
ਨਕੋਦਰ ਅਧੀਨ ਪੈਂਦੀ ਪੁਲਿਸ ਚੌਕੀ ਉੱਗੀ ਵਿਖੇ ਤਾਇਨਾਤ ਚੌਕੀ ਉੱਗੀ ਦੇ ਇੰਚਾਰਜ ਏਐੱਸਆਈ ਜੰਗ ਬਹਾਦਰ ਸਿੰਘ ਨੂੰ ਕਤਲ ਕੇਸ ‘ਚ ਸਮੇਂ ਸਿਰ ਚਾਲਾਨ ਪੇਸ਼ ਨਾ ਕਰਨ ਕਰਕੇ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐੱਸਪੀ ਨਕੋਦਰ ਸਖਪਾਲ ਸਿੰਘ ਨੇ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ ਕੁਲਜਿੰਦਰ ਸਿੰਘ ਵਾਸੀ ਲੱਧੇਵਾਲੀ ਦਾ ਜੋ ਕਤਲ ਹੋਇਆ ਸੀ, ਉਸ ਸਬੰਧੀ ਗਿ੍ਫਤਾਰ ਕੀਤੇ ਗਏ ਮੁਲਜ਼ਮਾਂ ਵਿਰੁੱਧ 90 ਦਿਨਾਂ ਦੇ ਅੰਦਰ ਚਾਲਾਨ ਪੇਸ਼ ਕਰਨਾ ਸੀ। ਉਕਤ ਏਐੱਸਆਈ ਨੇ ਸਮਾਂ ਬੀਤਣ ਤੋਂ ਬਾਅਦ ਅਦਾਲਤ ‘ਚ ਚਲਾਨ ਪੇਸ਼ ਕੀਤਾ।
ਇਸ ਸਬੰਧੀ ਮਿ੍ਤਕ ਦੇ ਵਾਰਸਾਂ ਵੱਲੋਂ ਐੱਸਪੀਡੀ ਨੂੰ ਦਰਖਾਸਤ ਦਿੱਤੀ ਗਈ ਸੀ, ਜਿਸ ਕਰਕੇ ਚੌਕੀ ਇੰਚਾਰਜ ਨੂੰ ਮੁਅੱਤਲ ਕੀਤਾ ਗਿਆ ਹੈ। ਮਿ੍ਤਕ ਕੁਲਜਿੰਦਰ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨਾਂ੍ਹ ਨੇ ਐੱਸਪੀਡੀ ਜਲੰਧਰ ਨੂੰ ਦਰਖਾਸਤ ਦਿੱਤੀ ਸੀ ਕਿ ਉਕਤ ਏਐੱਸਆਈ ਨੇ ਕਾਤਲਾਂ ਤੋਂ ਪੈਸੇ ਲੈ ਕੇ ਸਮੇਂ ਸਿਰ ਚਾਲਾਨ ਅਦਾਲਤ ‘ਚ ਪੇਸ਼ ਨਹੀਂ ਕੀਤਾ। ਇਸ ਕਾਰਨ ਮੁੱਖ ਮੁਲਜ਼ਮ ਦੀ ਜ਼ਮਾਨਤ ਹੋ ਗਈ ਤੇ ਬਾਕੀ ਰਹਿੰਦੇ ਮੁਲਜ਼ਮ ਵੀ ਗਿ੍ਫਤਾਰ ਨਹੀਂ ਕੀਤੇ ਗਏ। ਮਿ੍ਤਕ ਦੇ ਵਾਰਸਾਂ ਵੱਲੋਂ ਐੱਸਪੀਡੀ ਨੂੰ ਸ਼ਿਕਾਇਤ ਕਰਨ ਮਗਰੋਂ ਪੁਲਿਸ ਵਿਭਾਗ ਵੱਲੋਂ ਜਾਂਚ ਕਰਨ ਉਪਰੰਤ ਜੰਗ ਬਹਾਦਰ ਸਿੰਘ ਨੂੰ ਨੌਕਰੀ ਤੋਂ ਮੁਅੱਤਲ ਕੀਤਾ ਗਿਆ ਹੈ।