੰਕਿਤ ਇੱਕ ਈ-ਰਿਕਸ਼ਾ ਚਲਾਉਂਦਾ ਹੈ। ਵੀਰਵਾਰ ਸਵੇਰੇ ਅੰਕਿਤ ਨੇ ਈ-ਰਿਕਸ਼ਾ ਦੀਆਂ ਦੋ ਬੈਟਰੀਆਂ ਚਾਰਜਿੰਗ ‘ਤੇ ਲਗਾ ਦਿੱਤੀਆਂ ਸਨ। ਰੋਲੀ ਸਵੇਰੇ ਛੇ ਵਜੇ ਦੇ ਕਰੀਬ ਫਰਸ਼ ਦੀ ਸਫ਼ਾਈ ਕਰ ਰਹੀ ਸੀ। ਪੁੱਤਰ ਕੁੰਜ ਤੇ ਭਤੀਜੀ ਰੀਆ, ਪ੍ਰਿਆ ਖੇਡ ਰਹੇ ਸਨ।
ਅੰਕਿਤ ਉੱਥੇ ਕੋਈ ਕੰਮ ਕਰ ਰਿਹਾ ਸੀ। ਇਸ ਦੌਰਾਨ ਚਾਰਜਿੰਗ ‘ਤੇ ਮੌਜੂਦ ਦੋਵੇਂ ਬੈਟਰੀਆਂ ਜ਼ੋਰਦਾਰ ਧਮਾਕੇ ਨਾਲ ਫਟ ਗਈਆਂ। ਬੈਟਰੀਆਂ ‘ਚੋਂ ਤੇਜ਼ਾਬ ਨਿਕਲਣ ਕਾਰਨ ਘਰ ਦੇ ਪੰਜੇ ਵਿਅਕਤੀ ਗੰਭੀਰ ਰੂਪ ‘ਚ ਝੁਲਸ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਦੌੜ ਆਏ। ਲੋਕਾਂ ਨੇ ਤੁਰੰਤ ਪੰਜਾਂ ਜ਼ਖ਼ਮੀਆਂ ਨੂੰ ਈ-ਰਿਕਸ਼ਾ ਰਾਹੀਂ ਨਿੱਜੀ ਹਸਪਤਾਲ ਪਹੁੰਚਾਇਆ। ਜਿੱਥੇ ਰੋਲੀ, ਕੁੰਜ ਅਤੇ ਰਿਆ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।