ਅੰਮ੍ਰਿਤਸਰ / ਕਮਲਜੀਤ ਸਿੰਘ
ਅੰਮ੍ਰਿਤਸਰ ‘ਚ ਇੱਕ ਨੌਜਵਾਨ ਨੇ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਖੂਨ ਨਾਲ ਲੱਥਪੱਥ ਲਾਸ਼ਾਂ ਨੂੰ ਘਰ ‘ਚ ਛੱਡ ਕੇ ਉਹ ਸਿੱਧਾ ਥਾਣੇ ਗਿਆ ਅਤੇ ਆਤਮ ਸਮਰਪਣ ਕਰ ਦਿੱਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕਾਂ ਦੀ ਪਛਾਣ ਮਨਬੀਰ ਕੌਰ (ਮਾਂ), ਅਵਨੀਤ ਕੌਰ (ਭੈਣ) ਅਤੇ ਸਮਰਥ (ਭਤੀਜਾ) ਵਾਸੀ ਕੰਦੋਵਾਲੀਆ ਕਸਬਾ ਅਜਨਾਲਾ ਵਜੋਂ ਹੋਈ ਹੈ। ਮੁਲਜ਼ਮ ਦੀ ਪਛਾਣ 35 ਸਾਲਾ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਉਹ ਏਅਰਪੋਰਟ ‘ਤੇ ਕੰਮ ਕਰਦਾ ਸੀ ਤੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਡੀਐਸਪੀ ਤਜਿੰਦਰਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਪਤਨੀ ਅਤੇ ਦੋ ਬੱਚੇ ਹਨ, ਜੋ ਘਰੋਂ ਚਲੇ ਗਏ ਸਨ। ਉਹ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਸੀ। ਸ਼ੁਰੂਆਤੀ ਜਾਂਚ ‘ਚ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਸ ਨੇ ਮਾਨਸਿਕ ਤਣਾਅ ਕਾਰਨ ਆਪਣੀ ਮਾਂ, ਭਰਜਾਈ ਅਤੇ ਬੱਚੇ ਦਾ ਕਤਲ ਕੀਤਾ ਹੈ। ਵਾਰਦਾਤ ‘ਚ ਵਰਤਿਆ ਗਿਆ ਤੇਜ਼ਧਾਰ ਹਥਿਆਰ (ਦਾਤਾਰ) ਬਰਾਮਦ ਕੀਤਾ ਗਿਆ ਹੈ।
ਪੁਲਿਸ ਮੁਤਾਬਕ, ਰਾਤ ਸਮੇਂ ਮੁਲਜ਼ਮ ਨੇ ਮਾਂ, ਭਰਜਾਈ ਅਤੇ ਭਤੀਜੇ ਨੂੰ ਦਾਤਰ ਨਾਲ ਵੱਢਿਆ। ਮਾਂ ਬਾਹਰ ਵਰਾਂਡੇ ਵਿੱਚ ਸੁੱਤੀ ਹੋਈ ਸੀ, ਜਦੋਂ ਕਿ ਅਵਨੀਤ ਕੌਰ ਅਤੇ ਸਮਰਥ ਕਮਰੇ ਵਿੱਚ ਸੌਂ ਰਹੇ ਸਨ। ਜਿਸ ਤਰ੍ਹਾਂ ਕਤਲ ਨੂੰ ਅੰਜਾਮ ਦਿੱਤਾ ਗਿਆ, ਉਸ ਤੋਂ ਸਾਫ਼ ਹੈ ਕਿ ਉਸ ਨੇ ਸੌਂ ਰਹੀ ਮਾਂ ‘ਤੇ ਹਮਲਾ ਕੀਤਾ ਸੀ। ਆਵਾਜ਼ ਸੁਣ ਕੇ ਭਾਬੀ ਅਵਨੀਤ ਬਾਹਰ ਆਉਣ ਲੱਗੀ ਅਤੇ ਉਸ ਨੇ ਉਸ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਤਰ੍ਹਾਂ ਅਵਨੀਤ ਨੂੰ ਵੱਢਿਆ ਗਿਆ, ਉਸ ਤੋਂ ਸਾਫ਼ ਹੈ ਕਿ ਉਸ ਨੇ ਮੁਲਜ਼ਮ ਦਾ ਵਿਰੋਧ ਕੀਤਾ ਸੀ। ਉਸ ਨੇ ਬੱਚੇ ਦਾ ਕਤਲ ਉਸ ਸਮੇਂ ਕੀਤਾ ਜਦੋਂ ਉਹ ਸੌਂ ਰਿਹਾ ਸੀ।