
ਉੱਤਰ-ਪੂਰਬੀ ਦਿੱਲੀ ਦੇ ਭਜਨਪੁਰਾ ਇਲਾਕੇ ’ਚ ਈ-ਕਾਮਰਸ ਕੰਪਨੀ ਐਮੇਜ਼ੋਨ ਦੇ ਸੀਨੀਅਰ ਮੈਨੇਜਰ ਦਾ ਗੋਲੀ ਮਾਰ ਕੇ ਕਥਿਤ ਤੌਰ ’ਤੇ ਕਤਲ ਕਰ ਦਿਤਾ ਗਿਆ। ਪੁਲਿਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ।
ਪੁਲਿਸ ਨੇ ਦੱਸਿਆ ਕਿ ਵਾਰਦਾਤ ਮੰਗਲਵਾਰ ਰਾਤ ਲਗਭਗ 11:40 ਵਜੇ ਵਾਪਰੀ। ਸੁਭਾਸ਼ ਵਿਹਾਰ ’ਚ ਪੰਜ ਅਣਪਛਾਤੇ ਲੋਕਾਂ ਨੇ ਹਰਪ੍ਰੀਤ ਗਿੱਲ (36) ਅਤੇ ਉਸ ਦੇ ਦੋਸਤ ਗੋਵਿੰਦ ਸਿੰਘ (32) ’ਤੇ ਗੋਲੀਆਂ ਚਲਾ ਦਿਤੀਆਂ।
ਪੁਲਿਸ ਨੇ ਦੱਸਿਆ ਕਿ ਸਿਰ ’ਚ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਗਿੱਲ ਨੂੰ ਜਗ ਪ੍ਰਦੇਸ਼ ਚੰਦਰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਉਨ੍ਹਾਂ ਦੇ ਦੋਸਤ ਦਾ ਇਲਾਜ ਚੱਲ ਰਿਹਾ ਹੈ।
ਪੁਲਿਸ ਉਪ ਕਮਿਸ਼ਨਰ (ਉੱਤਰ-ਪੂਰਬ) ਜੌਏ ਟਿਰਕੀ ਨੇ ਕਿਹਾ ਕਿ ਗਿੱਲ ਭਜਨਪੁਰਾ ਦੇ ਰਹਿਣ ਵਾਲੇ ਸਨ ਅਤੇ ਐਮੇਜ਼ੋਨ ਕੰਪਨੀ ’ਚ ਸੀਨੀਅਰ ਮੈਨੇਜਰ ਵਜੋਂ ਕੰਮ ਕਰਦੇ ਸਨ। ਗੋਲ਼ੀ ਉਨ੍ਹਾਂ ਦੇ ਸਿਰ ਦੇ ਸੱਜੇ ਪਾਸੇ ਤੋਂ ਕੰਨ ਪਿੱਛੇ ਵੜੀ ਅਤੇ ਦੂਜੇ ਪਾਸਿਓਂ ਪਾਰ ਹੋ ਗਈ।